ਆਸ਼ਾ ਵਰਕਰਾਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ
ਜਸਬੀਰ ਸਿੰਘ ਚਾਨਾ
ਫਗਵਾੜਾ, 7 ਅਕਤੂਬਰ
ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾ ਫੈਸਿਲੀਟੇਟਰਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਵੀ ਲਾਗੂ ਨਾ ਕਰਨ ਦੇ ਰੋਸ ਵਜੋਂ ਅੱਜ ਡੈਮੋਕ੍ਰੈਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਪੰਜਾਬ ਜ਼ਿਲ੍ਹਾ ਕਪੂਰਥਲਾ ਵੱਲੋਂ ਫਗਵਾੜਾ ਵਿੱਚ ਰਜਿੰਦਰਪਾਲ ਕੌਰ ਤੇ ਰੇਸ਼ਮ ਕੌਰ ਦੀ ਅਗਵਾਈ ’ਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਦਾ ਪੁਤਲਾ ਵੀ ਸਾੜਿਆ। ਇਸ ਮੌਕੇ ਗੱਲਬਾਤ ਕਰਦਿਆਂ ਵਰਕਰਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਜਥੇਬੰਦੀ ਨਾਲ ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਮੀਟਿੰਗ ਕਰ ਕੇ ਵਰਕਰਾਂ ਦੀ ਸੇਵਾਮੁਕਤੀ ਉਮਰ ਹੱਦ 62 ਸਾਲ ਕਰਨ, ਕੱਟੇ ਭੱਤੇ ਬਹਾਲ ਕਰਨ, ਫੈਸਿਲੀਟੇਟਰਾਂ ਦੇ ਮਾਣ ਭੱਤੇ ’ਚ ਵਾਧਾ ਕਰਨ, ਪੰਜ ਲੱਖ ਦਾ ਮੁਫ਼ਤ ਬੀਮਾ ਕਰਨ ਆਦਿ ਮੰਗਾਂ ਮੰਨਣ ਤੋਂ ਬਾਅਦ ਵੀ ਇਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਕਾਰਨ ਵਰਕਰਾਂ ’ਚ ਰੋਸ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਫਗਵਾੜਾ, ਡੀਐੱਮਐੱਫ ਸੂਬਾਈ ਆਗੂ ਹਰਿੰਦਰ ਦੁਸਾਂਝ, ਆਸ਼ਮਾ ਨੇ ਕਿਹਾ ਕਿ ਪੰਜਾਬ ਦੀ ਇਹ ਸਰਕਾਰ ਹਰ ਵਰਗ ਦੇ ਲੋਕਾਂ ਨੂੰ ਜੁਮਲਾ ਦਿਖਾ ਕੇ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਝੂਠੇ ਲਾਰੇ ਲਗਾ ਕੇ ਸਮਾਂ ਲੰਘਾਂ ਰਹੀ ਹੈ ਜਿਸ ਤੋਂ ਹਰ ਵਰਗ ਦੁਖੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਜ਼ਿਮਨੀ ਚੋਣਾਂ ਦੌਰਾਨ ਬਰਨਾਲਾ, ਗਿੱਦੜਬਾਹਾ, ਚੱਬੇਵਾਲ ਤੇ ਡੇਰਾ ਬਾਬਾ ਨਾਨਕ ਵਿੱਚ ਸੂਬਾਈ ਰੈਲੀਆਂ ਕਰ ਕੇ ਪੰਜਾਬ ਸਰਕਾਰ ਦਾ ਚਿਹਰਾ ਬੇਪਰਦ ਕਰਨਗੀਆਂ।
ਉਨ੍ਹਾਂ ਕਿਹਾ ਕਿ ਡੈਮੋਕ੍ਰੈਟਿਕ ਮੁਲਾਜ਼ਮ ਫੈੱਡਰੇਸ਼ਨ ਪੰਜਾਬ ਵੱਲੋਂ 27 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਵਿਰੋਧ ਵਿੱਚ ਜਲੰਧਰ ਵਿੱਚ ਕੀਤੀ ਜਾਣ ਵਾਲੀ ਮਹਾਰੈਲੀ ਵਿੱਚ ਵੱਡੀ ਲਾਮਬੰਦੀ ਕਰ ਕੇ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਗੁਰਿੰਦਰਜੀਤ ਸਿੰਘ ਲੋਕਪ੍ਰੇਮੀ, ਮਨਜੀਤ ਕੌਰ, ਸੁਖਵਿੰਦਰ ਕੌਰ, ਸੰਦੀਪ ਕੌਰ, ਸੀਮਾ, ਰਾਜਦੀਪ ਕੌਰ, ਹਰਵਿੰਦਰ ਕੌਰ, ਆਸ਼ਾ ਰਾਣੀ, ਸੰਦੀਪ ਕੌਰ ਪਲਾਹੀ, ਪਰਮਜੀਤ ਕੌਰ, ਰੇਖਾ ਰਾਣੀ ਆਦਿ ਸ਼ਾਮਲ ਸਨ।