ਜਾਇਦਾਦ ਤਬਦੀਲ ਕਰਨ ’ਤੇ ਅਸ਼ਟਾਮ ਡਿਊਟੀ ਲਾਉਣੀ ਮੰਦਭਾਗੀ: ਮਜੀਠੀਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਫਰਵਰੀ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਮੁਖ਼ਤਾਰਨਾਮਿਆਂ ਰਾਹੀਂ ਜਾਇਦਾਦ ਦੀ ਮਲਕੀਅਤ ਤਬਦੀਲ ਕਰਨ ਅਤੇ ਬੈਂਕਾਂ ਵੱਲੋਂ ਦਿੱਤੇ ਜਾਂਦੇ ਘਰੇਲੂ ਤੇ ਵਾਹਨ ਖਰੀਦਣ ਦੇ ਕਰਜ਼ਿਆਂ ’ਤੇ ਅਸ਼ਟਾਮ ਡਿਊਟੀ ਲਾਉਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਨ੍ਹਾਂ ਫ਼ੈਸਲਿਆਂ ਨਾਲ ਪੰਜਾਬ ਦੇ ਆਮ ਲੋਕਾਂ ’ਤੇ 1000 ਕਰੋੜ ਰੁਪਏ ਦਾ ਬੋਝ ਪਵੇਗਾ ਜਦਕਿ ਲੋਕ ਪਹਿਲਾਂ ਹੀ ਪੈਟਰੋਲ ਤੇ ਡੀਜ਼ਲ ’ਤੇ ਲੱਗੇ ਵੈਟ ਦਾ ਖਮਿਆਜ਼ਾ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਲੋਕਾਂ ’ਤੇ ਨਿਵੇਕਲੀ ਕਿਸਮ ਦੇ ਟੈਕਸ ਲਗਾ ਕੇ ਬੋਝ ਪਾਉਣ ਲੱਗੀ ਹੋਈ ਹੈ। ਮਜੀਠੀਆ ਮੁਤਾਬਕ ‘ਆਪ’ ਸਰਕਾਰ ਰੋਜ਼ਾਨਾ ਆਮ ਆਦਮੀ ’ਤੇ ਟੈਕਸ ਥੋਪਣ ਦੇ ਨਵੇਂ-ਨਵੇਂ ਢੰਗ ਤਰੀਕੇ ਲੱਭ ਰਹੀ ਹੈ। ਸੂਬਾ ਸਰਕਾਰ ਨੇ ਭਾਰਤੀ ਅਸ਼ਟਾਮ ਐਕਟ ’ਚ ਸੋਧ ਕਰ ਕੇ ਬੈਂਕਾਂ ਦੇ ਨਾਲ-ਨਾਲ ਕਰਜ਼ੇ ਦੇਣ ਵਾਲੀਆਂ ਕੰਪਨੀਆਂ ਵੱਲੋਂ ਦਿੱਤੇ ਜਾਂਦੇ ਕਰਜ਼ ’ਤੇ 0.25 ਫੀਸਦੀ ਅਸ਼ਟਾਮ ਡਿਊਟੀ ਲਾ ਦਿੱਤੀ ਹੈ।
ਇਸ ਨਾਲ ਵਾਹਨ ਅਤੇ ਘਰੇਲੂ ਕਰਜ਼ਾ ਦੋਵੇਂ ਮਹਿੰਗੇ ਹੋ ਜਾਣਗੇ। ਮਜੀਠੀਆ ਨੇ ਮੰਗ ਕੀਤੀ ਕਿ ਭਾਰਤੀ ਅਸ਼ਟਾਮ ਐਕਟ ਤੇ ਰਜਿਸਟਰੇਸ਼ਨ ਬਿੱਲ ਰਾਹੀਂ ਲਾਈ ਗਈ ਅਸ਼ਟਾਮ ਡਿਊਟੀ ਤੁਰੰਤ ਵਾਪਸ ਲਈ ਜਾਵੇ।