ਆਸ਼ਾ ਵਰਕਰਾਂ ਵੱਲੋਂ ਥਾਲੀਆਂ ਖੜਕਾ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਦਰਸ਼ਨ ਮਿੱਠਾ
ਫਤਹਿਗੜ੍ਹ ਸਾਹਿਬ, 21 ਅਗਸਤ
ਆਸ਼ਾ ਵਰਕਰ ਯੂਨੀਅਨ ਨੇ ਪੰਜਾਬ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਹੇਠ ਭਖ਼ਦੀਆਂ ਮੰਗਾਂ ਸਬੰਧੀ ਥਾਲ਼ੀਆਂ ਖੜਕਾ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਸ਼ਾਂਤਮਈ ਧਰਨਾ ਦਿੱਤਾ। ਸ੍ਰੀਮਤੀ ਪੰਜੋਲਾ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਸਬੰਧੀ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ। ਜਿਸ ਕਰਕੇ ਆਸ਼ਾ ਵਰਕਰਾਂ ਪਿਛਲੇ ਪੰਜ ਦਿਨ ਤੋਂ ਪੂਰੇ ਪੰਜਾਬ ਦੇ ਸਿਵਲ ਹਸਪਤਾਲਾਂ ਵਿੱਚ ਭੁੱਖ ਹੜਤਾਲ ’ਤੇ ਬੈਠੀਆਂ ਹਨ ਅਤੇ ਇਹ ਭੁੱਖ ਹੜਤਾਲ ਲਗਾਤਾਰ ਇੱਕ ਮਹੀਨਾ ਚੱਲੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਅੱਜ ਉਨ੍ਹਾਂ ਨੇ ਥਾਲ਼ੀਆਂ ਖੜਕਾ ਕੇ ਪ੍ਰਦਰਸ਼ਨ ਕੀਤਾ।
ਉਨ੍ਹਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਪੱਕਾ ਕੀਤਾ ਜਾਵੇ, ਫੈਸਿਲੀਟੇਟਰ ਨੂੰ ਡੇਲੀਵੇਜ਼ ਕਾਮੇ ਐਲਾਨਿਆ ਜਾਵੇ ਅਤੇ ਟੂਰਮਨੀ 250 ਤੋਂ ਵਧਾਈ ਜਾਵੇ, ਮੌਜੂਦਾ ਸਮੇਂ ਆਨਲਾਈਨ ਕੰਮ ਹੋਣ ਕਾਰਨ ਆਸ਼ਾ ਵਰਕਰਾਂ ਨੂੰ ਸਮਾਰਟ ਫ਼ੋਨ ਅਤੇ ਟੈਬਲੇਟ ਦਿੱਤੇ ਜਾਣ। ਆਸ਼ਾ ਵਰਕਰਾਂ ਨੂੰ ਕਲਾਸ ਚਾਰ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਸਿਵਲ ਹਸਪਤਾਲ ਅੱਗੇ ਚੱਲ ਰਹੀ ਭੁੱਖ ਹੜਤਾਲ ’ਤੇ ਅੱਜ ਗੁਰਤੇਜ ਕੌਰ ਭੱਲਮਾਜਰਾ, ਸਰਬਜੀਤ ਕੌਰ ਸੁਹਾਗਹੇੜੀ, ਗੁਰਮੀਤ ਕੌਰ ਸੌਂਢਾ, ਦਰਸ਼ਨਾਂ ਭਮਾਰਸੀ ਜ਼ੇਰ, ਨਰਿੰਦਰ ਕੌਰ ਜੱਲ੍ਹਾ ਬੈਠੀਆਂ। ਇਸ ਮੌਕੇ ਸ਼ਮਿੰਦਰ ਕੌਰ ਕੋਟਲਾ ਡਡਹੇੜੀ ਅਤੇ ਜਸਵਿੰਦਰ ਕੌਰ ਜੱਸੜਾ ਫੈਸੀਲੀਟੇਟਰ ਹਾਜ਼ਰ ਸਨ।
ਵਰ੍ਹਦੇ ਮੀਂਹ ’ਚ ਛੱਤਰੀਆਂ ਤਾਣ ਕੇ ਧਰਨਾ ਜਾਰੀ ਰੱਖਿਆ
ਬਨੂੜ (ਕਰਮਜੀਤ ਸਿੰਘ ਚਿੱਲਾ): ਆਸ਼ਾ ਅਤੇ ਫੈਸਿਲੀਟੇਟਰ ਵਰਕਰਾਂ ਨੇ ਮੀਂਹ ਦੇ ਬਾਵਜੂਦ ਕਾਲੋਮਾਜਰਾ ਦੇ ਮੁੱਢਲਾ ਸਿਹਤ ਕੇਂਦਰ ਅਤੇ ਬਨੂੜ ਦੇ ਸਰਕਾਰੀ ਹਸਪਤਾਲ ਵਿੱਚ ਆਪਣਾ ਸੰਘਰਸ਼ ਜਾਰੀ ਰੱਖਿਆ। ਕਾਲੋਮਾਜਰਾ ਵਿੱਚ ਅੱਜ ਲਗਾਤਾਰ ਪੰਜਵੇਂ ਦਿਨ ਅਤੇ ਬਨੂੜ ਵਿੱਚ ਦੂਜੇ ਦਿਨ ਧਰਨਾਕਾਰੀ ਵਰਕਰਾਂ ਨੇ ਭੁੱਖ ਹੜਤਾਲ ਰੱਖੀ। ਦੋਵੇਂ ਥਾਵਾਂ ’ਤੇ ਆਸ਼ਾ ਵਰਕਰਾਂ ਨੇ ਭਾਂਡੇ ਖੜਕਾ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਬਨੂੜ ਵਿੱਚ ਰੁਪਿੰਦਰ ਕੌਰ ਮੁਠਿਆੜਾਂ ਦੀ ਅਗਵਾਈ ਹੇਠ ਲਗਾਏ ਧਰਨੇ ਵਿੱਚ ਸਮਤਾ ਬਸੀਈਸੇ ਖਾਂ, ਅਨੁਰਾਧਾ ਖਿਜ਼ਰਗੜ੍ਹ, ਜਸਵਿੰਦਰ ਕੌਰ ਅਜ਼ੀਜਪੁਰ, ਜਸਵੀਰ ਕੌਰ ਛੜਬੜ੍ਹ ਅਤੇ ਕੁਲਦੀਪ ਕੌਰ ਨੰਗਲ ਸਲੇਮਪੁਰ ਨੇ ਭੁੱਖ ਹੜਤਾਲ ਰੱਖੀ। ਕਾਲੋਮਾਜਰਾ ਵਿੱਚ ਚੰਚਲ ਬਾਲ ਸੈਦਖੇੜੀ, ਪੂਨਮਦੀਪ ਕੌਰ ਮਹਿਮਾ ਦੀ ਅਗਵਾਈ ਹੇਠ ਆਸ਼ਾ ਵਰਕਰਾਂ ਭੁੱਖ ਹੜਤਾਲ ’ਤੇ ਬੈਠੀਆਂ। ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਹਰਿਆਣਾ ਦੀ ਤਰਜ਼ ’ਤੇ ਤਨਖ਼ਾਹ ਦੇਣ, ਦਰਜਾ ਚਾਰ ਕਰਮਚਾਰੀ ਮੰਨਣ, ਕੋਵਿਡ ਭੱਤਾ ਚਾਲੂ ਕਰਨ ਤੇ ਹੋਰ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਉਹ 17 ਸਤੰਬਰ ਮਗਰੋਂ ਪਟਿਆਲਾ ਵਿੱਚ ਪੱਕਾ ਮੋਰਚਾ ਲਾਉਣਗੀਆਂ।
ਢੋਲ ਵਜਾ ਕੇ ਪ੍ਰਦਰਸ਼ਨ ਕਰਨ ਦਾ ਫ਼ੈਸਲਾ
ਖਮਾਣੋਂ (ਜਗਜੀਤ ਕੁਮਾਰ): ਮੁੱਢਲਾ ਸਿਹਤ ਕੇਂਦਰ ਸੰਘੋਲ ਵਿੱਚ ਆਸ਼ਾ ਵਰਕਰਾਂ ਵੱਲੋਂ ਕੀਤੀ ਭੁੱਖ ਹੜਤਾਲ ਅੱਜ ਪੰਜਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਊਨ੍ਹਾਂ ਨੇ ਖਾਲੀ ਭਾਂਡੇ ਖੜਕਾ ਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਬਲਾਕ ਪ੍ਰਧਾਨ ਹਰਜਿੰਦਰ ਕੌਰ ਅਮਰਾਲਾ ਨੇ ਦੱਸਿਆ ਕਿ ਆਸ਼ਾ ਵਰਕਰ ਯੂਨੀਅਨ 28 ਅਗਸਤ ਨੂੰ ਢੋਲ ਵਜਾ ਕੇ, 4 ਅਕਤੂਬਰ ਨੂੰ ਘੜੇ ਭੰਨ ਪ੍ਰਦਰਸ਼ਨ ਕਰੇਗੀ।