ਅਸ਼ਿਵਨ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਿਆ
* ਭਾਰਤ ਲਈ ਕੁੰਬਲੇ ਤੋਂ ਬਾਅਦ ਟੈਸਟ ’ਚ ਸਭ ਤੋਂ ਵੱਧ 537 ਵਿਕਟ ਲਈਆਂ
* ਕਲੱਬ ਕ੍ਰਿਕਟ ਖੇਡਣਾ ਜਾਰੀ ਰੱਖੇਗਾ ਆਫ ਸਪਿੰਨਰ
ਬ੍ਰਿਸਬਨ, 18 ਦਸੰਬਰ
ਭਾਰਤ ਦੇ ਤਜਰਬੇਕਾਰ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਅੱਜ ਆਸਟਰੇਲੀਆ ਖ਼ਿਲਾਫ਼ ਟੈਸਟ ਲੜੀ ਦੇ ਵਿਚਾਲੇ ਤੁਰੰਤ ਪ੍ਰਭਾਵ ਨਾਲ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਕੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ। 38 ਸਾਲਾ ਅਸ਼ਵਿਨ ਨੇ ਭਾਰਤ ਲਈ ਅਨਿਲ ਕੁੰਬਲੇ (619 ਵਿਕਟਾਂ) ਤੋਂ ਬਾਅਦ 106 ਮੈਚਾਂ ਵਿੱਚ ਸਭ ਤੋਂ ਵੱਧ 537 ਟੈਸਟ ਵਿਕਟਾਂ ਲਈਆਂ ਹਨ। ਅਸ਼ਵਿਨ ਨੇ ਭਾਰਤ ਲਈ 116 ਇੱਕ ਰੋਜ਼ਾ ਮੈਚਾਂ ਵਿੱਚ 156 ਵਿਕਟਾਂ, ਜਦਕਿ 65 ਟੀ-20 ਮੈਚਾਂ ਵਿਚ 72 ਵਿਕਟਾਂ ਲਈਆਂ ਹਨ। ਉਸ ਨੇ 2010 ਵਿੱਚ ਪਹਿਲਾ ਇੱਕ ਰੋਜ਼ਾ ਅਤੇ 2011 ਵਿੱਚ ਪਹਿਲਾ ਟੈਸਟ ਮੈਚ ਖੇਡਿਆ ਸੀ। ਅਗਲੇ ਸਾਲ ਆਈਪੀਐਲ ਵਿੱਚ ਚੇਨੱਈ ਸੁਪਰ ਕਿੰਗਜ਼ ਲਈ ਵਾਪਸੀ ਕਰਨ ਵਾਲਾ ਅਸ਼ਵਿਨ ਕਲੱਬ ਕ੍ਰਿਕਟ ਖੇਡਣਾ ਜਾਰੀ ਰੱਖੇਗਾ। ਉਹ ਸੀਮਤ ਓਵਰਾਂ ਦੇ ਫਾਰਮੈਟਾਂ ਵਿੱਚ 2011 ਵਿਸ਼ਵ ਕੱਪ ਅਤੇ 2013 ਦੀ ਚੈਂਪੀਅਨਜ਼ ਟਰਾਫੀ ਜੇਤੂ ਟੀਮ ਦਾ ਹਿੱਸਾ ਸੀ। ਅਸ਼ਵਿਨ ਨੇ ਬ੍ਰਿਸਬਨ ਵਿੱਚ ਟੈਸਟ ਡਰਾਅ ਰਹਿਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨਾਲ ਪ੍ਰੈੱਸ ਕਾਨਫਰੰਸ ’ਚ ਕਿਹਾ, ‘ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਂਗਾ। ਭਾਰਤੀ ਟੀਮ ਲਈ ਕ੍ਰਿਕਟਰ ਵਜੋਂ ਇਹ ਮੇਰਾ ਆਖਰੀ ਦਿਨ ਹੈ।’ -ਪੀਟੀਆਈ
ਸੰਨਿਆਸ ਦਾ ਐਲਾਨ ਕਰਨ ਤੋਂ ਪਹਿਲਾਂ ਅਸ਼ਿਵਨ ਹੋਇਆ ਭਾਵੁਕ
ਸੰਨਿਆਸ ਦਾ ਐਲਾਨ ਕਰਨ ਤੋਂ ਪਹਿਲਾਂ ਰਵੀਚੰਦਰਨ ਅਸ਼ਿਵਨ ਨੂੰ ਡਰੈਸਿੰਗ ਰੂਮ ’ਚ ਸਾਥੀ ਖਿਡਾਰੀ ਵਿਰਾਟ ਕੋਹਲੀ ਨਾਲ ਭਾਵੁਕ ਹੁੰਦਿਆਂ ਦੇਖਿਆ ਗਿਆ। ਕੋਹਲੀ ਨੇ ਉਸ ਦੇ ਮੋਢੇ ’ਤੇ ਹੱਥ ਰੱਖਿਆ ਸੀ ਅਤੇ ਅਸ਼ਵਿਨ ਨੂੰ ਅੱਖਾਂ ਪੂੰਝਦਿਆਂ ਦੇਖਿਆ ਗਿਆ। ਅਸ਼ਵਿਨ ਨੇ ਆਪਣਾ ਆਖਰੀ ਟੈਸਟ ਮੈਚ ਐਡੀਲੇਡ ’ਚ ਖੇਡਿਆ ਸੀ, ਜਿਸ ਵਿੱਚ ਉਸ ਨੇ ਇੱਕ ਵਿਕਟ ਲਈ ਸੀ।