ਅਸ਼ਵਨੀ ਗੁਪਤਾ ਮੈਮੋਰੀਅਲ ਆਲ ਇੰਡੀਆ ਸਬ-ਜੂਨੀਅਰ ਬੈਡਮਿੰਟਨ ਟੂਰਨਾਮੈਂਟ ਸ਼ੁਰੂ
ਪੱਤਰ ਪ੍ਰੇਰਕ
ਪੰਚਕੂਲਾ 11 ਜੂਨ
ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਇੱਥੇ ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ਵਿੱਚ ਯੋਨੈਕਸ-ਸਨਰਾਈਜ਼ ਦੂਜੇ ਅਸ਼ਵਨੀ ਗੁਪਤਾ ਮੈਮੋਰੀਅਲ ਆਲ ਇੰਡੀਆ ਸਬ- ਜੂਨੀਅਰ (ਅੰਡਰ-15, ਅੰਡਰ-17) ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦਾ ਉਦਘਾਟਨ ਕੀਤਾ।
ਇਸ ਦੌਰਾਨ ਸੰਬੋਧਨ ਕਰਦਿਆਂ ਰਾਜਪਾਲ ਨੇ ਨੌਜਵਾਨਾਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਭਾਰਤ ਵਿੱਚ ਖੇਡਾਂ ਦੇ ਇਤਿਹਾਸਕ ਮਹੱਤਵ ਨੂੰ ਉਜਾਗਰ ਕਰਦੇ ਹੋਏ ਰਾਜਪਾਲ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਖੇਡਾਂ ਦਾ ਅਭਿਆਸ ਵੈਦਿਕ ਯੁੱਗ ਤੋਂ ਪੁਰਾਣਾ ਹੈ ਅਤੇ ਉਦੋਂ ਤੋਂ ਇਹ ਦੇਸ਼ ਦੀ ਖੁਸ਼ਹਾਲੀ ਤੇ ਸੱਭਿਆਚਾਰ ਦਾ ਹਿੱਸਾ ਰਿਹਾ ਹੈ। ਇਸ ਤੋਂ ਪਹਿਲਾਂ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਰਾਜਪਾਲ ਦਾ ਸਵਾਗਤ ਕਰਦੇ ਹੋਏ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਸ੍ਰੀ ਗੁਪਤਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਦੇਸ਼ ਭਰ ਤੋਂ 2800 ਦੇ ਕਰੀਬ ਖਿਡਾਰੀ ਭਾਗ ਲੈ ਰਹੇ ਹਨ। ਪਹਿਲੀ ਵਾਰ ਖਿਡਾਰੀਆਂ ਦੀ ਐਨੀ ਵੱਡੀ ਸ਼ਮੂਲੀਅਤ ਦੇਖਣ ਨੂੰ ਮਿਲੀ ਹੈ। ਮੁੱਖ ਮਹਿਮਾਨ ਸ੍ਰੀ ਪੁਰੋਹਿਤ ਨੇ ਇਸ ਮੌਕੇ ਅਨੁਪਮਾ ਉਪਾਧਿਆਏ, ਉੱਨਤੀ ਹੁੱਡਾ, ਦੇਵਿਕਾ ਸਿਹਾਗ, ਅਨਮੋਲ ਖਰਬ, ਮਨਰਾਜ ਸਿੰਘ ਅਤੇ ਮਯੰਕ ਰਾਣਾ ਵਰਗੇ ਹੋਣਹਾਰ ਬੈਡਮਿੰਟਨ ਖਿਡਾਰੀਆਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ, ਡਿਪਟੀ ਕਮਿਸ਼ਨਰ ਡਾ. ਪ੍ਰਿਅੰਕਾ ਸੋਨੀ, ਸਾਬਕਾ ਵਿਧਾਇਕਾ ਲਤਿਕਾ ਸ਼ਰਮਾ, ਹਰਿਆਣਾ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੈ ਕੁਮਾਰ, ਸਪੋਰਟਸ ਪ੍ਰਮੋਸ਼ਨ ਸੁਸਾਇਟੀ ਪੰਚਕੂਲਾ ਦੇ ਪ੍ਰਧਾਨ ਡੀ.ਪੀ. ਸੋਨੀ ਅਤੇ ਹੋਰ ਅਧਿਕਾਰੀ ਤੇ ਪਤਵੰਤੇ ਵੀ ਹਾਜ਼ਰ ਸਨ।