ਆਸ਼ਾ ਵਰਕਰਾਂ ਨੇ ਸੰਸਦ ਮੈਂਬਰ ਸੁਨੀਤਾ ਦੁੱਗਲ ਦਾ ਘਰ ਘੇਰਿਆ
ਪ੍ਰਭੂ ਦਿਆਲ
ਸਿਰਸਾ, 12 ਅਗਸਤ
ਸਰਕਾਰੀ ਕਰਮਚਾਰੀ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਆਸ਼ਾ ਵਰਕਰ ਯੂਨੀਅਨ ਨੇ ਅੱਜ ਸੰਸਦ ਮੈਂਬਰ ਸੁਨੀਤਾ ਦੁੱਗਲ ਦੇ ਘਰ ਦਾ ਘਿਰਾਚ ਕੀਤਾ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਬਾਅਦ ’ਚ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਆਸ਼ਾ ਵਰਕਰਾਂ ਤੋਂ ਮੰਗ ਪੱਤਰ ਲਿਆ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਗੱਲਬਾਤ ਕੀਤੀ ਜਾਵੇਗੀ। ਇਸ ਦੌਰਾਨ ਆਸ਼ਾ ਵਰਕਰਾਂ ਨੇ ਮੰਗਾਂ ਪੂਰੀਆਂ ਨਾ ਹੋਣ ’ਤੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ।
ਆਸ਼ਾ ਵਰਕਰਾਂ ਪਿਛਲੇ ਪੰਜ ਦਿਨਾਂ ਤੋਂ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦੇ ਰਹੀਆਂ ਹਨ। ਆਸ਼ਾ ਵਰਕਰਾਂ ਨੇ ਅੱਜ ਸੰਸਦ ਮੈਂਬਰ ਦੇ ਘਰ ਬਾਹਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਦਰਸ਼ਨਾ, ਸ਼ਿਮਲਾ ਝੌਪੜਾ ਨੇ ਕਿਹਾ ਕਿ ਸਰਕਾਰ ਆਸ਼ਾ ਵਰਕਰਾਂ ਨੂੰ ਸਿਰਫ਼ ਚਾਰ ਹਜ਼ਾਰ ਰੁਪਏ ਮਿਹਨਤਾਨਾ ਦੇ ਰਹੀ ਹੈ ਜਦੋਂਕਿ ਉਨ੍ਹਾਂ ਦੀ ਡਿਊਟੀ ਦਾ ਕੋਈ ਸਮਾਂ ਤੈਅ ਨਹੀਂ ਹੈ। ਕਰੋਨਾ ਕਾਲ ਦੌਰਾਨ ਆਸ਼ਾ ਵਰਕਰਾਂ ਨੇ ਮੋਹਰੀ ਹੋ ਕੇ ਆਪਣੀਆਂ ਜ਼ਿੰਦਗੀਆਂ ਨੂੰ ਖਤਰੇ ਵਿੱਚ ਪਾਇਆ ਪਰ ਸਰਕਾਰ ਨੇ ਇਸ ਦਾ ਕੋਈ ਮੁੱਲ ਨਾ ਪਾਇਆ। ਉਨ੍ਹਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਦਿੱਤਾ ਜਾਵੇ। ਜਦੋਂ ਤੱਕ ਸਰਕਾਰੀ ਕਰਮਚਾਰੀ ਦਾ ਦਰਜਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਉਨ੍ਹਾਂ ਨੂੰ ਘੱਟੋ ਘੱਟ 26 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾਵੇ, ਸੇਵਾਮੁਕਤੀ ਮਗਰੋਂ ਪੈਨਸ਼ਨ ਦਿੱਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਹੀਂ ਮੰਨੀਆਂ ਗਈਆਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।