ਵਿਜੀਲੈਂਸ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ ਹੇਠ ਏਐੱਸਆਈ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਜੂਨ
ਸਮਰਾਲਾ ਦੇ ਨੀਲੋਂ ਪੁਲ ਦੇ ਕੋਲ 2021 ਨੂੰ ਵਾਪਰੇ ਸੜਕ ਹਾਦਸੇ ’ਚ ਨਾਮਜ਼ਦ ਦੋ ਮੁਲਜ਼ਮਾਂ ਨੂੰ ਬਰੀ ਕਰਨ ਬਦਲੇ 18 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਵਾਲੇ ਪੰਜਾਬ ਪੁਲੀਸ ਦੇ ਏਐੱਸਆਈ ਸਿਕੰਦਰ ਰਾਜ ਨੂੰ ਵਿਜੀਲੈਂਸ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਰਿਸ਼ਵਤ ਮੰਗਣ ਦੀ ਰਿਕਾਰਡਿੰਗ ਤੇ ਹੋਰ ਸਬੂਤ ਸਾਹਮਣੇ ਆਉਣ ਤੋਂ ਬਾਅਦ ਵਿਜੀਲੈਂਸ ਨੇ ਦੋਰਾਹਾ ਅਧੀਨ ਪੈਂਦੇ ਥਾਣਾ ਸਮਰਾਲਾ ’ਚ ਤਾਇਨਾਤ ਏਐੱਸਆਈ ਖ਼ਿਲਾਫ਼ ਇਹ ਕਾਰਵਾਈ ਕੀਤੀ ਹੈ। ਰਵਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਏਐੱਸਆਈ ਖਿਲਾਫ਼ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਏਐੱਸਆਈ ਸਿਕੰਦਰ ਰਾਜ 2021 ਵਿੱਚ ਸਮਰਾਲਾ ’ਚ ਤਾਇਨਾਤ ਸੀ। ਇਸ ਦੌਰਾਨ ਸ਼ਿਕਾਇਤਕਰਤਾ ਰਵਿੰਦਰ ਸਿੰਘ ਕੋਲ ਕੰਮ ਕਰਨ ਵਾਲੇ ਡਰਾਈਵਰ ਖਡੂਰ ਸਾਹਿਬ ਦੇ ਰਾਜਦੀਪ ਸਿੰਘ ਤੇ ਸੰਜੈ ਗਾਂਧੀ ਕਲੋਨੀ ਵਾਸੀ ਹੈਲਪਰ ਬਿਰਜੂ 13 ਮਾਰਚ 2021 ਨੂੰ ਨੀਲੋਂ ਪੁਲ ਸਮਰਾਲਾ ’ਚ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਏਐੱਸਆਈ ਸਿਕੰਦਰ ਰਾਜ ਨੇ ਸ਼ਿਕਾਇਤਕਰਤਾ ਤੋਂ ਉਸ ਦੇ ਚਾਲਕ ਨੂੰ ਜ਼ਮਾਨਤ ਦਿਵਾਉਣ, ਉਸ ਦੀ ਗੱਡੀ ’ਚ ਪਿਆ ਸਾਮਾਨ ਛੱਡਣ ਅਤੇ ਦਰਜ ਹੋਏ ਹਾਦਸੇ ਦੇ ਕੇਸ ’ਚੋਂ ਬਰੀ ਕਰਵਾਉਣ ਬਦਲੇ 20 ਹਜ਼ਾਰ ਦੀ ਰਿਸ਼ਵਤ ਮੰਗੀ ਸੀ। ਬਾਅਦ ’ਚ ਸੌਦਾ 18 ਹਜ਼ਾਰ ’ਚ ਤੈਅ ਹੋਇਆ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੁਲੀਸ ਕਰਮੀ ਵੱਲੋਂ ਰਿਸ਼ਵਤ ਮੰਗਦਿਆਂ ਦੀ ਗੱਲਬਾਤ ਰਿਕਾਰਡ ਕਰ ਲਈ ਤੇ ਸਬੂਤ ਵਜੋਂ ਵਿਜੀਲੈਂਸ ਨੂੰ ਦੇ ਦਿੱਤੀ। ਇਸ ਮਗਰੋਂ ਏਐੱਸਆਈ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ।