ਮੁਹਾਲੀ ਵਿੱਚ ਅਸ਼ਟਾਮ ਪੇਪਰ ਨਹੀਂ ਮਿਲਦੇ: ਬੇਦੀ
ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 15 ਜਨਵਰੀ
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰ-ਘਰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਹੁਕਮਰਾਨ ਪੈਰ-ਪੈਰ ’ਤੇ ਝੂਠ ਬੋਲ ਕੇ ਡੰਗ ਟਪਾ ਰਹੇ ਹਨ। ਅੱਜ ਇੱਥੇ ਕੁਲਜੀਤ ਬੇਦੀ ਨੇ ਕਿਹਾ ਕਿ ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਵਿਆਹ ਦੀ ਰਜਿਸਟਰੇਸ਼ਨ ਕਰਵਾਉਣ ਲਈ ਅਸ਼ਟਾਮ ਪੇਪਰ ਹੀ ਉਪਲੱਬਧ ਨਹੀਂ ਹਨ। ਵਿਆਹ ਦੀ ਰਜਿਸਟਰੇਸ਼ਨ ਲਈ 1500 ਦੇ ਅਸ਼ਟਾਮ ਪੇਪਰਾਂ ਦੀ ਲੋੜ ਹੁੰਦੀ ਹੈ। ਜਦੋਂ ਲੋਕ ਮੁਹਾਲੀ ਤਹਿਸੀਲ ਵਿੱਚ ਰਜਿਸਟਰੇਸ਼ਨ ਲਈ ਜਾਂਦੇ ਹਨ ਤਾਂ ਉੱਥੇ ਅਸ਼ਟਾਮ ਪੇਪਰ ਨਹੀਂ ਮਿਲਦੇ। ਡਿਪਟੀ ਮੇਅਰ ਨੇ ਕਿਹਾ ਕਿ ਮੁਹਾਲੀ ਵਿੱਚ ਅਸ਼ਟਾਮ ਪੇਪਰ ਵੇਚਣ ਵਾਲੇ ਵੈਂਡਰ ਦੱਸਦੇ ਹਨ ਕਿ ਉਹ ਪਿਛਲੇ ਚਾਰ ਮਹੀਨੇ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਅਜਿਹੇ ਵਿੱਚ ਲੋਕਾਂ ਨੂੰ ਗੁਆਂਢੀ ਜ਼ਿਲ੍ਹੇ ਫਤਹਿਗੜ੍ਹ ਸਾਹਿਬ ਜਾਂ ਰੂਪਨਗਰ ’ਚੋਂ ਅਸ਼ਟਾਮ ਪੇਪਰ ਲਿਆਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਲੋਕਾਂ ਦਾ ਪੈਸਾ ਅਤੇ ਸਮੇਂ ਦੀ ਬਰਬਾਦੀ ਹੁੰਦੀ ਹੈ।