ਆਸ਼ਾ ਵਰਕਰਾਂ ਨੇ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ
ਸਤਵਿੰਦਰ ਬਸਰਾ
ਲੁਧਿਆਣਾ, 6 ਅਗਸਤ
ਆਲ ਇੰਡੀਆ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਦੇ ਸੱਦੇ ’ਤੇ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫਤਰ ਬਾਹਰ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਪ੍ਰਦਰਸ਼ਨ ਕਰਦਿਆਂ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਅਤੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਮੰਗ ਪੱਤਰ ਦਿੱਤਾ।
ਸੂਬਾਈ ਜਨਰਲ ਸੈਕਟਰੀ ਅਤੇ ਜ਼ਿਲ੍ਹਾ ਪ੍ਰਧਾਨ ਬਲਬੀਰ ਕੌਰ ਦੀ ਅਗਵਾਈ ਹੇਠ ਹੋਏ ਇਸ ਪ੍ਰਦਰਸ਼ਨ ਮੌਕੇ ਵੱਖ ਵੱਖ ਬਲਾਕਾਂ ਤੋਂ ਅਮਰਜੀਤ ਕੌਰ ਡੱਲਾ, ਸਵਰਨਜੀਤ ਕੌਰ ਫੁੱਲਾਂਵਾਲ, ਕੁਲਦੀਪ ਕੌਰ ਤਲਵਾੜਾ, ਮਨਦੀਪ ਕੌਰ ਹੰਬੜਾਂ, ਜਸਵੀਰ ਕੌਰ ਕਾਉਂਕੇ ਕਲਾਂ, ਗੁਰਮੀਤ ਕੌਰ, ਪਰਮਿੰਦਰ ਕੌਰ, ਨੇਹਾਂ ਸ਼ਰਮਾ, ਰਾਜਵੀਰ ਕੌਰ ਅਤੇ ਸੁਖਮਿੰਦਰ ਕੌਰ ਆਦਿ ਨੇ ਸ਼ਿਰਕਤ ਕੀਤੀ।
ਜਨਰਲ ਸਕੱਤਰ ਬਲਬੀਰ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੇ ਮੀਟਿੰਗ ਵਿੱਚ ਆਸ਼ਾ ਵਰਕਰ ਦੀ ਉਮਰ 58 ਤੋਂ 62 ਸਾਲ ਕਰਵਾਉਣ, ਫੈਸਿਲੀਟੇਟਰਜ਼ ਦੇ ਫਿਕਸ ਭੱਤੇ ਵਿੱਚ 1000 ਰੁਪਏ ਦਾ ਵਾਧਾ ਕਰਨ, ਫਾਰਗ ਕੀਤੀਆਂ ਆਸ਼ਾ ਵਰਕਰਾਂ ਨੂੰ ਦੁਬਾਰਾ ਬਹਾਲ ਕਰਨ, ਏਐੱਨਐੱਮ ਦਾ ਪੇਪਰ ਪਾਸ ਕਰਨ ਵਾਲੀਆਂ ਆਸ਼ਾ ਵਰਕਰਾਂ ਨੂੰ ਨਿਯੁਕਤੀ ਪੱਤਰ ਦੇਣ ਆਦਿ ਮੰਗਾਂ ਮੰਨੀਆਂ ਸਨ ਅਤੇ ਇਨ੍ਹਾਂ ਸਬੰਧੀ ਜਲਦੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਨੇ ਨਾ ਤਾਂ ਕੋਈ ਮੰਗ ਮੰਨੀ ਅਤੇ ਨਾ ਹੀ ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ। ਇਸ ਦੇ ਰੋਸ ਵਜੋਂ ਅੱਜ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਫੂਕੀ ਗਈ ਗਿਆ। ਉਨ੍ਹਾਂ ਮੰਗ ਕੀਤੀ ਕਿ ਆਸ਼ਾ ਵਰਕਸ਼ਾਂ ਨੂੰ ਸਿਹਤ ਵਿਭਾਗ ਦੇ ਕਰਮਚਾਰੀ ਐਲਾਨਿਆ ਜਾਵੇ, ਘੱਟ ਘੱਟ ਉਜ਼ਰਤਾਂ ਦੇ ਘੇਰੇ ਵਿੱਚ ਲਿਆ ਕੇ ਬਣਦੀ ਤਨਖਾਹ 26000 ਰੁਪਏ ਪ੍ਰਤੀ ਮਹੀਨੇ ਦਿੱਤੀ ਜਾਵੇ। ਆਨਲਾਈਨ ਕੰਮ ਕਰਨ ਦੇ 10,000 ਰੁਪਏ ਵੱਖਰੇ ਤੌਰ ’ਤੇ ਬਾਕੀ ਕਰਮਚਾਰੀਆਂ ਵਾਂਗ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 15 ਅਗਸਤ ਨੂੰ ਸੰਗਰੂਰ ਵਿੱਚ ਪੰਜਾਬ ਭਰ ਦੀਆਂ ਆਸ਼ਾ ਵਰਕਰ, ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨਗੀਆਂ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਆਸ਼ਾ ਵਰਕਰਾਂ ਨੇ ਜ਼ਿਲ੍ਹਾ ਪ੍ਰਸਾਸ਼ਨ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ।