ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਪੰਚ ਨੇ ਅਹੁਦਾ ਸੰਭਾਲਦੇ ਹੀ ਨਸ਼ਿਆਂ ਖ਼ਿਲਾਫ਼ ਮਤੇ ’ਤੇ ਲਾਈ ਮੋਹਰ

10:03 AM Nov 28, 2024 IST
ਨੰਗਲ ਕਲਾਂ ਦੇ ਸਰਪੰਚ ਰੇਸ਼ਮ ਸਿੰਘ ਅਤੇ ਪਿੰਡ ਵਾਸੀ ਨਸ਼ੇ ਵਿਰੁੱਧ ਮਤੇ ’ਤੇ ਮੋਹਰ ਲਾਉਂਦੇ ਹੋਏ। -ਫੋਟੋ: ਮਾਨ

ਪੱਤਰ ਪ੍ਰੇਰਕ
ਮਾਨਸਾ, 27 ਨਵੰਬਰ
ਪਿੰਡ ਨੰਗਲ ਕਲਾਂ ਦੀ ਨਵੀਂ ਬਣੀ ਪੰਚਾਇਤ ਨੇ ਅਹੁਦਾ ਸੰਭਾਲਦਿਆਂ ਹੀ ਪਹਿਲੀ ਮੋਹਰ ਨਸ਼ੇ ਖ਼ਿਲਾਫ਼ ਲਾਈ ਹੈ। ਪਿੰਡ ਦੀ ਪੰਚਾਇਤ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਮਤਾ ਪਾਕੇ ਐਲਾਨ ਕਰ ਦਿੱਤਾ ਹੈ ਕਿ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਪਿੰਡ ਦੀ ਪੰਚਾਇਤ ਨੇ ਚਿਤਾਵਨੀ ਦਿੱਤੀ ਕਿ ਜੇ ਕੋਈ ਸਿਆਸੀ ਨੇਤਾ ਨਸ਼ਾ ਤਸ਼ਕਰ ਦੀ ਮਦਦ ਕਰੇਗਾ ਤਾਂ ਉਸਦੇ ਖਿਲਾਫ ਵੀ ਪਿੰਡ ਵਾਸੀਆਂ ਸਖ਼ਤ ਰੁਖ ਅਪਣਾਇਆ ਜਾਵੇਗਾ। ਪੰਚਾਇਤੀ ਚੋਣਾਂ ਦੌਰਾਨ ਪੰਚਾਇਤ ਨੇ ਪਿੰਡ ਦੇ ਲੋਕਾਂ ਨਾਲ ਨਸ਼ੇ ਬਿਲਕੁਲ ਬੰਦ ਕਰਨ ਦਾ ਵਾਅਦਾ ਕੀਤੀ ਸੀ ਅਤੇ ਅੱਜ ਪੰਚਾਇਤ ਨੇ ਪਹਿਲੀ ਮੋਹਰ ਨਸ਼ਿਆਂ ਖ਼ਿਲਾਫ਼ ਮਤਾ ਪਾਕੇ ਨਸ਼ਾ ਤਸ਼ਕਰਾਂ ਵਿਰੁੱਧ ਲਾਈ ਹੈ। ਪੰਚਾਇਤ ਦੀ ਇਸ ਨਿਵੇਕਲੀ ਕਾਰਵਾਈ ਦੀ ਇਲਾਕੇ ਵਿੱਚ ਖੂਬ ਚਰਚਾ ਛਿੜ ਪਈ ਹੈ। ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਵੀ ਅਜਿਹੇ ਮਤੇ ਅਗਲੇ ਦਿਨਾਂ ’ਚ ਪਾ ਸਕਦੀਆਂ ਹਨ।
ਪਿੰਡ ਨੰਗਲ ਕਲਾਂ ਦੀ ਪੰਚਾਇਤ ਦੇ ਸਰਪੰਚ ਰੇਸ਼ਮ ਸਿੰਘ ਨੇ ਲੋਕਾਂ ਦੇ ਇਕੱਠ ਦੀ ਮੌਜੂਦਗੀ ਵਿੱਚ ਕਿਹਾ ਕਿ ਪਿੰਡ ਵਿੱਚ ਕਿਸੇ ਵੀ ਵਿਅਕਤੀ ਨੂੰ ਨਸ਼ਾ ਵੇਚਣ ਦੀ ਆਗਿਆ ਨਹੀਂ ਹੋਵੇਗੀ ਅਤੇ ਜੇ ਕੋਈ ਵਿਅਕਤੀ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਦੀ ਖ਼ੈਰ ਨਹੀਂ ਅਤੇ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਜਾਵੇਗੀ। ਉਨ੍ਹਾਂ ਪਿੰਡ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਨੌਜਵਾਨ ਨਸ਼ੇ ਦੀ ਗ੍ਰਿਫ਼ਤ ਵਿੱਚ ਹੈ ਅਤੇ ਨਸ਼ਾ ਛੱਡਣਾ ਚਾਹੁੰਦਾ ਹੈ, ਪੰਚਾਇਤ ਉਸ ਦਾ ਨਸ਼ਾ ਛੁਡਵਾਏਗੀ ਅਤੇ ਉਸਦੀ ਹਰ ਤਰ੍ਹਾਂ ਦੀ ਮਦਦ ਵੀ ਕਰੇਗੀ। ਉਨ੍ਹਾਂ ਮਤੇ ਦੇ ਵਿੱਚ ਪਿੰਡ ਦੇ ਵਿੱਚ ਕਰਿਆਨੇ ਦੀਆਂ ਦੁਕਾਨਾਂ ਵਾਲਿਆਂ ਨੂੰ ਤਾੜਨਾ ਕੀਤੀ ਕਿ ਕਿਸੇ ਵੀ ਸਕੂਲੀ ਵਿਦਿਆਰਥੀ ਨੂੰ ਤੰਬਾਕੂ ਆਦਿ ਨਾ ਦਿੱਤਾ ਜਾਵੇ ਅਤੇ ਬੱਚਿਆਂ ਨੂੰ ਤੰਬਾਕੂ ਦਾ ਸੇਵਨ ਕਰਨ ਤੋਂ ਰੋਕਣ ਦੇ ਲਈ ਸਕੂਲ ਦੇ ਵਿੱਚ ਸਮੇਂ-ਸਮੇਂ ’ਤੇ ਪੰਚਾਇਤ ਵੱਲੋਂ ਬੱਚਿਆਂ ਨਾਲ ਮੀਟਿੰਗ ਵੀ ਕੀਤੀ ਜਾਇਆ ਕਰੇਗੀ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿੱਚ ਮੈਡੀਕਲ ਸਟੋਰਾਂ ’ਤੇ ਕਿਸੇ ਵੀ ਵਿਅਕਤੀ ਨੂੰ ਸਰਿੰਜ ਨਾ ਦਿੱਤੀ ਜਾਵੇ ਅਤੇ ਨਾ ਹੀ ਕੋਈ ਨਸ਼ੀਲੇ ਪਦਾਰਥ ਵੇਚੇ ਜਾਣ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਜੋ ਪਿੰਡ ਵਾਸੀਆਂ ਨਾਲ ਨਸ਼ਾ ਮੁਕਤ ਪਿੰਡ ਕਰਨ ਦਾ ਵਾਅਦਾ ਕੀਤਾ ਸੀ, ਉਸ ਮੁਹਿੰਮ ਦਾ ਆਗਾਜ਼ ਹੋ ਚੁੱਕਿਆ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ ਨੂੰ ਨਸ਼ਾ ਮੁਕਤ ਕਰਕੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਲਈ ਪਿੰਡ ਦੀ ਪੰਚਾਇਤ ਦੀ ਪਹਿਲ ਹੋਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਅਤੇ ਸੁਖਦੀਪ ਸਿੰਘ ਵੀ ਮੌਜੂਦ ਸਨ।

Advertisement

Advertisement