For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ਅਸ਼ੋਕ ਤੰਵਰ ਦੀ ਪਤਨੀ ਦਾ ਵਿਰੋਧ

11:50 AM May 01, 2024 IST
ਕਿਸਾਨਾਂ ਵੱਲੋਂ ਅਸ਼ੋਕ ਤੰਵਰ ਦੀ ਪਤਨੀ ਦਾ ਵਿਰੋਧ
ਡੱਬਵਾਲੀ ਹਲਕੇ ’ਚ ਭਾਜਪਾ ਆਗੂਆਂ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ।
Advertisement

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 30 ਅਪਰੈਲ
ਸਿਰਸਾ ਤੋਂ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਦੀ ਪਤਨੀ ਅਵੰਤਿਕਾ ਤੰਵਰ ਅਤੇ ਹਰਿਆਣਾ ਖੇਤੀਬਾੜੀ ਮੰਡੀਕਰਨ ਬੋਰਡ ਦੇ ਚੇਅਰਮੈਨ ਅਦਿੱਤਿਆ ਦੇਵੀਲਾਲ ਨੂੰ ਅੱਜ ਹਲਕੇ ਦੇ ਕਈ ਪਿੰਡਾਂ ‘ਚ ਕਿਸਾਨ ਵਿਰੋਧ ਕਾਰਨ ਰਸਤੇ ਬਦਲ-ਬਦਲ ਕੇ ਨਿਕਲਣਾ ਪਿਆ। ਕਿਸਾਨਾਂ ਦਾ ਦੋਸ਼ ਹੈ ਕਿ ਪਿੰਡ ਦੇਸੂਜੋਧਾ ਵਿੱਚ ਪੁਲੀਸ ਅਤੇ ਭਾਜਪਾ ਕਾਰਕੁਨਾਂ ਵੱਲੋਂ ਕਿਸਾਨਾਂ ਨਾਲ ਕਥਿਤ ਧੱਕਾ-ਮੁੱਕੀ ਕੀਤੀ ਗਈ ਜਿਸ ਦੌਰਾਨ ਬਜ਼ੁਰਗ ਕਿਸਾਨ ਨਛੱਤਰ ਸਿੰਘ ਵਾਸੀ ਮਾਂਗੇਆਣਾ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਕਿਸਾਨਾਂ ਨੇ ਪਿੰਡ ਜੋਗੇਵਾਲਾ, ਦੇਸੂਜੋਧਾ, ਫੁੱਲੋ ਤੇ ਚੱਠਾ ਵਿੱਚ ਭਾਜਪਾ ਆਗੂਆਂ ਸੁਆਲ ਪੁੱਛਦਿਆਂ ਜ਼ੋਰਦਾਰ ਵਿਰੋਧ ਕੀਤਾ। ਵਿਰੋਧ ਕਾਰਨ ਭਾਜਪਾ ਆਗੂ ਅਵੰਤਿਕਾ ਤੰਵਰ ਅਤੇ ਅਦਿੱਤਿਆ ਦੇਵੀਲਾਲ ਨੇ ਕਿਸਾਨ ਸੁਆਲਾਂ ਤੋਂ ਬਚਦਿਆਂ ਗੱਡੀਆਂ ਵਿੱਚ ਬੈਠੇ ਰਹਿਣਾ ਮੁਨਾਸਿਬ ਸਮਝਿਆ। ਪੁਲੀਸ ਕਿਸਾਨਾਂ ਤੇ ਭਾਜਪਾ ਆਗੂਆਂ ਵਿਚਕਾਰ ਕੰਧ ਬਣ ਕੇ ਤਾਇਨਾਤ ਰਹੀ। ਕਾਫੀ ਸਮੇਂ ਤੱਕ ਪੁਲੀਸ ਵੱਲੋਂ ਰਸਤਾ ਕਲੀਅਰ ਨਾ ਹੋਣ ’ਤੇ ਭਾਜਪਾ ਆਗੂ ਦਾ ਕਾਫ਼ਲਾ ਰਸਤਾ ਬਦਲ ਕੇ ਅਗਲੇ ਪੜਾਅ ਨੂੰ ਰਵਾਨਾ ਹੋ ਗਿਆ। ਫੁੱਲੋ ਵਿਚ ਵੀ ਕਿਸਾਨਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ।

Advertisement

ਕਿਸਾਨ ਆਪਣਾ ਕੰਮ ਕਰ ਰਹੇ, ਅਸੀਂ ਆਪਣਾ: ਅਦਿੱਤਿਆ ਦੇਵੀਲਾਲ

ਹਰਿਆਣਾ ਖੇਤੀਬਾੜੀ ਮੰਡੀਕਰਨ ਬੋਰਡ ਦੇ ਚੇਅਰਮੈਨ ਅਦਿੱਤਿਆ ਦੇਵੀਲਾਲ ਦਾ ਕਹਿਣਾ ਸੀ ਕਿ ਕਈ ਪਿੰਡਾਂ ਵਿੱਚ ਉਨ੍ਹਾਂ ਦੇ ਚੋਣ ਪ੍ਰੋਗਰਾਮ ਤੈਅ ਸਨ। ਕਿਸਾਨ ਆਪਣਾ ਕੰਮ ਕਰ ਰਹੇ ਸਨ ਅਤੇ ਉਹ (ਭਾਜਪਾ) ਆਪਣਾ ਕੰਮ ਕਰ ਰਹੇ ਸਨ। ਅੰਦੋਲਾਨਕਾਰੀ ਕਿਸਾਨ ਵੀ ਸਾਡੇ ਹੀ ਭਰਾ ਹਨ। ਕਿਸਾਨ ਵਿਰੋਧ ਕਾਰਨ ਰਸਤੇ ਬਦਲਣ ਦੇ ਦੋਸ਼ਾਂ ਨੂੰ ਨਕਾਰਦਿਆਂ ਅਦਿੱਤਿਆ ਨੇ ਕਿਹਾ ਕਿ ਹਰੇਕ ਪਿੰਡ ਵਿੱਚ ਅੱਠ-ਅੱਠ ਰਸਤੇ ਹਨ।

Advertisement
Author Image

Advertisement
Advertisement
×