ਵਕੀਲ ਹੋਣ ਨਾਤੇ ਸਾਨੂੰ ਬੇਇਨਸਾਫੀ ਖ਼ਿਲਾਫ਼ ਖੜ੍ਹਨਾ ਚਾਹੀਦੈ: ਚੀਫ ਜਸਟਿਸ
ਬੰਗਲੂਰੂ, 26 ਅਗਸਤ
ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਕਿਹਾ ਕਿ ਵਕੀਲ ਹੋਣ ਦੇ ਨਾਤੇ ਸਾਨੂੰ ਬੇਇਨਸਾਫੀ ਤੇ ਪੱਖਪਾਤ ਦੇ ਖ਼ਿਲਾਫ਼ ਖੜ੍ਹਨਾ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨਵੇਂ ਵਕੀਲਾਂ ਨੂੰ ਤਬਦੀਲੀ ਵੱਲ ਵਧਣ ਦਾ ਸੱਦਾ ਵੀ ਦਿੱਤਾ। ਬੰਗਲੂਰੂ ’ਚ ਨੈਸ਼ਨਲ ਲਾਅ ਸਕੂਲ ਆਫ ਇੰਡੀਆ ਯੂਨੀਵਰਸਿਟੀ ਦੀ 31ਵੀਂ ਕਾਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਚੀਫ ਜਸਟਿਸ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਕਾਨੂੰਨ ਦਾ ਇੱਕ ਨੌਜਵਾਨ ਵਿਦਿਆਰਥੀ ਜੋ ਕਾਨੂੰਨ ਦੇ ਦਫ਼ਤਰ ’ਚ ਇੰਟਰਨਸ਼ਿਪ ਲਈ ਗਿਆ, ਉਸ ਨੂੰ ਪੁੱਛਿਆ ਗਿਆ ਸੀ ਕਿ ਉਸ ਦੀ ਜਾਤੀ ਕੀ ਹੈ ਅਤੇ ਜਦੋਂ ਉਸ ਨੇ ਦੱਸੀ ਤਾਂ ਉਸ ਨੂੰ ਵਾਪਸ ਨਾ ਆਉਣ ਲਈ ਕਿਹਾ ਗਿਆ। ਉਨ੍ਹਾਂ ਕਿਹਾ, ‘ਇਸ ਨਾਲ ਮੈਨੂੰ ਨਿਰਾਸ਼ਾ ਹੋਈ। ਬਤੌਰ ਵਕੀਲ ਸਾਨੂੰ ਪੱਖਪਾਤ ਤੇ ਬੇਇਨਸਾਫੀ ਖ਼ਿਲਾਫ਼ ਖੜ੍ਹਨਾ ਯਕੀਨੀ ਬਣਾਉਣਾ ਚਾਹੀਦਾ ਹੈ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਸੰਵਿਧਾਨਕ ਕਦਰਾਂ-ਕੀਮਤਾਂ ਦਾ ਪਾਲਣ ਯਕੀਨੀ ਬਣਾਇਆ ਜਾਵੇ ਅਤੇ ਇਸ ਤੋਂ ਪਤਾ ਲਗਦਾ ਹੈ ਕਿ ਕੁਝ ਵਕੀਲ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣਾ ਤਾਂ ਦੂਰ, ਬਲਕਿ ਕਾਨੂੰਨ ਦੀ ਉਲੰਘਣਾ ਵੀ ਕਰ ਰਹੇ ਹਨ।’ ਚੀਫ ਜਸਟਿਸ ਨੇ ਕਿਹਾ, ‘ਸੁਪਰੀਮ ਕੋਰਟ ਇਸ ਸਮੇਂ ਬੁਨਿਆਦੀ ਸੰਵਿਧਾਨਕ ਮੁੱਦਿਆਂ ’ਚ ਉਲਝਿਆ ਹੋਇਆ ਹੈ। ਅਸੀਂ ਲਿੰਗਕ ਰੂੜੀਵਾਦ ਬਾਰੇ ਇੱਕ ਕਿਤਾਬਚਾ ਜਾਰੀ ਕੀਤਾ ਹੈ ਜਿਸ ’ਚ ਦੱਸਿਆ ਗਿਆ ਹੈ ਕਿ ਸਾਨੂੰ ਕਿਸੇ ਔਰਤ ਨੂੰ ਗ੍ਰਹਿਣੀ ਕਿਉਂ ਨਹੀਂ ਕਹਿਣਾ ਚਾਹੀਦਾ ਜਾਂ ਕਿਸੇ ਜਬਰ ਜਨਾਹ ਪੀੜਤ ਮਹਿਲਾ ਦਾ ਨਾਂ ਕਿਉਂ ਨਹੀਂ ਲੈਣਾ ਚਾਹੀਦਾ।’ -ਪੀਟੀਆਈ