ਏਐੱਸ ਕਾਲਜ ਨੇ ਖੇਡ ਮੁਕਾਬਲਿਆਂ ’ਚ ਦਸ ਮੈਡਲ ਜਿੱਤੇ
ਨਿੱਜੀ ਪੱਤਰ ਪ੍ਰੇਰਕ
ਖੰਨਾ, 21 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਤਹਿਤ ਸਥਾਨਕ ਨਰੇਸ਼ ਚੰਦਰ ਸਟੇਡੀਅਮ ਵਿੱਚ ਚੱਲ ਰਹੇ ਵੱਖ ਵੱਖ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਏ.ਐੱਸ ਕਾਲਜ ਫ਼ਾਰ ਵਿਮੈਨ ਦੀਆਂ ਵਿਦਿਆਰਥਣਾਂ ਨੇ 10 ਮੈਡਲ ਹਾਸਲ ਕਰ ਕੇ ਕਾਲਜ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰਣਜੀਤ ਕੌਰ ਅਤੇ ਡਾ. ਗੋਲਡੀ ਗਰਗ ਨੇ ਦੱਸਿਆ ਕਿ ਵੇਟ ਲਿਫਟਿੰਗ 87 ਕਿਲੋ ਭਾਰ ਵਰਗ ਵਿਚ ਗੁਰਸਿਮਰਨ ਅਤੇ 49 ਕਿਲੋ ਵਿਚ ਪ੍ਰਾਚੀ ਨੇ ਸੋਨ ਤਗ਼ਮਾ, ਪਾਵਰ ਲਿਫਟਿੰਗ 50 ਕਿਲੋ ਵਿਚ ਕਾਜਲ ਅਤੇ ਕੋਮਲਪ੍ਰੀਤ ਨੇ ਸੋਨ ਤਗ਼ਮਾ, 70 ਕਿਲੋ ਵਿਚ ਮਨਵੀਰ ਨੇ ਚਾਂਦੀ ਤੇ 50 ਕਿਲੋ ਵਿਚ ਦੀਪਸ਼ਿਖਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ 81 ਕਿਲੋ ਭਾਰ ਵਰਗ ਵਿੱਚ ਦੇਵੀ ਨੇ ਚਾਂਦੀ, ਵਿਸ਼ਾਖਾ ਨੇ ਕਾਂਸੀ, ਪਾਵਰ ਲਿਫਟਿੰਗ 70 ਕਿਲੋ ਵਿੱਚ ਜੈਸਿਕਾ ਨੇ ਕਾਂਸੀ ਅਤੇ 60 ਕਿਲੋ ਵਿਚ ਵਿਜੈ ਲਛਮੀ ਨੇ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਜੈ ਡਾਇਮੰਡ, ਜਤਿੰਦਰ ਦੇਵਗਨ, ਰਾਜੇਸ਼ ਡਾਲੀ, ਕਵਿਤਾ ਗੁਪਤਾ, ਰਵਿੰਦਰ ਕੁਮਾਰ, ਮਾਨਸੀ ਪੁੰਜ, ਕੋਚ ਬਬੀਤਾ ਨੇ ਜੇਤੂ ਵਿਦਿਆਰਥਣਾਂ ਦਾ ਕਾਲਜ ਪੁੱਜਣ ’ਤੇ ਭਰਵਾਂ ਸਵਾਗਤ ਕਰਦਿਆਂ ਅੱਗੋਂ ਵੀ ਸਖ਼ਤ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਆ।
ਗੁਲਜ਼ਾਰ ਗਰੁੱਪ ’ਚ ਹੋਸਟਲ ਫੁਟਬਾਲ ਲੀਗ
ਖੰਨਾ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟਸ ਵੱਲੋਂ ਅੱਜ ਸਾਲਾਨਾ ਹੋਸਟਲ ਫੁਟਬਾਲ ਲੀਗ ਕਰਵਾਈ ਗਈ, ਜਿਸ ਦਾ ਮੁੱਖ ਉਦੇਸ਼ ਹੋਸਟਲ ਦੇ ਵਿਦਿਆਰਥੀਆਂ ਵਿੱਚ ਖੇਡਾਂ, ਆਪਸੀ ਤਾਲਮੇਲ ਅਤੇ ਸਾਂਝ ਨੂੰ ਉਤਸਾਹਿਤ ਕਰਨਾ ਸੀ। ਇਸ ਦੌਰਾਨ ਵੱਖ ਵੱਖ ਹੋਸਟਲ ਬਲਾਕਾਂ ਦੇ ਵਿਦਿਆਰਥੀਆਂ ਵਿਚਕਾਰ ਤਿੱਖਾ ਮੁਕਾਬਲਾ ਦੇਖਣ ਨੂੰ ਮਿਲਿਆ, ਜਿਸ ਵਿਚ ਬਲਾਕ-ਏ ਨੇ 3-1 ਦੇ ਫਰਕ ਨਾਲ ਬਲਾਕ-ਬੀ ਨੂੰ ਹਰਾਇਆ। ਇਸ ਮੌਕੇ ਚੇਅਰਮੈਨ ਗੁਰਚਰਨ ਸਿੰਘ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਹਿੱਸਾ ਲੈਣ ਲਈ ਉਤਸਾਹਿਤ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਖੇਡਾਂ ਵਿਚ ਹਿੱਸਾ ਲੈ ਕੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੋਸਟਲ ਫੁਟਬਾਲ ਲੀਗ ਵਿਦਿਆਰਥੀਆਂ ਲਈ ਆਪਣਾ ਹੁਨਰ ਦਿਖਾਉਣ ਅਤੇ ਟੀਮ ਭਾਵਨਾ ਨੂੰ ਵਿਕਸਿਤ ਕਰਨ ਦਾ ਇਕ ਵਧੀਆ ਪਲੈਟਫਾਰਮ ਹੈ। ਅੰਤ ਵਿੱਚ ਜੇਤੂ ਟੀਮ ਨੂੰ ਟਰਾਫੀ ਅਤੇ ਪਹਿਲੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫ਼ਿਕੇਟ ਦਿੱਤੇ ਗਏ।