ਅਸ਼ੋਕ ਅਰੋੜਾ ਨੇ ਵਿਧਾਨ ਸਭਾ ’ਚ ਥਾਨੇਸਰ ਹਲਕੇ ਦੀਆਂ ਮੁਸ਼ਕਲਾਂ ਦੱਸੀਆਂ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 16 ਨਵੰਬਰ
ਲੰਬੇ ਅਰਸੇ ਬਾਅਦ ਥਾਨੇਸਰ ਦੇ ਕਾਂਗਰਸੀ ਵਿਧਾਇਕ ਅਸ਼ੋਕ ਅਰੋੜਾ ਨੇ ਹਰਿਆਣਾ ਵਿਧਨ ਸਭਾ ਦੇ ਸ਼ੈਸ਼ਨ ਦੌਰਾਨ ਥਾਨੇਸਰ ਹਲਕੇ ਦੀਆਂ ਸਮੱਸਿਆਵਾਂ ਤੇ ਹੋਰ ਜਨ ਹਿੱਤ ਦੇ ਮੁੱਦਿਆਂ ਨੂੰ ਉਠਾਇਆ।
ਉਨ੍ਹਾਂ ਹਲਕੇ ਵਿੱਚ ਫੈਲ ਰਹੇ ਡੇੇਂਗੂ ਦੇ ਕਹਿਰ, ਵਿਗੜ ਰਹੀ ਕਾਨੂੰਨ ਵਿਵਸਥਾ, ਡੀਏਪੀ ਖਾਦ ਦਾ ਸੰਕਟ, ਐੱਮਐੱਸਪੀ ਦਾ ਮੁੱਦਾ ,ਪਰਾਲੀ ਸਾੜਨ ਦੀ ਸਮੱਸਿਆ ,ਬ੍ਰਹਮ ਸਰੋਵਰ ਤੇ ਸਨਹੇਤ ਸਰੋਵਰ ਦੀ ਪਵਿਤੱਰਤਾ ਬਰਕਰਾਰ ਰੱਖਣ ਤੇ ਨਗਰ ਪ੍ਰੀਸ਼ਦ ਵਿੱਚ ਕੋਸ਼ਲ ਰੁਜ਼ਗਾਰ ਨਿਗਮ ਤਹਿਤ ਲਾਏ ਗਏ ਕਰਮਚਾਰੀਆਂ ਦੀ ਜਾਂਚ ਕਰਨ, ਬੇਸਹਾਰਾ ਗਊਵੰਸ਼ ਦੇ ਕਾਰਨ ਲੋਕਾਂ ਦੇ ਜ਼ਖ਼ਮੀ ਹੋਣ ਤੇ ਮਾਰੇ ਜਾਣ ਜਿਹੇ ਮੁੱਦੇ ਚੁੱਕੇ। ਸ੍ਰੀ ਅਰੋੜਾ ਨੇ ਕਿਹਾ ਕਿ ਸਰਕਾਰ ਕਹਿਣੀ ਅਤੇ ਕਥਨੀ ਵਿੱਚ ਕਾਫ਼ੀ ਫਰਕ ਹੈ।
ਉਨ੍ਹਾਂ ਕਿਹਾ ਕਿ ਥਾਨੇਸਰ ਨਗਰ ਪ੍ਰੀਸ਼ਦ ਸਵੱਛਤਾ ਸਰਵੇੇੇੇਖਣ ਵਿਚ ਹਰਿਆਣਾ ਵਿੱਚ ਸਭ ਤੋਂ ਹੇਠਲੇ ਨੰਬਰ ’ਤੇ ਹੈ ਜੇ ਸਮਾਂ ਰਹਿੰਦੇ ਨਾਲਿਆਂ ਦੀ ਸਫਾਈ ਕਰਾਈ ਹੁੰਦੀ ਤਾਂ ਇਹ ਹਾਲਾਤ ਨਾ ਹੁੰਦੇ। ਸ਼ਹਿਰ ਦੀ ਸਫਾਈ ਵਿਵਸਥਾ ਇਸ ਕਾਰਨ ਵਿਗੜ ਗਈ ਹੈ।
ਅਰੋੜਾ ਨੇ ਕਿਹਾ ਕਿ ਬੇਸਹਾਰਾ ਗਊ ਵੰਸ਼ ਕਾਰਨ ਜਿਥੇ ਕਈ ਲੋਕ ਜ਼ਖ਼ਮੀ ਹੋ ਰਹੇ ਹਨ ਤੇ ਕਈ ਮਰ ਗਏ ਹਨ,ਪਰ ਨਗਰ ਪ੍ਰੀਸ਼ਦ ਇਸ ਪਾਸੇ ਧਿਆਨ ਨਹੀਂ ਦੇ ਰਹੀ। ਅਰੋੜਾ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਹੁੱਡਾ ਨੇ ਕੋਈ ਸੈਕਟਰ ਨਹੀਂ ਕੱਟਿਆ।