ਐਸ਼ੇਜ਼ ਲੜੀ: ਸਮਿੱਥ ਦੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਦੀਆਂ 416 ਦੌੜਾਂ
ਲੰਡਨ, 29 ਜੂਨ
ਲਾਰਡਜ਼ ਦੇ ਮੈਦਾਨ ‘ਤੇ ਐਸ਼ੇਜ਼ ਲੜੀ ਦੇ ਦੂਜੇ ਟੈਸਟ ਦੇ ਦੂਜੇ ਦਿਨ ਅੱਜ ਸਟੀਵ ਸਮਿੱਥ ਦੇ ਸੈਂਕੜੇ ਵਾਲੀ ਪਾਰੀ ਦੀ ਮਦਦ ਨਾਲ ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀ ‘ਚ 416 ਦੌੜਾਂ ਬਣਾਈਆਂ। ਇਸ ਮਗਰੋਂ ਇੰਗਲੈਂਡ ਨੇ ਤਿੰਨ ਵਿਕਟਾਂ ਗੁਆ ਕੇ 218 ਦੌੜਾਂ ਬਣਾ ਲਈਆਂ ਸਨ। ਜੋਅ ਰੂਟ ਤੇ ਹੈਰੀ ਬਰੁੱਕ ਮੈਦਾਨ ‘ਤੇ ਡਟੇ ਹੋਏ ਹਨ। ਇੰਗਲੈਂਡ ਵੱਲੋਂ ਬੇਨ ਡਕੇਟ ਨੇ 98, ਓਲੀ ਪੋਪ 42 ਅਤੇ ਜ਼ੈਕ ਕਰੌਲੀ ਨੇ 48 ਦੌੜਾਂ ਬਣਾਈਆਂ।
ਦੁਪਹਿਰ ਦੇ ਖਾਣੇ ਮਗਰੋਂ ਧੁੱਪ ਨਿਕਲਣ ਕਾਰਨ ਹਾਲਾਤ ਬੱਲੇਬਾਜ਼ਾਂ ਲਈ ਮਦਦਗਾਰ ਹੋ ਗਏ ਅਤੇ ਕਰੌਲੀ ਤੇ ਡਕੇਟ ਨੇ ਹਾਲਾਤ ਦਾ ਪੂਰਾ ਫਾਇਦਾ ਚੁਕਦਿਆਂ 91 ਦੌੜਾਂ ਦੀ ਭਾਈਵਾਲੀ ਕੀਤੀ। ਇਸੇ ਦੌਰਾਨ ਕਰੌਲੀ ਨੇ 84 ਗੇਂਦਾਂ ‘ਚ ਆਪਣਾ ਨੀਮ ਸੈਂਕੜਾ ਪੂਰਾ ਕੀਤਾ। ਇਹ ਐਸ਼ੇਜ਼ ਲੜੀ ‘ਚ ਉਸ ਦਾ ਪਹਿਲਾ ਤੇ ਟੈਸਟ ਕਰੀਅਰ ਦਾ ਅੱਠਵਾਂ ਨੀਮ ਸੈਂਕੜਾ ਹੈ। ਪਾਰੀ ਦੌਰਾਨ ਬੇਨ ਡਕੇਟ ਆਪਣਾ ਸੈਂਕੜਾ ਪੂਰਾ ਕਰਨ ਤੋਂ ਖੁੰਝ ਗਿਆ। ਇਸ ਤੋਂ ਪਹਿਲਾਂ ਸਟੀਵ ਸਮਿੱਥ ਦੇ ਸੈਂਕੜੇ ਦੀ ਮਦਦ ਨਾਲ ਆਸਟਰੇਲੀਆ ਨੇ 416 ਦੌੜਾਂ ਬਣਾਈਆਂ।
ਸਟੀਵ ਦਾ ਇਹ ਟੈਸਟ ਕਰੀਅਰ ਦਾ 32ਵਾਂ ਤੇ ਇੰਗਲੈਂਡ ਖ਼ਿਲਾਫ਼ 12ਵਾਂ ਟੈਸਟ ਸੈਂਕੜਾ ਸੀ। ਸਭ ਤੋਂ ਵੱਧ ਟੈਸਟ ਸੈਂਕੜੇ ਜੜਨ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਾਬਕਾ ਕਪਤਾਨ ਸਟੀਵ ਵਾਅ ਦੇ ਬਰਾਬਰ ਅੱਠਵੇਂ ਸਥਾਨ ‘ਤੇ ਆ ਗਿਆ ਹੈ। ਐਸ਼ੇਜ਼ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਆਸਟਰੇਲਿਆਈ ਬੱਲੇਬਾਜ਼ਾਂ ਦੀ ਸੂਚੀ ਉਹ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ। ਉਸ ਦੀਆਂ 3173 ਦੌੜਾਂ ਹਨ ਅਤੇ ਉਸ ਤੋਂ ਉੱਪਰ ਡੌਨ ਬਰੈਡਮੈਨ, ਜੈਕ ਹਾਬਸ ਤੇ ਐਲੇਨ ਬਾਰਡਰ ਹਨ। ਸਮਿਥ 110 ਦੌੜਾਂ ਬਣਾ ਕੇ ਆਊਟ ਹੋਇਆ। ਉਸ ਨੇ ਆਪਣੀ ਪਾਰੀ ਦੌਰਾਨ 15 ਚੌਕੇ ਜੜੇ। -ਏਪੀ