For the best experience, open
https://m.punjabitribuneonline.com
on your mobile browser.
Advertisement

ਤਾਪਮਾਨ ਵਧਣ ਨਾਲ ਏਸੀ ਤੇ ਫਰਿਜ ਦੀ ਵਿਕਰੀ ਵਧੀ

06:47 AM Jun 19, 2024 IST
ਤਾਪਮਾਨ ਵਧਣ ਨਾਲ ਏਸੀ ਤੇ ਫਰਿਜ ਦੀ ਵਿਕਰੀ ਵਧੀ
ਇਲੈਕਟ੍ਰੌਨਿਕਸ ਦੀਆਂ ਦੁਕਾਨਾਂ ’ਤੇ ਖ਼ਰੀਦਦਾਰੀ ਕਰਦੇ ਹੋਏ ਗਾਹਕ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 18 ਜੂਨ
ਅੰਤਾਂ ਦੀ ਪੈ ਰਹੀ ਗਰਮੀ ਕਾਰਨ ਇਲੈਕਟ੍ਰੌਨਿਕਸ ਕਾਰੋਬਾਰ ਵਿੱਚ ਖ਼ਰੀਦਦਾਰਾਂ ਦੀ ਗਿਣਤੀ ਵਧਣ ਲੱਗੀ ਹੈ। ਲੋਕਾਂ ਨੇ ਆਪਣੀ ਵਿੱਤੀ ਹਾਲਤ ਅਨੁਸਾਰ ਏਸੀ, ਫ਼ਰਿਜ ਅਤੇ ਪੱਖਿਆਂ ਨੂੰ ਖ਼ਰੀਦਣਾ ਸ਼ੁਰੂ ਕਰ ਦਿੱਤਾ ਹੈ। ਇਲੈਕਟ੍ਰੌਨਿਕਸ ਦੀਆਂ ਦੁਕਾਨਾਂ ’ਤੇ ਖ਼ਰੀਦਦਾਰਾਂ ਦੀ ਗਿਣਤੀ ਵਧਣ ਨਾਲ ਏਸੀ ਫਰਿਜ ਆਦਿ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ ਪਰ ਕੀਮਤਾਂ ਵਧਣ ਦੇ ਬਾਵਜੂਦ ਗਾਹਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪੰਜਾਬ ਸਰਕਾਰ ਵੱਲੋਂ ਬਿਜਲੀ ਦੀਆਂ ਪ੍ਰਤੀ ਮਹੀਨਾ ਤਿੰਨ ਸੌ ਯੂਨਿਟ ਮਾਫ਼ ਕਰਨ ਦੀ ਸਹੂਲਤ ਮੁਹੱਈਆ ਕਰਵਾਉਣ ਕਰਕੇ ਇਸ ਵਾਰ ਲੋਕ ਕੂਲਰ ਘੱਟ ਖ਼ਰੀਦ ਰਹੇ ਹਨ ਅਤੇ ਏਸੀ ਖ਼ਰੀਦਣ ਵਿੱਚ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ। ਏਸੀ. ਦੀ ਵਧਦੀ ਵਿੱਕਰੀ ਕਾਰਨ ਵਪਾਰੀਆਂ ਦੇ ਚਿਹਰਿਆਂ ’ਤੇ ਰੌਣਕ ਹੈ। ਜ਼ਿਲ੍ਹੇ ਵਿੱਚ ਪੂਰਵ ਮੌਨਸੂਨ ਦੀ ਉਦਾਸੀਨਤਾ ਦਾ ਅਸਰ ਇਲੈਕਟ੍ਰੌਨਿਕਸ ਕਾਰੋਬਾਰ ’ਤੇ ਨਜ਼ਰ ਆ ਰਿਹਾ ਹੈ।
ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਸਾਲਾਂ ’ਚ ਗਰਮੀਆਂ ਦੌਰਾਨ ਕੂਲਰਾਂ ਦੀ ਜ਼ਿਆਦਾ ਵਿੱਕਰੀ ਹੁੰਦੀ ਸੀ ਅਤੇ ਏਸੀ ਘੱਟ ਵਿਕਦੇ ਸਨ ਪਰ ਇਸ ਸਾਲ ਕੂਲਰਾਂ ਨਾਲੋਂ ਜ਼ਿਆਦਾ ਏਸੀ ਵਿਕ ਰਹੇ ਹਨ। ਉਂਜ, ਦੇਸ਼ ‘ਚ ਵਧਦੀ ਮਹਿੰਗਾਈ ਦਾ ਅਸਰ ਇਲੈਕਟ੍ਰੌਨਿਕਸ ਉਤਪਾਦਾਂ ’ਤੇ ਵੀ ਪਿਆ ਹੈ। ਫਰਿੱਜ, ਏਸੀ, ਪੱਖੇ ਅਤੇ ਕੂਲਰ ਦੀਆਂ ਕੀਮਤਾਂ ਵਧ ਗਈਆਂ ਹਨ। ਇਸ ਵਾਰ ਕੀਮਤਾਂ ਵਿੱਚ ਕਰੀਬ ਦਸ ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਕਾਰਨ ਇੱਕ ਸਾਧਾਰਨ ਕੂਲਰ 3,000 ਰੁਪਏ ਤੋਂ ਲੈ ਕੇ 20,000 ਰੁਪਏ ਵਿੱਚ ਮਿਲਦਾ ਹੈ ਜਦੋਂ ਕਿ ਏਸੀ 29 ਹਜ਼ਾਰ ਰੁਪਏ ਤੋਂ ਲੈ ਕੇ 70 ਹਜ਼ਾਰ ਰੁਪਏ ਤੱਕ ਅਤੇ ਪੱਖੇ 1200 ਰੁਪਏ ਤੋਂ ਲੈ ਕੇ 15 ਤੋਂ 20 ਹਜ਼ਾਰ ਰੁਪਏ ਤੱਕ ਉਪਲਬਧ ਹਨ। ਪੇਂਡੂ ਖੇਤਰਾਂ ਤੋਂ ਆਉਣ ਵਾਲੇ ਗਾਹਕਾਂ ਵਿੱਚ ਵੀ ਏਸੀ ਅਤੇ ਪੱਖਿਆਂ ਦੀ ਵਧੇਰੇ ਮੰਗ ਹੈ। ਇਸ ਵਾਰ ਲੋਕ ਕੂਲਰਾਂ ਦੀ ਥਾਂ ਏਸੀ ਅਤੇ ਪੱਖੇ ਖ਼ਰੀਦ ਰਹੇ ਹਨ।
ਇਲੈਕਟ੍ਰੌਨਿਕਸ ਕਾਰੋਬਾਰੀ ਹਰਮੇਸ਼ ਕੁਮਾਰ ਨੇ ਦੱਸਿਆ ਕਿ ਗਰਮੀਆਂ ਦੇ ਸੀਜ਼ਨ ਵਿੱਚ ਸਾਲ ਦਾ 40 ਫ਼ੀਸਦੀ ਕਾਰੋਬਾਰ ਹੁੰਦਾ ਹੈ। ਇਸ ਵਾਰ ਕੰਨੀਆਂ ਨੇ ਇਲੈਕਟ੍ਰੋਨਿਕਸ ਸਾਮਾਨ ਦੀ ਖ਼ਰੀਦ ‘ਤੇ ਛੋਟ ਵੀ ਵਧਾ ਦਿੱਤੀ ਹੈ। ਇਸ ਨਾਲ ਗਾਹਕਾਂ ਵਿੱਚ ਖ਼ਰੀਦਦਾਰੀ ਦਾ ਉਤਸ਼ਾਹ ਵੀ ਵਧ ਰਿਹਾ ਹੈ। ਤਾਂਬੇ ਦੀ ਕੀਮਤ ਵਧਣ ਕਾਰਨ ਇਲੈਕਟ੍ਰਿਕ ਸਾਮਾਨ ਦੀਆਂ ਕੀਮਤਾਂ ਵਧ ਗਈਆਂ ਹਨ ਪਰ ਇਸ ਦਾ ਅਸਰ ਕਾਰੋਬਾਰ ’ਤੇ ਨਜ਼ਰ ਨਹੀਂ ਆ ਰਿਹਾ ਹੈ। ਉਸ ਨੇ ਕਿਹਾ ਕਿ ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ ,ਤਿਵੇਂ- ਤਿਵੇਂ ਇਲੈਕਟ੍ਰੋਨਿਕਸ ਦਾ ਕਾਰੋਬਾਰ ਵੀ ਵਧ ਰਿਹਾ ਹੈ।

Advertisement

Advertisement
Advertisement
Author Image

joginder kumar

View all posts

Advertisement