ਕਾਲੋਮਾਜਰਾ ਤੋਂ ਬਾਅਦ ਬਨੂੜ ਦੇ ਹਸਪਤਾਲ ਵਿੱਚ ਆਸ਼ਾ ਵਰਕਰਾਂ ਦੀ ਭੁੱਖ ਹੜਤਾਲ ਸ਼ੁਰੂ
ਕਰਮਜੀਤ ਸਿੰਘ ਚਿੱਲਾ
ਬਨੂੜ, 20 ਅਗਸਤ
ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਦੇ ਸੱਦੇ ਉੱਤੇ ਸਿਹਤ ਵਿਭਾਗ ਦੇ ਮੁੱਢਲੇ ਸਿਹਤ ਕੇਂਦਰਾਂ ਅੱਗੇ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਵੱਲੋਂ ਅੱਜ ਬਨੂੜ ਦੇ ਸਰਕਾਰੀ ਹਸਪਤਾਲ ਵਿਖੇ ਵੀ ਭੁੱਖ ਹੜਤਾਲ ਆਰੰਭ ਕਰ ਦਿੱਤੀ ਗਈ। ਮੁੱਢਲਾ ਸਿਹਤ ਕੇਂਦਰ ਕਾਲੋਮਾਜਰਾ ਵਿਖੇ ਪਿਛਲੇ ਚਾਰ ਦਨਿਾਂ ਤੋਂ ਆਸ਼ਾ ਵਰਕਰਾਂ ਦੀ ਭੁੱਖ ਹੜਤਾਲ ਚੱਲ ਰਹੀ ਹੈ। ਮੀਂਹ ਦੇ ਬਾਵਜੂਦ ਆਸ਼ਾ ਵਰਕਰਾਂ ਦਾ ਧਰਨਾ ਜਾਰੀ ਰਿਹਾ।
ਬਨੂੜ ਵਿਖੇ ਰੁਪਿੰਦਰ ਕੌਰ ਮੁਠਿਆੜਾ ਨੇ ਪੰਜ ਆਸ਼ਾ ਵਰਕਰਾਂ ਸੀਮਾ ਧਰਮਗੜ੍ਹ, ਬਲਵਿੰਦਰ ਕੌਰ ਰਾਮਪੁਰ, ਕੁਲਦੀਪ ਕੌਰ ਜੰਗਪੁਰਾ, ਜਸਵਿੰਦਰ ਕੌਰ ਕਰਾਲੀ ਅਤੇ ਅਮਰਜੀਤ ਕੌਰ ਬਾਂਡਿਆਂ ਬੱਸੀ ਨੂੰ ਹਾਰ ਪਾਕੇ ਭੁੱਖ ਹੜਤਾਲ ਉੱਤੇ ਬਿਠਾਇਆ। ਆਸ਼ਾ ਵਰਕਰਾਂ ਨੇ ਆਖਿਆ ਕਿ ਜਦੋਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ।17 ਅਗਸਤ ਤੋਂ 17 ਸਤੰਬਰ ਤੱਕ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਵਿਖੇ ਪੰਜ-ਪੰਜ ਆਸ਼ਾ ਵਰਕਰਾਂ ਭੁੱਖ ਹੜਤਾਲ ਤੇ ਬੈਠੀਆਂ ਹਨ ਤੇ ਇਸ ਮਗਰੋਂ ਪਟਿਆਲਾ ਵਿਖੇ ਪੱਕਾ ਮੋਰਚਾ ਲਾਇਆ ਜਾਵੇਗਾ। ਕਾਲੋਮਾਜਰਾ ਵਿਖੇ ਰੇਨੂ ਬਾਲਾ ਅਤੇ ਗੀਤਾ ਰਾਣੀ ਦੀ ਅਗਵਾਈ ਹੇਠ ਅੱਜ ਹਰਜਿੰਦਰ ਕੌਰ, ਕੁਲਵੀਰ ਕੌਰ, ਬੇਬੀ, ਕੁਲਵੀਰ ਕੌਰ, ਬਲਜਿੰਦਰ ਕੌਰ ਅਤੇ ਹਰਪ੍ਰੀਤ ਕੌਰ ਭੁੱਖ ਹੜਤਾਲ ਉੱਤੇ ਬੈਠੀਆਂ। ਪ੍ਰਧਾਨ ਕਰਮਜੀਤ ਕੌਰ ਚਮਾਰੂ ਅਤੇ ਉੱਪ ਪ੍ਰਧਾਨ ਪੂਨਮਜੀਤ ਕੌਰ ਮਹਿਮਾ ਨੇ ਪੰਜਾਬ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ।