ਐਸ਼ੇਜ਼: ਇੰਗਲੈਂਡ ਤੀਜੇ ਟੈਸਟ ’ਚ ਤਿੰਨ ਵਿਕਟਾਂ ਨਾਲ ਜੇਤੂ
ਲੀਡਜ਼ (ਇੰਡਲੈਂਡ), 9 ਜੁਲਾਈ
ਹੈਰੀ ਬਰੁੱਕ ਦੀ 75 ਦੌੜਾਂ ਦੀ ਸ਼ਾਨਦਾਰ ਪਾਰੀ ਸਦਕਾ ਇੰਗਲੈਂਡ ਨੇ ਅੱਜ ਐਸ਼ੇਜ਼ ਲੜੀ ਦੇ ਤੀਜੇ ਟੈਸਟ ਮੈਚ ਵਿੱਚ ਆਸਟਰੇਲੀਆ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 263 ਦੌੜਾਂ ਬਣਾਈਆਂ ਸਨ ਜਦਕਿ ਇੰਗਲੈਂਡ ਦੀ ਟੀਮ ਪਹਿਲੀ ਪਾਰੀ ਵਿੱਚ 237 ਦੌੜਾਂ ’ਤੇ ਆਊਟ ਹੋ ਗਈ ਸੀ। ਆਸਟਰੇਲੀਆ ਨੂੰ ਪਹਿਲੀ ਪਾਰੀ ਦੇ ਆਧਾਰ ’ਤੇ 26 ਦੌੜਾਂ ਦੀ ਲੀਡ ਮਿਲੀ ਸੀ। ਦੂਜੀ ਪਾਰੀ ਵਿੱਚ ਆਸਟਰੇਲੀਆ ਦੀ ਟੀਮ 224 ਦੌੜਾਂ ਬਣਾ ਕੇ ਆਊਟ ਹੋ ਗਈ ਅਤੇ ਇੰਗਲੈਂਡ ਸਾਹਮਣੇ ਜਿੱਤ ਲਈ 251 ਦੌੜਾ ਦਾ ਟੀਚਾ ਸੀ। ਇੰਗਲੈਂਡ ਨੇ ਕ੍ਰਿਸ ਵੋਕਸ ਦੀ ਸ਼ਾਨਦਾਰ ਨੀਮ ਸੈਂਕੜੇ ਵਾਲੀ ਪਾਰੀ ਅਤੇ ਉਸ ਵੱਲੋਂ ਕ੍ਰਿਸ ਵੋਕਸ (32 ਦੌੜਾਂ) ਨਾਲ ਸਤਵੇਂ ਵਿਕਟ ਲਈ ਕੀਤੀ 57 ਦੌੜਾਂ ਦੀ ਭਾਈਵਾਲੀ ਸਦਕਾ 251 ਦੌੜਾਂ ਦਾ ਟੀਚਾ ਪੂਰਾ ਕਰਦਿਆਂ ਮਹਿਮਾਨ ਟੀਮ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਦੀ ਜਿੱਤ ਵਿੱਚ ਬੈੱਨ ਡੁਕੈਟ ਨੇ 23 ਦੌੜਾਂ, ਜ਼ੈਕ ਕਰਾਉਲੇ ਨੇ 44 ਦੌੜਾਂ ਅਤੇ ਜੋਅ ਰੂਟ ਨੇ 21 ਦੌੜਾਂ ਦਾ ਯੋਗਦਾਨ ਪਾਇਆ। ਮੈਚ ਵਿੱਚ 7 ਵਿਕਟਾਂ ਲੈਣ ਵਾਲੇ ਇੰਗਲਿਸ਼ ਗੇਂਦਬਾਜ਼ ਮਾਰਕ ਵੁੱਡ ਨੂੰ ‘ਮੈਨ ਆਫ਼ ਦਿ ਮੈਚ’ ਚੁਣਿਆ ਗਿਆ। ਆਸਟਰੇਲੀਆ ਦੀ ਟੀਮ 5 ਮੈਚਾਂ ਦੀ ਲੜੀ ਵਿੱਚ 2-1 ਨਾਲ ਅੱਗੇ ਹੈ।