ਅਰੁੰਧਤੀ ਰਾਏ ਨੂੰ ਮਿਲੇਗਾ ‘ਪੈੱਨ ਪਿੰਟਰ ਪ੍ਰਾਈਜ਼’ ਸਨਮਾਨ
ਲੰਡਨ: ‘ਬੁੱਕਰ ਪ੍ਰਾਈਜ਼’ ਜੇਤੂ ਲੇਖਕਾ ਅਰੁੰਧਤੀ ਰਾਏ ਨੂੰ ‘ਨਿਡਰ ਤੇ ਸਪਸ਼ਟ’ ਲਿਖਤਾਂ ਲਈ ਅੱਜ ਵੱਕਾਰੀ ‘ਪੈੱਨ ਪਿੰਟਰ ਪ੍ਰਾਈਜ਼-2024’ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਅਜਿਹੇ ਸਮੇਂ ਦਿੱਤਾ ਜਾ ਰਿਹਾ ਹੈ ਜਦੋਂ ਉਹ ਕਸ਼ਮੀਰ ਬਾਰੇ 14 ਸਾਲ ਪਹਿਲਾਂ ਕੀਤੀਆਂ ਇਤਿਹਾਸਕ ਟਿੱਪਣੀਆਂ ਦੇ ਮਾਮਲੇ ਵਿੱਚ ਮੁਕੱਦਮੇ ਦੇ ਖ਼ਤਰੇ ਦਾ ਸਾਹਮਣਾ ਕਰ ਰਹੀ ਹੈ। ਅਰੁੰਧਤੀ ਰਾਏ 10 ਅਕਤੂਬਰ ਨੂੰ ਬ੍ਰਿਟਿਸ਼ ਲਾਇਬ੍ਰੇਰੀ ਦੀ ਸਹਿ-ਮੇਜ਼ਬਾਨੀ ਵਿੱਚ ਹੋਣ ਵਾਲੇ ਸਮਾਗਮ ’ਚ ਪੁਰਸਕਾਰ ਹਾਸਲ ਕਰੇਗੀ। ਇਸ ਦੌਰਾਨ ਉਹ ਸੰਬੋਧਨ ਵੀ ਕਰੇਗੀ। 62 ਸਾਲਾ ਰਾਏ ਨੇ ਇਸ ਪੁਰਸਕਾਰ ਲਈ ਜੇਤੂ ਐਲਾਨੇ ਜਾਣ ’ਤੇ ਖ਼ੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ, ‘‘ਮੈਨੂੰ ਪੈੱਨ ਪਿੰਟਰ ਪ੍ਰਾਈਜ਼ ਸਵੀਕਾਰ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ। ਕਾਸ਼ ਹੈਰੋਲਡ ਪਿੰਟਰ ਅੱਜ ਸਾਡੇ ਵਿਚਕਾਰ ਹੁੰਦੇ ਅਤੇ ਦੁਨੀਆਂ ਵਿੱਚ ਹੋ ਰਹੇ ਸਮਝ ਤੋਂ ਪਰੇ ਘਟਨਾਕ੍ਰਮਾਂ ਬਾਰੇ ਲਿਖਦੇ। ਕਿਉਂਕਿ ਉਹ ਨਹੀਂ ਹਨ, ਇਸ ਲਈ ਸਾਡੇ ਵਿੱਚੋਂ ਕੁੱਝ ਲੋਕਾਂ ਨੂੰ ਹੀ ਉਨ੍ਹਾਂ ਦੀ ਥਾਂ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।’’ ਉੱਘੀ ਲੇਖਕਾ ਨੂੰ ਆਪਣੇ ਪਲੇਠੇ ਨਾਵਲ ‘ਦਿ ਗੌਡ ਆਫ ਸਮਾਲ ਥਿੰਗਜ਼’ ਲਈ ‘ਬੁੱਕਰ ਪ੍ਰਾਈਜ਼’ ਮਿਲਿਆ ਸੀ। ਇੰਗਲਿਸ਼ ਪੈੱਨ ਨਾਮਕ ਚੈਰਿਟੀ ਵੱਲੋਂ ਇਹ ਪੁਰਸਕਾਰ ਨੋਬੇਲ ਪੁਰਸਕਾਰ ਜੇਤੂ ਨਾਟਕਕਾਰ ਹੈਰੋਲਡ ਪਿੰਟਰ ਦੀ ਯਾਦ ਵਿੱਚ 2009 ਵਿੱਚ ਸਥਾਪਤ ਕੀਤਾ ਗਿਆ ਸੀ ਜੋ ਹਰ ਸਾਲ ਬੋਲਣ ਦੀ ਆਜ਼ਾਦੀ ਲਈ ਦਿੱਤਾ ਜਾਂਦਾ ਹੈ। ‘ਪੈੱਨ ਪਿੰਟਰ ਪ੍ਰਾਈਜ਼’ ਦੀ ਇਸ ਸਾਲ ਦੀ ਜਿਊਰੀ ਨੇ ਰਾਏ ਦੀ ਚੋਣ ਕੀਤੀ ਹੈ ਜਿਸ ਵਿੱਚ ਇੰਗਲਿਸ਼ ਪੈੱਨ ਦੇ ਪ੍ਰਧਾਨ ਰੂਥ ਬੋਰਥਵਿਕ, ਅਦਾਕਾਰ ਤੇ ਕਾਰਕੁਨ ਖਾਲਿਦ ਅਬਦੁੱਲਾ ਅਤੇ ਲੇਖਕ ਤੇ ਸੰਗੀਤਕਾਰ ਰੋਜ਼ਰ ਰੌਬਿਨਸਨ ਸ਼ਾਮਲ ਸਨ। ਬੋਰਥਵਿਕ ਨੇ ਕਿਹਾ ‘‘ਰੌਏ ਇਨਸਾਫ਼ ਦੀਆਂ ਮਹੱਤਵਪੂਰਨ ਕਹਾਣੀਆਂ ਨੂੰ ਸਿਆਣਪ ਤੇ ਸੋਹਣੇ ਢੰਗ ਨਾਲ ਦੱਸਦੀ ਹੈ। ਉਹ ਸੱਚਮੁੱਚ ਇੱਕ ਕੌਮਾਂਤਰੀ ਚਿੰਤਕ ਹੈ ਅਤੇ ਉਨ੍ਹਾਂ ਦੀ ਸ਼ਕਤੀਸ਼ਾਲੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ।’’ ਅਬਦੁੱਲਾ ਨੇ ਕਿਹਾ, ‘‘ਅਰੁੰਧਤੀ ਰਾਏ ਆਜ਼ਾਦੀ ਅਤੇ ਨਿਆਂ ਦੀ ਰੌਸ਼ਨ ਆਵਾਜ਼ ਹੈ, ਜੋ ਲਗਪਗ 30 ਸਾਲਾਂ ਤੋਂ ਬਹੁਤ ਹੀ ਸਪੱਸ਼ਟ ਤੇ ਦ੍ਰਿੜ੍ਹਤਾ ਨਾਲ ਗੂੰਜ ਰਹੀ ਹੈ।’’ -ਪੀਟੀਆਈ
ਸੰਯੁਕਤ ਰਾਸ਼ਟਰ ਵੱਲੋਂ ਅਰੁੰਧਤੀ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਦੀ ਅਪੀਲ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਸਿਖਰਲੇ ਅਧਿਕਾਰੀਆਂ ਨੇ ਅੱਜ ਆਲੋਚਕਾਂ ਨੂੰ ਚੁੱਪ ਕਰਾਉਣ ਲਈ ਭਾਰਤ ’ਚ ਅਤਿਵਾਦ ਰੋਕੂ ਕਾਨੂੰਨ ਦੀ ਵਰਤੋਂ ’ਤੇ ਚਿੰਤਾ ਜ਼ਾਹਿਰ ਕੀਤੀ ਅਤੇ ਅਧਿਕਾਰੀਆਂ ਨੂੰ ਕਸ਼ਮੀਰ ਬਾਰੇ ਟਿੱਪਣੀਆਂ ਲਈ ਲੇਖਿਕਾ ਅਰੁੰਧਤੀ ਰਾਏ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਦੀ ਮੰਗ ਕੀਤੀ। -ਵੇਰਵੇ ਸਫਾ 5 ’ਤੇ