ਸਮੇਂ ਦੇ ਤੌਰ
ਹਰਮੀਤ ਕੌਰ
Advertisement
ਹੱਡਬੀਤੀ ਜੱਗਬੀਤੀ
1980 ਤੋਂ 1990 ਦਰਮਿਆਨ ਜਨਮੇ ਵਿਅਕਤੀ ਇੱਕੋ ਇੱਕ ਅਜਿਹੀ ਪੀਡ਼੍ਹੀ ਹੋਣਗੇ ਜਿਨ੍ਹਾਂ ਨੇ ਸਮੇਂ ਦਾ ਦੌਰ ਤੇ ਤੌਰ ਦਿਨਾਂ ਵਿੱਚ ਬਦਲਦਾ ਦੇਖਿਆ ਹੋਵੇਗਾ। ਇਸ ਪੀਡ਼੍ਹੀ ਦੇ ਮੁੱਕ ਜਾਣ ਨਾਲ ਇੱਕ ਖ਼ਾਸ ਤਰ੍ਹਾਂ ਦੇ ਇਤਿਹਾਸ ਦੇ ਚਸ਼ਮਦੀਦ ਗਵਾਹਾਂ ਦਾ ਖਾਤਮਾ ਵੀ ਹੋ ਜਾਵੇਗਾ। ਤਬਦੀਲੀ ਅਟੱਲ ਹੈ, ਪਰ ਉਸ ਨੂੰ ਜਜ਼ਬ ਕਰਨ ਵਾਲਾ ਹਾਜ਼ਮਾ ਵੀ ਬਹੁਤ ਜ਼ਰੂਰੀ ਹੈ। ਕੁਲਵੰਤ ਸਿੰਘ ਵਿਰਕ ਦੀ ਕਹਾਣੀ ਉਜਾੜ ਵਾਲੇ ਆਲਾ ਸਿੰਘ ਵਾਂਗ ਤਬਦੀਲੀ ਜਾਨ ਦਾ ਖੌਅ ਬਣ ਜਾਵੇ ਤਾਂ ਬਹੁਤ ਔਖਾ ਹੋ ਜਾਂਦਾ ਹੈ। ਇਸ ਪੀਡ਼੍ਹੀ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿੱਚ ਪਰਿਵਰਤਨ ਨੂੰ ਸਮਝਣ ਤੇ ਸਹਿਣ ਦੀ ਸਮਰੱਥਾ ਹੈ, ਬੇਸ਼ੱਕ ਹਾਣੀ ਹੋ ਕੇ ਤੁਰਨ ਦੀ ਨਾ ਹੋਵੇ।
ਸਮਾਂ ਕਿੰਨੀ ਤੇਜ਼ੀ ਨਾਲ ਬਦਲਿਆ ਹੈ, ਇਸ ਦੇ ਨਿੱਕੇ ਨਿੱਕੇ ਅਹਿਸਾਸ ਮੇਰੇ ਜ਼ਿਹਨ ਵਿੱਚ ਜਿਵੇਂ ਇੱਕ ਫਿਲਮ ਬਣਾ ਦਿੰਦੇ ਨੇ। 1989 ਵਿੱਚ ਅਸੀਂ ਅਜਨਾਲੇ ਆ ਵੱਸੇ ਸੀ। ਉਦੋਂ ਮੇਰੀ ਉਮਰ ਸੱਤਾਂ ਵਰ੍ਹਿਆਂ ਦੀ ਸੀ। ਉਨ੍ਹੀਂ ਦਿਨੀਂ ਪਿੰਡ ਤੇ ਸ਼ਹਿਰ ਵਿੱਚ ਬਹੁਤ ਫ਼ਰਕ ਸੀ। ਫੱਟੀ, ਕਲਮ, ਦਵਾਤ, ਟਾਟ, ਤੋੜੇ ਤੇ ਝੋਲੇ ਛੁੱਟ ਕੇ ਸਕੂਲ ਦੀ ਵਰਦੀ, ਕਾਪੀ, ਕਿਤਾਬ, ਬੈਗ, ਪੈੱਨ, ਪੈਨਸਿਲ, ਰਬੜ, ਸ਼ਾਰਪਨਰ, ਗੱਲ ਕੀ ਗੁੱਤਾਂ ਦੇ ਰੀਬਨ ਤੱਕ ਸਭ ਨਵਾਂ ਸੀ। ਇਸ ਸਭ ਦਾ ਚਾਅ ਘੱਟ ਤੇ ਉਦਾਸੀ ਵੱਧ ਸੀ ਕਿਉਂਕਿ ਸ਼ਹਿਰ ਆਉਣਾ ਸਾਡੀ ਬੇਬਸੀ ਸੀ। ਪੰਜਾਬ ਦੇ ਹਾਲਾਤ ਬਹੁਤ ਖਰਾਬ ਸਨ ਤੇ ਡੇਰਿਆਂ ਤੇ ਇੱਕਲੇ-ਇਕਹਿਰੇ ਘਰਾਂ ਲਈ ਇਹ ਦਿਨ ਸਰਾਪ ਹੋ ਨਿਬਡ਼ੇ ਸਨ। ਅਸੀਂ ਵੀ ਉਸੇ ਸਰਾਪ ਦੇ ਮਾਰੇ ਬਿਨਾਂ ਕਿਸੇ ਨੂੰ ਕੁਝ ਦੱਸੇ, ਇੱਕ ਸਰਾਪੀ ਰਾਤ ਨੂੰ ਆਪਣਾ ਪਿੰਡ ਛੱਡਿਆ ਸੀ।
ਸ਼ਹਿਰ ਦੀ ਜ਼ਿੰਦਗੀ ਵਿੱਚ ਰਚਦਿਆਂ ਮਿਚਦਿਆਂ ਕੁਝ ਸਾਲ ਲੱਗ ਗਏ। ਆਪਣੇ ਘਰ ਤੋਂ ਲਗਭਗ ਦੋ ਕਿਲੋਮੀਟਰ ਰੋਜ਼ ਤੁਰ ਕੇ ਜਾਣਾ ਤੇ ਆਉਣਾ। ਸਕੂਲ ਕਦੇ ਦੂਰ ਜਾਪਿਆ ਹੀ ਨਹੀਂ ਸੀ। ਸਿਰਫ਼ ਮੈਨੂੰ ਨਹੀਂ ਸਗੋਂ ਉਸ ਸਮੇਂ ਦੇ ਹਰ ਬੱਚੇ ਨੂੰ ਦੂਰੀ, ਦੂਰੀ ਨਹੀਂ ਜਾਪਦੀ ਸੀ। ਵਧੇਰੇ ਵਿਦਿਆਰਥੀ ਤੁਰ ਕੇ ਆਉਂਦੇ ਸਨ। ਕੁਝ ਕੁ ਸਾਈਕਲ ਸਵਾਰ ਹੁੰਦੇ ਤੇ ਵਿਰਲਾ ਟਾਵਾਂ ਕਿਸੇ ਸਕੂਟਰ ’ਤੇ। ਵਧੇਰੇ ਅਧਿਆਪਕ ਵੀ ਸਾਈਕਲ ਸਵਾਰ ਹੁੰਦੇ ਸਨ। ਦੂਰ ਦੁਰਾਡਿਓਂ ਆਉਣ ਵਾਲੇ ਵਿਦਿਆਰਥੀ ਘਡ਼ੁੱਕਿਆਂ ਜਾਂ ਟਾਂਗਿਆਂ ’ਤੇ ਆਉਂਦੇ। ਸਭ ਇੱਕੋ ਜਿਹੇ ਜਾਪਦੇ।
ਸਾਡੇ ਘਰ ਤੋਂ ਸਕੂਲ ਪਹੁੰਚਣ ਲਈ ਬਹੁਤਾ ਬਾਜ਼ਾਰ ਲੰਘ ਕੇ ਜਾਣਾ ਪੈਂਦਾ ਸੀ। ਬਾਜ਼ਾਰ ਵਿੱਚ ਆਉਣ ਵਾਲੀਆਂ ਤਬਦੀਲੀਆਂ ਨਿੱਤ ਦਿਨ ਨਜ਼ਰ ਆਉਂਦੀਆਂ ਰਹਿੰਦੀਆਂ। ਸਾਨੂੰ ਉਦੋਂ ਅਚੰਭਾ ਜਿਹਾ ਹੁੰਦਾ ਜਦੋਂ ਕਿਸੇ ਖ਼ਾਸ ਤਰ੍ਹਾਂ ਦੇ ਸਾਮਾਨ ਦੀ ਦੁਕਾਨ ਦੀ ਥਾਂ ਹੋਰ ਦੁਕਾਨ ਖੁੱਲ੍ਹ ਜਾਂਦੀ। ਅਸੀਂ ਪਹਿਲੀ ਦੁਕਾਨ ਵਾਲੇ ਦੁਕਾਨਦਾਰ ਬਾਰੇ ਸੋਚਦੇ। ਆਪਣੇ ਕਿਆਸ ਲਗਾਉਂਦੇ: ਕੀ ਹੋਇਆ ਹੋਵੇਗਾ? ਉਸ ਨੇ ਦੁਕਾਨ ਕਿਉਂ ਛੱਡ ਦਿੱਤੀ? ਹੁਣ ਉਹ ਕਿੱਥੇ ਗਿਆ ਹੋਵੇਗਾ? ਆਦਿ। ਬਾਲ ਮਨ ਨੇ ਆਪਣੀ ਅਕਲ ਦੇ ਘੋੜੇ ਦੌੜਾਉਂਦੇ ਰਹਿਣਾ। ਇਹ ਬਹੁਤ ਸਮਾਂ ਬਾਅਦ ਸਮਝ ਆਈ ਕਿ ਇਹੀ ਤਾਂ ਅਸਲ ਗੱਲ ਸੀ ਜੋ ਮਨ ਨੇ ਅਚੇਤ ਹੀ ਅੰਦਰ ਸਮਾਅ ਲਈ ਸੀ। ਤਬਦੀਲੀ ਨੂੰ ਵੇਖਣ, ਸਮਝਣ ਦੀ ਅਸਲ ਸੂਝ ਇਸੇ ਚਿੰਤਾ ਦੇ ਪਿੱਛੇ ਪਈ ਸੀ।
ਇਸ ਗੱਲ ਨਾਲ ਜੁੜੀ ਚਿੰਤਾ ਨੇ ਮੇਰੇ ਅੰਦਰ ਇੱਕ ਖ਼ਾਸ ਤਬਦੀਲੀ ਪੈਦਾ ਕੀਤੀ ਸੀ। ਸੱਤਵੀਂ ਵਿੱਚ ਪਡ਼੍ਹਦਿਆਂ ਬਾਜ਼ਾਰ ਵਿੱਚ ਹਸਤ ਰੇਖਾ ਦੇ ਮਾਹਿਰ ਇੱਕ ਪੰਡਿਤ ਜੀ ਦੀ ਦੁਕਾਨ ਦੀ ਥਾਂ ਇੱਕ ਨਵੇਂ ਵਿਅਕਤੀ ਨੇ ਆਪਣਾ ਸਾਮਾਨ ਰੱਖ ਲਿਆ ਸੀ। ਇਹ ਵਿਅਕਤੀ ਕੋਈ ਪੰਜਾਹ ਬਵੰਜਾ ਸਾਲ ਦਾ ਹੋਵੇਗਾ। ਸਿਰ ’ਤੇ ਅਕਸਰ ਨੀਲੀ ਜਾਂ ਸੁਰਮਈ ਪੱਗ ਬੰਨ੍ਹਦਾ। ਮੋਟੇ ਸ਼ੀਸ਼ਿਆਂ ਵਾਲੀ ਐਨਕ ਲਗਾਈ ਹੁੰਦੀ। ਚਿੱਟਾ ਜਾਂ ਕੱਦੂ ਰੰਗ ਦਾ ਕੁੜਤਾ ਪਜਾਮਾ ਪਾਉਂਦਾ। ਉਸ ਦੀ ਦੁਕਾਨ ਵੱਲ ਵੇਖ ਕੇ ਹੈਰਾਨੀ ਹੁੰਦੀ। ਸਾਰੀ ਦੁਕਾਨ ਵਿੱਚ ਲੱਕੜ ਦੀਆਂ ਸ਼ੈਲਫ਼ਾਂ ਬਣੀਆਂ ਸਨ। ਇੱਕ ਪਾਸੇ ਰੰਗਦਾਰ ਕੌਮਿਕਸ ਹੁੰਦੀਆਂ ਜਿਨ੍ਹਾਂ ਵਿੱਚ ਚਾਚਾ ਚੌਧਰੀ, ਪੰਚਤੰਤਰ, ਨਾਗਰਾਜ, ਚੰਪਕ, ਰੌਚਕ ਜਾਤਕ ਕਥਾਏਂ, ਅਲਿਫ਼ ਲੈਲਾ, ਵਿਕਰਮ ਬੇਤਾਲ, ਅਕਬਰ ਬੀਰਬਲ, ਇੰਦਰਜਾਲ ਆਦਿ। ਦੂਜੇ ਪਾਸੇ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ਤੇ ਕਹਾਣੀਆਂ, ਨਾਨਕ ਸਿੰਘ ਦੇ ਲਗਭਗ ਸਾਰੇ ਨਾਵਲ, ਜਸਵੰਤ ਸਿੰਘ ਕੰਵਲ ਦੇ ਨਾਵਲ, ਈਸ਼ਵਰ ਚੰਦਰ ਨੰਦਾ ਦੇ ਨਾਟਕ, ਸੋਹਣ ਸਿੰਘ ਸੀਤਲ ਦੀਆਂ ਪੁਸਤਕਾਂ ਆਦਿ ਹੁੰਦੀਆਂ। ਇੱਕ ਪਾਸੇ ਬਹੁਤ ਸਾਰੀਆਂ ਅਖ਼ਬਾਰਾਂ ਪਈਆਂ ਹੁੰਦੀਆਂ। ਦੁਕਾਨ ਵਿੱਚ ਦੋ ਮੇਜ਼ ਤੇ ਦੋ ਕੁਰਸੀਆਂ ਸਨ। ਇੱਕ ਮੇਜ਼ ਤੇ ਕੁਰਸੀ ਇੱਕ ਕੋਨੇ ਵਿੱਚ ਸੀ ਜਿੱਥੇ ਉਹ ਆਪ ਬੈਠਦਾ। ਦੂਜੀ ਮੇਜ਼ ਤੇ ਕੁਰਸੀ ਅਕਸਰ ਖਾਲੀ ਪਈ ਰਹਿੰਦੀ। ਉਸ ਦੀ ਕੁਰਸੀ ਤੋਂ ਇਹ ਕੁਝ ਹਟਵੀਂ ਥਾਂ ’ਤੇ ਹੁੰਦੀ। ਇੱਥੇ ਕਦੇ ਕਿਸੇ ਨੂੰ ਬੈਠਿਆ ਨਹੀਂ ਸੀ ਵੇਖਿਆ। ਸ਼ਾਇਦ ਇਹ ਕੁਰਸੀ ਕਿਸੇ ਪਾਠਕ ਦਾ ਇੰਤਜ਼ਾਰ ਕਰ ਰਹੀ ਹੋਵੇਗੀ। ਕੁਝ ਮਹੀਨਿਆਂ ਬਾਅਦ ਉੱਥੇ ਕੋਈ ਕੋਈ ਕਿਤਾਬਾਂ ਦੇਖਦਾ ਨਜ਼ਰ ਆਇਆ। ਸਾਨੂੰ ਤਾਂ ਇੱਕੋ ਕਿਤਾਬਾਂ ਦੀ ਦੁਕਾਨ ਪਤਾ ਸੀ ਖ਼ਾਲਸਾ ਬੁੱਕ ਡਿਪੂ। ਇੱਥੋਂ ਸਾਡੀ ਲੋੜ ਦੀਆਂ ਸਾਰੀਆਂ ਕਾਪੀਆਂ, ਕਿਤਾਬਾਂ, ਸਟੇਸ਼ਨਰੀ, ਗਾਈਡਾਂ ਸਭ ਮਿਲ ਜਾਂਦਾ ਸੀ। ਸਾਨੂੰ ਸਮਝ ਨਾ ਆਉਂਦੀ ਕਿ ਉਹ ਦੁਕਾਨ ਕਿਉਂ ਖੁੱਲ੍ਹੀ ਹੈ। ਜ਼ਮਾਨਾ ਵੀ ਕੁਝ ਇਸ ਤਰ੍ਹਾਂ ਦਾ ਸੀ ਕਿ ਹਰ ਗੱਲ ਮਾਂ ਬਾਪ ਨੂੰ ਨਾ ਦੱਸੀ ਜਾਂਦੀ ਸੀ ਤੇ ਨਾ ਪੁੱਛੀ ਜਾਂਦੀ ਸੀ। ਹਰ ਗੱਲ ਦੀ ਜੱਦੋਜਹਿਦ ਸਿਰਫ਼ ਅੰਦਰੇ ਅੰਦਰ ਚੱਲਦੀ ਰਹਿੰਦੀ।
ਗਰਮੀਆਂ ਦੀਆਂ ਛੁੱਟੀਆਂ ਸਨ। ਹਰ ਵਾਰ ਦੀ ਤਰ੍ਹਾਂ ਆਮ ਘਰਾਂ ਵਾਂਗ ਸਾਡੇ ਘਰ ਵੀ ਭੂਆ ਦੇ ਬੱਚੇ ਨਾਨਕੇ ਆਉਂਦੇ ਤੇ ਖ਼ੂਬ ਰੌਣਕਾਂ ਲੱਗਦੀਆਂ। ਮੇਰੀ ਭੂਆ ਦਾ ਇੱਕ ਪੁੱਤਰ ਮੇਰੇ ਤੋਂ ਥੋਡ਼੍ਹਾ ਛੋਟਾ ਸੀ। ਉਸ ਨੂੰ ਲੈ ਕੇ ਮੈਂ ਪਹਿਲੀ ਵਾਰ ਉਸ ਦੁਕਾਨ ’ਤੇ ਚਲੀ ਗਈ। ਉਹ ਪਠਾਨਕੋਟ ਰਹਿੰਦਾ ਸੀ। ਉਸ ਨੇ ਕੌਮਿਕਸ ਦਾ ਰੰਗ ਪਹਿਲਾਂ ਹੀ ਚੱਖਿਆ ਹੋਇਆ ਸੀ। ਉਸ ਨੇ ਬੜੇ ਚਾਅ ਨਾਲ ਕਿਤਾਬਾਂ ਦੇਖੀਆਂ। ਉਸ ਨੂੰ ਜਾਸੂਸੀ ਕੌਮਿਕਸ ਪਸੰਦ ਸਨ। ਅਸੀਂ ਉਸ ਦੁਕਾਨਦਾਰ ਨੂੰ ਕਿਤਾਬ ਦਾ ਰੇਟ ਪੁੱਛਣ ਤੋਂ ਡਰਦੇ ਸੀ। ਸਾਨੂੰ ਲੱਗਦਾ ਸੀ ਇਹ ਬਹੁਤ ਕੀਮਤੀ ਹੋਣਗੀਆਂ। ਰੰਗਦਾਰ ਫੋਟੋਆਂ ਦੇਖ ਕੇ ਸਾਰੀਆਂ ਹੀ ਲੈ ਜਾਣ ਨੂੰ ਦਿਲ ਕਰੇ, ਪਰ ਅਸੀਂ ਕਿਤਾਬਾਂ ਦੇਖ ਕੇ ਮੁੜਨ ਲੱਗੇ ਤਾਂ ਦੁਕਾਨ ਵਾਲੇ ਨੇ ਸਾਨੂੰ ਬੁਲਾ ਲਿਆ। ਅਸੀਂ ਡਰੇ ਜਿਹਿਆਂ ਨੇ ਕਿਹਾ, “ਅਸੀਂ ਸਿਰਫ਼ ਦੁਕਾਨ ਦੇਖਣ ਆਏ ਸੀ।” ਉਸ ਨੇ ਬੜੇ ਪਿਆਰ ਨਾਲ ਕਿਹਾ, “ਦੁਕਾਨ ਨਹੀਂ, ਤੁਸੀਂ ਕਿਤਾਬਾਂ ਦੇਖਣ ਆਏ ਸੀ।” ਅਸੀਂ ਥੋਡ਼੍ਹਾ ਝੇਂਪ ਜਿਹੇ ਗਏ। ਉਸ ਨੇ ਕਿਹਾ, “ਤੁਸੀਂ ਕਿਹੜੀਆਂ ਕਿਤਾਬਾਂ ਪਸੰਦ ਕੀਤੀਆਂ ਨੇ। ਲੈ ਲਉ ਜਿੰਨੀਆਂ ਲੈਣੀਆਂ ਨੇ।” “ਜਿੰਨੀਆਂ” ਸ਼ਬਦ ਸੁਣ ਕੇ ਜਿੱਥੇ ਮਨ ਵਿੱਚ ਲਹਿਰ ਜਿਹੀ ਉੱਠੀ, ਉੱਥੇ ਅਫ਼ਸੋਸ ਵੀ ਹੋਇਆ ਕਿ ਪਤਾ ਨਹੀਂ ਕਿੰਨੇ ਦੀਆਂ ਹੋਣ। ਆਖ਼ਰ ਉਸ ਨੇ ਆਪ ਹੀ ਸਾਨੂੰ ਬੇਦਿਲ ਹੋਇਆਂ ਨੂੰ ਦੇਖ ਕੇ ਭਾਂਪ ਲਿਆ ਤੇ ਕਿਹਾ, “ਇੱਕ ਰੁਪਏ ਦੀਆਂ ਚਾਰ ਨੇ। ਇੱਕ ਮਹੀਨੇ ਵਿੱਚ ਵਾਪਸ ਕਰ ਦਿਉਗੇ ਤਾਂ ਹੋਰ ਕੋਈ ਪੈਸਾ ਨਹੀਂ ਕੱਟਾਂਗਾ। ਬਸ ਐਡਰੈੱਸ ਲਖਾ ਦਿਉ।” ਅਸੀਂ ਬੜੇ ਖ਼ੁਸ਼। ਐਡਰੈੱਸ ਲਿਖਾਇਆ ਤੇ ਕਿਤਾਬਾਂ ਦਾ ਰੁੱਗ ਭਰ ਕੇ ਲੈ ਆਏ। ਪਡ਼੍ਹਨ ਦੀ ਐਸੀ ਚੇਟਕ ਲੱਗੀ ਕਿ ਮਹੀਨਾ ਕਿਸ ਨੇ ਟਪਾਉਣਾ ਸੀ! ਬਦਲ ਬਦਲ ਕੇ ਅਸੀਂ ਦੋਵੇਂ ਕਿਤਾਬਾਂ ਪਡ਼੍ਹੀ ਜਾਂਦੇ ਤੇ ਹਰ ਦੂਜੇ ਤੀਜੇ ਦਿਨ ਉਸ ਦੀ ਦੁਕਾਨ ’ਤੇ ਹੁੰਦੇ। ਉਹ ਸਾਨੂੰ ਦੇਖ ਕੇ ਬਹੁਤ ਖ਼ੁਸ਼ ਹੁੰਦਾ। ਫਿਰ ਹਰ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਮੈਂ ਬਹੁਤ ਸਾਰੀਆਂ ਕੌਮਿਕਸ ਲੈ ਕੇ ਰੱਖ ਲੈਣੀਆਂ। ਸਾਨੂੰ ਨਾ ਖਾਣ ਦੀ ਸੁੱਧ ਹੁੰਦੀ ਨਾ ਪੀਣ ਦੀ। ਕੌਮਿਕ ਹੱਥ ਵਿੱਚ ਹੁੰਦੀ ਤੇ ਕੋਈ ਕੋਨਾ ਮੱਲ ਲਿਆ ਜਾਂਦਾ। ਬਸ, ਘੰਟਿਆਂਬੱਧੀ ਉੱਥੇ ਹੀ ਬੈਠੇ ਰਹਿਣਾ।
ਇੱਕ ਦਿਨ ਉਸੇ ਰੁਟੀਨ ਵਿੱਚ ਕੌਮਿਕਸ ਲੈਣ ਗਈ ਨੇ ਦੂਜੀਆਂ ਕਿਤਾਬਾਂ ਵੱਲ ਵੀ ਨਜ਼ਰ ਮਾਰਨੀ ਸ਼ੁਰੂ ਕਰ ਦਿੱਤੀ। ਨਾਨਕ ਸਿੰਘ ਦੀਆਂ ਬਹੁਤ ਸਾਰੀਆਂ ਕਿਤਾਬਾਂ ਪਈਆਂ ਸਨ ਤੇ ਦੁਕਾਨ ਵਿੱਚ ਲੱਗੇ ਕੁਝ ਪੋਸਟਰਾਂ ਵਿੱਚੋਂ ਇੱਕ ਪੋਸਟਰ ’ਤੇ ਬਣੀ ਫੋਟੋ ਦੇ ਹੇਠ ਨਾਨਕ ਸਿੰਘ ਲਿਖਿਆ ਸੀ। ਇਹ ਸਭ ਦੇਖ ਕੇ ਮੈਥੋਂ ਰਿਹਾ ਨਾ ਗਿਆ। ਸੋ ਮੈਂ ਪੁੱਛ ਹੀ ਲਿਆ, “ਇਹ ਬੰਦਾ ਕੌਣ ਏ?” ਦੁਕਾਨਦਾਰ ਨੂੰ ਬਹੁਤ ਖ਼ੁਸ਼ੀ ਹੋਈ। ਉਹ ਨਾਨਕ ਸਿੰਘ ਬਾਰੇ ਬਹੁਤ ਕੁਝ ਦੱਸਣ ਲੱਗ ਪਿਆ। ਸਮਝ ਤਾਂ ਮੈਨੂੰ ਕੁਝ ਨਹੀਂ ਸੀ ਆਈ, ਪਰ ਮੈਂ ਉਸ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਚਿੱਟਾ ਲਹੂ ਤੇ ਨਾਸੂਰ ਨਾਵਲ ਚੁੱਕ ਲਏ। ਨਾਵਲਾਂ ਦੇ ਪੰਨਿਆਂ ਉੱਪਰ ਨਾ ਫੋਟੋਆਂ ਸਨ ਤੇ ਨਾ ਹੀ ਉਹ ਕੌਮਿਕਸ ਵਾਂਗ ਛੋਟੇ ਆਕਾਰ ਦੇ ਸਨ। ਦੁਚਿੱਤੀ ਜਿਹੀ ਵਿੱਚ ਹੀ ਸੀ ਕਿ ਦੁਕਾਨਦਾਰ ਦੀ ਆਵਾਜ਼ ਨੇ ਇਕਦਮ ਚੌਂਕਾ ਦਿੱਤਾ, ‘‘ਇੱਕ ਗੱਲ ਸੁਣ ਬੇਟਾ, ਇਹ ਕਿਤਾਬਾਂ ਧਿਆਨ ਨਾਲ ਰੱਖੀਂ, ਪਾਟਣ ਨਾ। ਇੱਕ ਹੋਰ ਗੱਲ, ਇਨ੍ਹਾਂ ਦਾ ਕਿਰਾਇਆ ਵੀ ਵੱਧ ਏ। ਇਹ ਇਕੱਲੀ ਕਿਤਾਬ ਇੱਕ ਰੁਪਏ ਵਿੱਚ ਮਿਲੇਗੀ। ਮਹੀਨਾ ਭਰ ਰੱਖਣ ’ਤੇ ਇੱਕ ਰੁਪਈਆ, ਪਰ ਜੇਕਰ ਇਸ ਤੋਂ ਵੱਧ ਸਮਾਂ ਲੱਗਿਆ ਤਾਂ ਇੱਕ ਰੁਪਇਆ ਵਧ ਜਾਵੇਗਾ।’’ ਮੈਂ ਸਮਝ ਗਈ ਤੇ ਰਜਿਸਟਰ ਵਿੱਚ ਕਿਤਾਬਾਂ ਦਰਜ ਕਰਵਾ ਕੇ ਲੈ ਆਈ। ਕੁਝ ਦਿਨ ਤਾਂ ਕਿਤਾਬਾਂ ਪਡ਼੍ਹਨ ਨੂੰ ਦਿਲ ਹੀ ਨਾ ਕੀਤਾ। ਫਡ਼ ਕੇ ਰੱਖ ਦੇਣੀ। ਕਦੇ ਦੋ ਪੰਨੇ ਪਡ਼੍ਹਨੇ, ਫਿਰ ਰੱਖ ਦੇਣੀ। ਇੱਕ ਦਿਨ ਹੌਸਲਾ ਕਰਕੇ ਚਿੱਟਾ ਲਹੂ ਪਡ਼੍ਹਨਾ ਸ਼ੁਰੂ ਕਰ ਦਿੱਤਾ। ਦੋ ਢਾਈ ਘੰਟੇ ਲਗਾਤਾਰ ਪਡ਼੍ਹ ਕੇ ਛੱਡਿਆ। ਇਹ ਪਹਿਲਾ ਨਾਵਲ ਸੀ ਜਿਸ ਨੂੰ ਪਡ਼੍ਹ ਕੇ ਸਮਝ ਆਈ ਕਿ ਇਹ ਸੱਚਮੁੱਚ ਚਾਰ ਕੌਮਿਕਸ ਦੀਆਂ ਕੀਮਤਾਂ ਦੇ ਬਰਾਬਰ ਇਕੱਲਾ ਕਿਉਂ ਸੀ। ਫਿਰ ਨਾਸੂਰ ਪਡ਼੍ਹਿਆ। ਮਹੀਨੇ ਤੋਂ ਪਹਿਲਾਂ ਮੈਂ ਉਸ ਨੂੰ ਇਹ ਪੁਸਤਕਾਂ ਵਾਪਸ ਕਰਨ ਚੱਲੀ ਗਈ। ਉਹ ਬਹੁਤ ਖ਼ੁਸ਼ ਹੋਇਆ। ਜਸਵੰਤ ਕੰਵਲ ਬਾਰੇ ਦੱਸਣ ਲੱਗਾ। ਈਸ਼ਵਰ ਚੰਦਰ ਨੰਦਾ ਦਾ ਤਾਂ ਉਹ ਮੁਰੀਦ ਲੱਗਦਾ ਸੀ। ਮੈਂ ਇਸ ਵਾਰ ਉਸ ਦੀ ਨਾ ਸੁਣੀ ਤੇ ਮੁਨਸ਼ੀ ਪ੍ਰੇਮ ਚੰਦ ਦੀਆਂ ਕਹਾਣੀਆਂ ਚੁੱਕ ਲਈਆਂ। ਉਸ ਨੇ ਮੁਨਸ਼ੀ ਪ੍ਰੇਮ ਚੰਦ ਬਾਰੇ ਵੀ ਕੁਝ ਦੱਸਿਆ। ਮੇਰੇ ਯਾਦ ਸਿਰਫ਼ ਇਹ ਹੈ ਕਿ “ਇਸ ਨੂੰ ਪਡ਼੍ਹ ਕੇ ਬੱਚਿਆਂ ਦੀ ਸੋਚ ਬਦਲ ਜਾਂਦੀ ਏ।” ਸੋਚ ਬਦਲਦੀ ਜਾਂ ਨਹੀਂ, ਪਰ ਉਹ ਕਿਤਾਬ ਪਡ਼੍ਹ ਕੇ ਮਹਿਸੂਸ ਹੋਇਆ ਕਿ ਇਹ ਕਿਤਾਬਾਂ ਵਾਪਸ ਕਰਨ ਨੂੰ ਦਿਲ ਨਹੀਂ ਸੀ ਕਰਦਾ ਮੇਰਾ। ਮੈਂ ਕੁਝ ਦਿਨਾਂ ਬਾਅਦ ਉਸ ਕੋਲ ਗਈ ਤੇ ਕਿਹਾ, “ਇਹ ਕਿਤਾਬਾਂ ਮੈਨੂੰ ਪੱਕੀਆਂ ਦੇ ਦਿਉ। ਮੈਂ ਕੋਲ ਰੱਖਣੀਆਂ ਨੇ।” ਉਸ ਨੇ ਬਹੁਤ ਖ਼ੁਸ਼ ਹੋ ਕੇ ਕਿਹਾ ਸੀ, “ਬਹੁਤ ਚੰਗੀ ਗੱਲ ਏ। ਕਿਤਾਬਾਂ ਕੋਲ ਰੱਖਣੀਆਂ ਚਾਹੀਦੀਆਂ ਨੇ ਪਰ ਮੈਂ ਤਾਂ ਨਹੀਂ ਦੇ ਸਕਦਾ। ਤੈਨੂੰ ਕਿਤਾਬਾਂ ਲੈਣ ਲਈ ਅੰਮ੍ਰਿਤਸਰ ਜਾਣਾ ਪੈਣਾ। ਉੱਥੇ ਮਿਲਦੀਆਂ ਨੇ ਇਹੋ ਜਿਹੀਆਂ ਕਿਤਾਬਾਂ। ਆਪਣੇ ਘਰਦਿਆਂ ਨਾਲ ਜਾ ਜਾਵੀਂ ਤੇ ਲੈ ਆਵੀਂ।” ਕੁਝ ਦਿਨਾਂ ਬਾਅਦ ਉਸ ਦੁਆਰਾ ਦੱਸੀਆਂ ਥਾਵਾਂ ਤੋਂ ਪਿਤਾ ਜੀ ਕੁਝ ਕਿਤਾਬਾਂ ਉੱਥੋਂ ਦੇ ਦੁਕਾਨਦਾਰ ਨੂੰ ਪੁੱਛ ਕੇ ਲੈ ਆਏ। ਇਨ੍ਹਾਂ ਵਿੱਚੋਂ ਜੋ ਮੈਨੂੰ ਬਹੁਤ ਪਸੰਦ ਆਈਆਂ ਉਹ ਸਨ ਗਾਰਗੀ ਦੇ ਰੇਖਾ ਚਿੱਤਰ, ਪੰਜਾਬ ਦੇ ਮਹਾਨ ਕਲਾਕਾਰ ਤੇ ਨਿੰਮ ਦੇ ਪੱਤੇ।
ਮੈਨੂੰ ਕਿਤਾਬਾਂ ਖਰੀਦਣ ਦੀ ਆਦਤ ਪੈ ਗਈ ਤੇ ਮੇਰੇ ਪਿਤਾ ਜੀ ਨੂੰ ਵੀ ਇਸ ਚੇਟਕ ਨੇ ਘੇਰ ਲਿਆ। ਸਾਡੇ ਘਰ ਵਿੱਚ ਉਨ੍ਹਾਂ ਦੀਆਂ ਹੀ ਕਿਤਾਬਾਂ ਹੁੰਦੀਆਂ ਸਨ, ਪਰ ਉਹ ਸਾਰੀਆਂ ਧਾਰਮਿਕ ਹੀ ਸਨ। ਮੇਰੇ ਲਈ ਕਿਤਾਬਾਂ ਲਿਆਉਣ ਲਈ ਮੇਰੇ ਪਿਤਾ ਜੀ ਹਰ ਪਡ਼੍ਹੇ-ਲਿਖੇ ਤੋਂ ਸਲਾਹ ਲੈਂਦੇ। ਇਸ ਸਭ ਦੌਰਾਨ ਉਹ ਇਨ੍ਹਾਂ ਕਿਤਾਬਾਂ ਦੀ ਗ੍ਰਿਫ਼ਤ ਵਿੱਚ ਕਦੋਂ ਆ ਗਏ ਸ਼ਾਇਦ ਉਨ੍ਹਾਂ ਨੂੰ ਵੀ ਪਤਾ ਨਹੀਂ ਲੱਗਾ। ਇਸ ਸਭ ਦੀ ਚੇਟਕ ਲਾਉਣ ਵਾਲੇ ਨੂੰ ਮੈਂ ਕਿਤੇ ਮਾਨੋ ਵਿਸਾਰ ਹੀ ਗਈ ਸੀ। ਅਕਸਰ ਬਜ਼ਾਰ ਵਿੱਚੋਂ ਲੰਘਦਿਆਂ ਮੈਂ ਆਦਤਨ ਉਸ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਲੰਘ ਜਾਂਦੀ। ਕਿਤਾਬਾਂ ਦੀ ਦੁਨੀਆਂ ਮੈਨੂੰ ਚੰਗੀ ਲੱਗਣ ਲੱਗ ਪਈ ਸੀ। ਕੁਝ ਚਿਰ ਪਿੱਛੋਂ ਉਹ ਦੁਕਾਨ ਬਹੁਤ ਸਮਾਂ ਬੰਦ ਹੀ ਰਹੀ। ਮੈਨੂੰ ਫ਼ਿਕਰ ਹੋਈ। ਮੈਂ ਕਿਸੇ ਨੂੰ ਇਸ ਬਾਬਤ ਪੁੱਛਣ ਦਾ ਹੀਆ ਵੀ ਨਾ ਕੀਤਾ। ਲਗਭਗ ਇੱਕ ਦੋ ਮਹੀਨੇ ਬਾਅਦ ਉੱਥੇ ਇੱਕ ਆਲੀਸ਼ਾਨ ਦੁਕਾਨ ਦਾ ਉਦਘਾਟਨ ਹੋਇਆ। ਫੁੱਲਾਂ ਨਾਲ ਸਜੀ ਦੁਕਾਨ ਦੇ ਬਾਹਰ ਮਠਿਆਈਆਂ ਵੰਡੀਆਂ ਜਾ ਰਹੀਆਂ ਸਨ। ਇਹ ਦੁਕਾਨ ਸੀ ਮੋਬਾਈਲ ਦੀ। ਇੱਥੇ ਵੰਨ-ਸੁਵੰਨੇ ਡੱਬੇ ਪਏ ਸਨ ਜਿਨ੍ਹਾਂ ਉੱਪਰ ਵੱਖ ਵੱਖ ਮੋਬਾਈਲਾਂ ਦੀਆਂ ਫੋਟੋਆਂ ਬਣੀਆਂ ਸਨ। ਨਾਲ ਹੀ ਇੱਕ ਪਾਸੇ ਫੋਟੋ ਸਟੇਟ ਦੀ ਮਸ਼ੀਨ ਰੱਖੀ ਸੀ। ਮੈਨੂੰ ਉਹ ਦੁਕਾਨ ਦੇਖ ਕੇ ਕਾਹਲ ਜਿਹੀ ਪਈ। ਮੈਂ ਉਸ ਦਿਨ ਤਾਂ ਨਿਰਾਸ਼ ਹੋ ਕੇ ਘਰ ਆ ਗਈ। ਕੁਝ ਦਿਨਾਂ ਬਾਅਦ ਕਈ ਸਵਾਲ ਮਨ ਵਿੱਚ ਲੈ ਕੇ ਉਸ ਦੁਕਾਨ ’ਤੇ ਚਲੀ ਗਈ। ਨਵੇਂ ਦੁਕਾਨਦਾਰ ਤੋਂ ਪਹਿਲੇ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਕੰਮ ਵਿੱਚ ਘਾਟਾ ਬਹੁਤ ਪੈ ਰਿਹਾ ਸੀ। ਇਹ ਘਾਟੇ ਵਾਲੀ ਗੱਲ ਨੇ ਮੇਰੇ ਪਹਿਲੇ ਕਈ ਸਵਾਲਾਂ ਦੇ ਜੁਆਬ ਦੇ ਦਿੱਤੇ ਸਨ। ਬਹੁਤ ਕੁਝ ਸਮਝ ਆ ਰਿਹਾ ਸੀ। ਸਮੇਂ ਦੀ ਚਾਲ ਵਿੱਚ ‘ਲੋੜ’ ਦੇ ਅਸਲ ਅਰਥ ਸਮਝ ਆ ਰਹੇ ਸਨ। ਪਹਿਲੀ ਦੁਕਾਨ ਦੀ ਥਾਂ ਦੂਜੀ ਕਿਉਂ ਲੈ ਲੈਂਦੀ ਹੈ, ਸਮਝ ਆ ਗਿਆ ਸੀ। ਬਸ ਇੱਕੋ ਸਵਾਲ ਰਹਿ ਜਾਂਦਾ ਸੀ ਕਿ ਪਹਿਲਾ ਦੁਕਾਨਦਾਰ ਕਿੱਥੇ ਗਿਆ, ਉਸ ਦਾ ਕੀ ਬਣਿਆ? ਸਮੇਂ ਦੀ ਦੌੜ ਵਿੱਚ ਪਿੱਛੇ ਰਹਿ ਗਿਆਂ ਦਾ ਕੀ ਬਣਦਾ ਹੈ, ਹੁਣ ਇਹ ਵੀ ਸਮਝ ਆ ਗਿਆ।