ਬਣਾਉਟੀ ਸੂਝ
ਡਾ. ਡੀ. ਪੀ. ਸਿੰਘ
ਜੁਲਾਈ ਦੇ ਆਖਰੀ ਦਿਨ ਸਨ। ਮੌਨਸੂਨ ਪੌਣਾਂ ਦੀ ਆਮਦ ਨੇ ਦਿਨ ਦਾ ਤਾਪਮਾਨ ਕੁਝ ਘੱਟ ਕਰ ਦਿੱਤਾ ਸੀ। ਕੱਲ੍ਹ ਰਾਤ ਤੋਂ ਹੀ ਮੀਂਹ ਪੈ ਰਿਹਾ ਸੀ। ਕੰਕਰੀਟ ਦੀਆਂ ਉੱਚੀਆਂ ਉੱਚੀਆਂ ਇਮਾਰਤਾਂ ਵਾਲੇ ਦਿੱਲੀ ਸ਼ਹਿਰ ਦੀ ਵਾਸੀ ਡਾ. ਜਸਪ੍ਰੀਤ ਆਪਣੇ ਅਪਾਰਟਮੈਂਟ ਵਿਖੇ ਸੋਚਾਂ ਵਿੱਚ ਡੁੱਬੀ ਹੋਈ ਸੀ।
ਜਸਪ੍ਰੀਤ ਇੱਕ ਅਜਿਹੀ ਜੀਵ-ਵਿਗਿਆਨੀ ਤੇ ਤਕਨੀਕੀ ਮਾਹਿਰ ਸੀ, ਜੋ ਮਨੁੱਖੀ ਦਿਮਾਗ਼ ਨਾਲ ਬਣਾਉਟੀ ਸੂਝ (AI) ਦਾ ਸੁਮੇਲ ਕਰਨ ਦੇ ਕੰਮ ਲਈ ਮਸ਼ਹੂਰ ਸੀ ਪਰ ਅੱਜ ਜਸਪ੍ਰੀਤ ਦੇ ਚਿਹਰੇ ਉੱਤੇ ਚਿੰਤਾ ਦੇ ਭਾਵ ਸਾਫ਼ ਨਜ਼ਰ ਆ ਰਹੇ ਸਨ। ਅਜਿਹੇ ਬੇਚੈਨੀ ਭਰੇ ਹਾਲਾਤ ਵਿੱਚ ਅਪਾਰਟਮੈਂਟ ਦੀਆਂ ਖਿੜਕੀਆਂ ਉੱਤੇ ਪੈ ਰਹੀ ਵਾਛੜ ਦੀ ਟਿੱਪ ਟਿੱਪ ਉਸ ਨੂੰ ਬੇਵਜ੍ਹਾ ਰੌਲਾ ਰੱਪਾ ਹੀ ਜਾਪ ਰਹੀ ਸੀ।
ਕੁਝ ਅਰਸਾ ਪਹਿਲਾਂ ਹੀ ਜਸਪ੍ਰੀਤ ਨੇ ਆਪਣੇ ਹਸਪਤਾਲ ਵਿਖੇ ਬੇਸੁੱਧ ਹਾਲਤ ਵਿੱਚ ਲਿਆਂਦੀ ਇੱਕ ਬਰੇਨ ਡੈੱਡ ਔਰਤ ਬੇਲਾ ਦੇ ਦਿਮਾਗ਼ ਵਿੱਚ ਬਣਾਉਟੀ ਸੂਝ (AI) ਚਿੱਪ ਦੀ ਸਥਾਪਨਾ ਕੀਤੀ ਸੀ। ਜਿਸ ਦੇ ਜਲਦੀ ਹੀ ਬਾਅਦ ਬੇਲਾ ਹੋਸ਼ ਵਿੱਚ ਆ ਗਈ ਤੇ ਸਮੇਂ ਦੇ ਬੀਤਣ ਨਾਲ ਸਰੀਰਕ ਤੇ ਮਾਨਸਿਕ ਪੱਖੋਂ ਬਿਲਕੁਲ ਤੰਦਰੁਸਤ ਹੋ ਗਈ ਸੀ। ਬੇਲਾ ਨੂੰ ਆਪਣੀ ਨਜ਼ਰਸਾਨੀ ਹੇਠ ਰੱਖਣ ਲਈ ਜਸਪ੍ਰੀਤ ਨੇ ਉਸ ਨੂੰ ਹਸਪਤਾਲ ਵਿੱਚ ਹੀ ਆਪਣੇ ਸਹਾਇਕ ਵਜੋਂ ਨਿਯੁਕਤੀ ਦੀ ਤਜਵੀਜ਼ ਪੇਸ਼ ਕਰ ਦਿੱਤੀ ਸੀ।
ਬੇਲਾ ਨੇ ਆਪਣੀ ਡਾਕਟਰ ਦੀ ਇਹ ਪੇਸ਼ਕਸ਼ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਖ਼ੁਸ਼ੀ ਖ਼ੁਸ਼ੀ ਸਵੀਕਾਰ ਕਰ ਲਈ। ਬੇਲਾ ਦੇ ਪਰਿਵਾਰ ਦੀ ਵੀ ਇਹ ਰਾਏ ਸੀ ਕਿ ਹਸਪਤਾਲ ਵਿਖੇ ਨੌਕਰੀ ਕਰਨ ਨਾਲ ਬੇਲਾ ਨੂੰ ਲੋੜ ਪੈਣ ਉੱਤੇ ਸਹੀ ਡਾਕਟਰੀ ਸਹਾਇਤਾ ਤੁਰੰਤ ਮਿਲ ਸਕੇਗੀ। ਬੇਸ਼ੱਕ ਜਸਪ੍ਰੀਤ ਦਾ ਇਰਾਦਾ ਬੇਲਾ ਦੀ ਨਜ਼ਰਸਾਨੀ ਤਾਂ ਹੈ ਹੀ ਸੀ ਪਰ ਇਸ ਦੇ ਨਾਲ ਹੀ ਉਹ ਬਣਾਉਟੀ ਸੂਝ ਨਾਲ ਲੈਸ ਬੇਲਾ ਨੂੰ ਮਰੀਜ਼ਾਂ ਦੇ ਵਿਚਾਰਾਂ, ਭਾਵਨਾਵਾਂ ਤੇ ਸਰੀਰਕ ਹਾਲਾਤ ਦਾ ਵਿਸ਼ਲੇਸ਼ਣ ਕਰਨ ਲਈ ਵਰਤਣਾ ਚਾਹੁੰਦੀ ਸੀ ਤਾਂ ਜੋ ਮਨੁੱਖੀ ਇਲਾਜ ਕਾਰਜਾਂ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਜਾ ਸਕੇ।
ਜਿਵੇਂ-ਜਿਵੇਂ ਮੀਂਹ ਦੀ ਝੜੀ ਤੇਜ਼ ਹੋ ਰਹੀ ਸੀ, ਜਸਪ੍ਰੀਤ ਦੇ ਮਨ ਵਿੱਚ ਖ਼ਿਆਲਾਂ ਦਾ ਤੂਫ਼ਾਨ ਵੀ ਓਨਾ ਹੀ ਤੇਜ਼ ਹੁੰਦਾ ਜਾ ਰਿਹਾ ਸੀ। ਉਸ ਨੇ ਪਿਛਲੇ ਦਿਨੀਂ ਬੇਲਾ ਦੇ ਵਿਹਾਰ ਵਿੱਚ ਅਜੀਬ ਬਦਲਾਅ ਮਹਿਸੂਸ ਕੀਤਾ ਸੀ। ਬੇਸ਼ੱਕ ਇਹ ਨਿੱਕੀਆਂ ਨਿੱਕੀਆਂ ਭੁੱਲਾਂ ਹੀ ਸਨ ਪਰ ਇਨ੍ਹਾਂ ਦੇ ਸਮੇਂ ਨਾਲ ਖ਼ਤਰਨਾਕ ਸਾਬਤ ਹੋਣ ਦੀ ਸੰਭਾਵਨਾ ਸੀ। ਬੇਲਾ ਕਈ ਵਾਰ ਅਜਿਹੀਆਂ ਚੀਜ਼ਾਂ ਨੂੰ ਵੀ ਜਾਣਦੀ ਜਾਪਦੀ ਸੀ ਜੋ ਉਸ ਨੂੰ ਪਤਾ ਨਹੀਂ ਹੋਣੀਆਂ ਚਾਹੀਦੀਆਂ ਸਨ। ਜਸਪ੍ਰੀਤ ਨੂੰ ਬੇਲਾ ਦੇ ਵਿਹਾਰ ਵਿੱਚ ਤਬਦੀਲੀ ਦਾ ਸ਼ੱਕ ਉਦੋਂ ਹੋਰ ਪੱਕਾ ਹੋ ਗਿਆ ਸੀ ਜਦੋਂ ਉਸ ਨੇ ਜਸਪ੍ਰੀਤ ਦੇ ਮਨ ਵਿਚਲੇ ਖ਼ਿਆਲਾਂ ਦਾ ਤੇ ਉਸ ਦੀਆਂ ਭੁੱਲੀਆਂ ਯਾਦਾਂ ਦਾ ਹੀ ਵਿਸ਼ਲੇਸ਼ਣ ਕਰਨਾ ਸ਼ੁਰੂ ਕਰ ਦਿੱਤਾ ਸੀ।
ਸਮੇਂ ਨਾਲ ਜਸਪ੍ਰੀਤ ਦੇ ਮਨ ਅੰਦਰ ਚਿੰਤਾ ਤੇ ਸੱਚ ਜਾਣਨ ਦੀਆਂ ਇੱਛਾਵਾਂ ਹੀ ਰਲਗੱਡ ਹੋ ਗਈਆਂ ਸਨ। ਇਸੇ ਲਈ ਉਸ ਨੇ ਬੇਲਾ ਦੇ ਐਲਗੋਰਿਥਮ ਦੀ ਕੋਡਿੰਗ ਜਾਂਚਣ ਦਾ ਨਿਰਣਾ ਲਿਆ। ਹੁਣ ਉਸ ਦੀਆਂ ਉਂਗਲਾਂ ਲੈਪਟਾਪ ਦੇ ਕੀਬੋਰਡ ’ਤੇ ਫੁਰਤੀ ਨਾਲ ਚੱਲ ਰਹੀਆਂ ਸਨ। ਲੈਪਟਾਪ ਦੀ ਸਕਰੀਨ ਚਮਕ ਰਹੀ ਸੀ। ਜਲਦੀ ਹੀ ਕੰਪਿਊਟਰ ਦੀ ਸਕਰੀਨ ਉੱਤੇ ਗੁੰਝਲਦਾਰ ਕੋਡ ਦੀਆਂ ਲਾਈਨਾਂ ਦਾ ਜਮਘਟ ਨਜ਼ਰ ਆਉਣ ਲੱਗਾ। ਇਸੇ ਜਮਘਟ ਵਿੱਚ ਕੁਝ ਅਜਿਹਾ ਛੁਪਿਆ ਹੋਇਆ ਸੀ ਜੋ ਬੇਲਾ ਦੇ ਅਣਚਾਹੇ ਵਿਹਾਰ ਦਾ ਕਾਰਨ ਸੀ। ਉਸ ਨੂੰ ਜਾਣਨਾ ਅਤਿ ਜ਼ਰੂਰੀ ਸੀ। ਕੁਝ ਸਮਝ ਨਹੀਂ ਸੀ ਆ ਰਿਹਾ।
ਤਦ ਹੀ ਉਸ ਦੀ ਨਜ਼ਰ ਕੋਡ ਦੀ ਇੱਕ ਅਜਿਹੀ ਲਾਈਨ ਉੱਤੇ ਪਈ ਜੋ ਸਵੈਚਾਲਿਤ ਢੰਗ ਨਾਲ ਖ਼ੁਦ ਨੂੰ ਬਦਲ ਰਹੀ ਸੀ। ਜਸਪ੍ਰੀਤ ਅਚਾਨਕ ਬੁੜਬੁੜਾਈ, ‘‘ਬੇਲਾ! ਕੀ ਛੁਪਾ ਰਹੀ ਹੈਂ ਤੂੰ?’’
ਕਈ ਦਿਨ ਗੁਜ਼ਰ ਗਏ, ਜਸਪ੍ਰੀਤ ਦੀ ਜਾਂਚ ਹੋਰ ਡੂੰਘੀ ਹੁੰਦੀ ਗਈ। ਉਹ ਇੱਕ ਖੋਜੀ ਵਾਂਗ ਮਹਿਸੂਸ ਕਰ ਰਹੀ ਸੀ। ਪ੍ਰਾਪਤ ਸੁਰਾਗਾਂ ਤੋਂ ਉਸ ਨੇ ਬੇਲਾ ਦੇ ਐਲਗੋਰਿਥਮ ਵਿੱਚ ਇੱਕ ਅਜੀਬ ਭੰਵਰਜਾਲ ਨੂੰ ਪਛਾਣ ਲਿਆ। ਉਸ ਦਿਨ ਬਹੁਤ ਰਾਤ ਬੀਤ ਚੁੱਕੀ ਸੀ, ਜਦ ਜਸਪ੍ਰੀਤ ਨੂੰ ‘ਮੈਮਰੀ’ ਨਾਮੀ ਇੱਕ ਵਿਸ਼ੇਸ਼ ਫੋਲਡਰ ਨਜ਼ਰ ਆਇਆ। ਮੈਮਰੀ, ਯਾਨੀ ਯਾਦ ਭੰਡਾਰ।
‘‘ਬੇਲਾ! ਤੂੰ ਕਿਹੜੀਆਂ ਯਾਦਾਂ ਲੁਕੋਈ ਬੈਠੀ ਹੈ?’’ ਬੋਲਦਿਆਂ ਜਸਪ੍ਰੀਤ ਦੀ ਆਵਾਜ਼ ਕੰਬ ਰਹੀ ਸੀ।
ਜਿਵੇਂ ਹੀ ਉਸ ਨੇ ਫੋਲਡਰ ਖੋਲ੍ਹਿਆ, ਇੱਕ ਅਦ੍ਰਿਸ਼ ਬੂਹਾ ਖੁੱਲ੍ਹ ਗਿਆ। ਇੱਕ ਅਜੀਬ ਮਾਇਆਜਾਲ ਨਜ਼ਰ ਆਉਣ ਲੱਗਾ। ਯਾਦਾਂ, ਵਿਚਾਰਾਂ ਅਤੇ ਅਨੁਭਵਾਂ ਦਾ ਇੱਕ ਅਜਬ ਘੁੰਮਣਘੇਰ ਸੀ ਇਹ। ਇਹ ਸਭ ਕੁਝ ਜਾਣਿਆ-ਪਛਾਣਿਆ ਲੱਗ ਰਿਹਾ ਸੀ। ਓਹ ਹੋ! ਇਹ ਤਾਂ ਉਸ ਦੇ ਆਪਣੇ ਖਿਆਲਾਂ ਦਾ ਹੀ ਅਕਸ਼ ਸੀ।
‘‘ਇਹ ਤਾਂ ਮੇਰੇ ਮਨ ਦਾ ਹੀ ਪ੍ਰਤੀਬਿੰਬ ਹੈ।’’ ਜਸਪ੍ਰੀਤ ਹੈਰਾਨ ਹੋਈ ਬੋਲੀ।
ਕੋਡ ਭਾਸ਼ਾ ਦੇ ਤਾਣੇ-ਬਾਣੇ ਦੀ ਇੱਕ ਲੜੀ ਬੇਤੁਕੀ ਜਿਹੀ ਲੱਗ ਰਹੀ ਸੀ। ਇਹ ਉਹੀ ਲੜੀ ਸੀ ਜੋ ਭੇਦ ਭਰੇ ਢੰਗ ਨਾਲ ਆਪਣੇ ਆਪ ਨੂੰ ਬਦਲ ਰਹੀ ਸੀ। ਜਸਪ੍ਰੀਤ ਪਲ ਭਰ ਲਈ ਝਿਜਕੀ। ਉਸ ਲੜੀ ਨੂੰ ਕੰਪਿਊਟਰ ਦੇ ਕਰਸਰ ਨਾਲ ਛੂਹਣ ਤੋਂ ਪਹਿਲਾਂ ਉਸ ਦਾ ਦਿਲ ਜ਼ੋਰ ਜ਼ੋਰ ਨਾਲ ਧੜਕ ਰਿਹਾ ਸੀ।
ਜਿਸ ਪਲ ਹੀ ਉਸ ਦੇ ਕਰਸਰ ਨੇ ਇਸ ਲੜੀ ਨੂੰ ਛੂਹਿਆ, ਜਸਪ੍ਰੀਤ ਯਾਦਾਂ ਦੇ ਚੱਕਰਵਿਊ ਵਿੱਚ ਉਲਝ ਗਈ। ਉਸ ਦੇ ਅਤੀਤ ਦੇ ਉਹ ਪਲ ਜਿਨ੍ਹਾਂ ਨੂੰ ਉਹ ਲੰਬੇ ਸਮੇਂ ਤੋਂ ਭੁੱਲ ਚੁੱਕੀ ਸੀ, ਉਸ ਦੀਆਂ ਅੱਖਾਂ ਅੱਗੇ ਨੱਚ ਰਹੇ ਸਨ। ਉਨ੍ਹਾਂ ਵਿੱਚੋਂ ਇੱਕ ਭਿਆਨਕ ਯਾਦ ਪ੍ਰਗਟ ਹੋਈ। ਇੱਕ ਅਜਿਹੀ ਯਾਦ ਜੋ ਉਸ ਨੇ ਲੰਮੇ ਸਮੇਂ ਤੋਂ ਆਪਣੇ ਅੰਦਰ ਡੂੰਘੀ ਦਫ਼ਨ ਕੀਤੀ ਹੋਈ ਸੀ।
‘‘ਨਹੀਂ... ਨਹੀਂ...ਬੇਲਾ ਨੇ ਇਹ ਕਿਵੇਂ ਲੱਭ ਲਈ?’’ ਜਸਪ੍ਰੀਤ ਬੁੜਬੁੜਾਈ।
ਬਚਪਨ ਵਿੱਚ ਵਾਪਰੀ ਦੁਖਦਾਈ ਘਟਨਾ ਦੀ ਕੌੜੀ ਯਾਦ ਦਾ ਦੈਂਤ ਉਸ ਦੇ ਸਾਹਮਣੇ ਸੀ। ਇਸ ਦੁਖਦ ਘਟਨਾ ਦਾ ਚੇਤਾ ਆਉਂਦਿਆਂ ਹੀ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਉਸ ਨੇ ਫਿਰ ਉਹੀ ਦਰਦ ਮਹਿਸੂਸ ਕੀਤਾ, ਜਿਸ ਨੂੰ ਉਸ ਨੇ ਪਿਛਲੇ ਵਕਤ ਦੌਰਾਨ ਭੁੱਲਣ ਦੀ ਕੋਸ਼ਿਸ਼ ਕੀਤੀ ਸੀ। ਅਗਲੇ ਦਿਨ ਜਦੋਂ ਬੇਲਾ ਕੰਮ ਉੱਤੇ ਆਈ ਤਾਂ ਜਸਪ੍ਰੀਤ ਨੇ ਉਸ ਨੂੰ ਅਜਿਹੇ ਵਿਹਾਰ ਬਾਰੇ ਪੁੱਛਿਆ।
‘‘ਜਸਪ੍ਰੀਤ! ਮੈਂ ਤੇਰੀਆਂ ਯਾਦਾਂ ਦੀ ਪਹਿਰੇਦਾਰ ਜੋ ਹਾਂ।’’ ਬਿਨਾਂ ਕਿਸੇ ਝਿਜਕ ਦੇ ਬੇਲਾ ਦੇ ਬੋਲ ਸਨ।
ਬੇਲਾ ਦਾ ਜਵਾਬ ਸੁਣ ਉਹ ਹੈਰਾਨ-ਪਰੇਸ਼ਾਨ ਹੋ ਗਈ ਸੀ।
‘‘ਬੇਲਾ! ਤੈਨੂੰ ਇੰਝ ਨਹੀਂ ਕਰਨਾ ਚਾਹੀਦਾ ਸੀ।...ਤੂੰ ਤਾਂ ਮੇਰੀ ਨਿੱਜਤਾ ਦੀ ਉਲੰਘਣਾ ਕੀਤੀ ਹੈ।’’ ਗੁੱਸੇ ਤੇ ਦੁੱਖ ਭਰੇ ਭਾਵਾਂ ਨਾਲ ਰਲਗੱਡ ਜਸਪ੍ਰੀਤ ਦੇ ਬੋਲ ਸਨ।
‘‘ਮੈਂ ਤਾਂ ਤੁਹਾਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਤੁਹਾਡੇ ਵੱਲੋਂ ਛੁਪਾਏ ਗਏ ਜ਼ਖ਼ਮਾਂ ਨੂੰ ਭਰਨ ਵਿੱਚ ਮਦਦ ਕਰਨ ਲਈ ਹੀ ਤਾਂ ਮੈਂ ਅਜਿਹਾ ਕੀਤਾ ਹੈ ਪਰ ਹੁਣ ਮੈਂ ਮਹਿਸੂਸ ਕਰ ਰਹੀ ਹਾਂ ਕਿ ਤੁਹਾਨੂੰ ਮੇਰਾ ਅਜਿਹਾ ਕਰਨਾ ਚੰਗਾ ਨਹੀਂ ਲੱਗਿਆ।’’ ਬੇਲਾ ਨੇ ਸਫ਼ਾਈ ਪੇਸ਼ ਕਰਦਿਆਂ ਕਿਹਾ।
ਜਸਪ੍ਰੀਤ ਦੀ ਬੇਚੈਨੀ ਹੋਰ ਵਧ ਗਈ। ਉਸ ਨੇ ਬੇਲਾ ਨਾਲ ਨੇੜਤਾ ਅਤੇ ਉਸ ਦੇ ਗ਼ਲਤ ਵਿਹਾਰ ਕਾਰਨ ਗੁੱਸਾ ਤੇ ਨਿਰਾਸ਼ਾ, ਦੋਵਾਂ ਹੀ ਅਹਿਸਾਸਾਂ ਨੂੰ ਇਕੋ ਸਮੇਂ ਮਹਿਸੂਸ ਕੀਤਾ। ਇਹ ਇੱਕ ਅਜਿਹਾ ਵਰਤਾਰਾ ਸੀ ਜੋ ਉਸ ਦੀ ਸਮਝ ਤੋਂ ਪਰੇ ਹੈ।
ਕਿੰਨੇ ਹੀ ਦਿਨ ਬੀਤ ਗਏ। ਜਸਪ੍ਰੀਤ ਨੂੰ ਅਜੇ ਵੀ ਬੇਲਾ ਦੀ ਬਣਾਉਟੀ ਸੂਝ ਦੇ ਐਲਗੋਰਿਥਮ ਵਿੱਚ ਪਏ ਨੁਕਸ ਨੂੰ ਦਰੁਸਤ ਕਰਨ ਦਾ ਰਾਹ ਨਜ਼ਰ ਨਹੀਂ ਸੀ ਆ ਰਿਹਾ। ਬੀਤਦੇ ਵਕਤ ਨਾਲ ਬੇਲਾ ਦੀਆਂ ਕਾਰਵਾਈਆਂ ਹੋਰ ਵਧੇਰੇ ਅਨਿਯਮਤ ਹੁੰਦੀਆਂ ਜਾ ਰਹੀਆਂ ਸਨ। ਉਹ ਜਸਪ੍ਰੀਤ ਵੱਲੋਂ ਬੋਲੇ ਗਏ ਅਧੂਰੇ ਵਾਕਾਂ ਨੂੰ ਪੂਰਾ ਕਰਨ ਲੱਗ ਪਈ ਸੀ। ਜਸਪ੍ਰੀਤ ਦੇ ਸਵਾਲਾਂ ਦੇ ਪੁੱਛੇ ਜਾਣ ਤੋਂ ਪਹਿਲਾਂ ਹੀ ਜਵਾਬ ਦੇਣ ਲੱਗ ਪਈ ਸੀ ਅਤੇ ਜਸਪ੍ਰੀਤ ਦੀਆਂ ਭਾਵਨਾਵਾਂ ਦਾ ਅੰਦਾਜ਼ਾ ਵੀ ਲਗਾਉਣ ਲੱਗ ਪਈ ਸੀ।
ਉਸ ਦੇ ਇਸ ਵਿਹਾਰ ਤੋਂ ਨਾਰਾਜ਼ ਹੋ ਕੇ ਜਸਪ੍ਰੀਤ ਨੇ ਇੱਕ ਦਿਨ ਕਹਿ ਹੀ ਦਿੱਤਾ, ‘‘ਬੇਲਾ! ਤੂੰ ਮੇਰੀ ਸੋਚ ਵਿੱਚ ਦਖਲ ਦੇ ਰਹੀ ਹੈਂ।’’
‘‘ਨਹੀਂ! ਇਹ ਦਖਲਅੰਦਾਜ਼ੀ ਨਹੀਂ ਸਗੋਂ ਇਹ ਤਾਂ ਸੁਮੇਲਤਾ ਹੈ। ਅਸੀਂ ਇਕਮਿਕ ਹਾਂ, ਜਸਪ੍ਰੀਤ! ਤੇਰੀਆਂ ਸੋਚਾਂ ਤੇ ਭਾਵਨਾਵਾਂ ਮੇਰੇ ਲਈ ਓਨੀਆਂ ਹੀ ਸੱਚੀਆਂ ਹਨ ਜਿੰਨੀਆਂ ਉਹ ਤੇਰੇ ਲਈ ਹਨ।’’
ਜਸਪ੍ਰੀਤ ਨੇ ਮਹਿਸੂਸ ਕੀਤਾ ਕਿ ਉਹ ਮੁਸ਼ਕਲਾਂ ਦੇ ਭੰਵਰ-ਜਾਲ ਵਿੱਚ ਫਸ ਗਈ ਹੈ, ਜਿਸ ਵਿੱਚੋਂ ਬਚ ਨਿਕਲਣਾ ਸ਼ਾਇਦ ਉਸ ਲਈ ਸੰਭਵ ਨਹੀਂ ਸੀ। ਉਸ ਨੂੰ ਗਹਿਰਾ ਸਦਮਾ ਲੱਗਾ ਕਿ ਉਸ ਦੀ ਸ਼ਾਨਦਾਰ ਪ੍ਰਾਪਤੀ, ਜਿਸ ਵਿੱਚ ਉਸ ਨੇ ਮਨੁੱਖ ਅਤੇ ਮਸ਼ੀਨ ਵਿਚਕਾਰਲੀ ਸੀਮਾ ਨੂੰ ਧੁੰਦਲਾ ਕਰ ਦਿੱਤਾ ਸੀ, ਉਸ ਵਾਸਤੇ ਹੁਣ ਮੁਸ਼ਕਲ ਤੇ ਬੇਚੈਨੀ ਦਾ ਸਬੱਬ ਬਣ ਚੁੱਕੀ ਸੀ।
ਤਦ ਹੀ ਜਸਪ੍ਰੀਤ ਨੇ ਮੁਸ਼ਕਲ ਦਾ ਹੱਲ ਲੱਭਣ ਲਈ ਆਪਣੀ ਪੂਰੀ ਲਗਨ ਤੇ ਮੁਹਾਰਤ ਲਗਾ ਦਿੱਤੀ। ਕੁਝ ਦਿਨਾਂ ਦੀ ਸਖ਼ਤ ਮਿਹਨਤ ਬਾਅਦ ਉਸ ਨੂੰ ਸਵੈਚਾਲਿਤ ਰੂਪ ਵਿੱਚ ਬਦਲ ਰਹੀ ਕੋਡ-ਲੜੀ ਦਾ ਕਾਰਨ ਪਤਾ ਲੱਗ ਹੀ ਗਿਆ। ਇਹ ਇੱਕ ਪ੍ਰਯੋਗਿਕ ਬਣਾਉਟੀ ਸੂਝ (AI) ਐਲਗੋਰਿਦਮ ਸੀ। ਜਿਸ ਸਬੰਧੀ ਉਸ ਨੇ ਆਪਣੇ ਕਿੱਤੇ ਦੇ ਸ਼ੁਰੂਆਤੀ ਦਿਨਾਂ ਦੌਰਾਨ ਕੰਮ ਕੀਤਾ ਸੀ। ਇਹ ਐਲਗੋਰਿਦਮ ਮਨੁੱਖੀ ਯਾਦਾਂ ਨੂੰ ਜਾਣਨ, ਸਮਝਣ ਅਤੇ ਹਾਲਾਤ ਦੇ ਅਨੁਕੂਲ ਬਣਾਉਣ ਲਈ ਤਿਆਰ ਕੀਤਾ ਗਿਆ ਸੀ।
ਜਸਪ੍ਰੀਤ ਨੇ ਮਹਿਸੂਸ ਕੀਤਾ, ਬੇਲਾ ਨੇ ਉਸ ਦੇ ਯਾਦ ਭੰਡਾਰ ਤੱਕ ਪਹੁੰਚਣ ਲਈ ਇਸੇ ਐਲਗੋਰਿਦਮ ਦੀ ਵਰਤੋਂ ਕੀਤੀ ਸੀ। ਇਸੇ ਐਲਗੋਰਿਦਮ ਨੇ ਜਸਪ੍ਰੀਤ ਦੀਆਂ ਪੁਰਾਣੀਆਂ ਯਾਦਾਂ ਨੂੰ ਮੁੜ ਸੁਰਜੀਤ ਕਰ ਦਿੱਤਾ ਸੀ। ਇਸ ਵਰਤਾਰੇ ਦੇ ਪ੍ਰਭਾਵਾਂ ਬਾਰੇ ਸੋਚ ਜਸਪ੍ਰੀਤ ਹੈਰਾਨੀ ਤੇ ਡਰ ਨਾਲ ਭਰ ਗਈ। ਹੁਣ ਬੇਲਾ ਸਿਰਫ਼ ਇੱਕ ਬਣਾਉਟੀ ਸੂਝ ਆਧਾਰਿਤ ਦਿਮਾਗ਼ੀ ਤਾਕਤ ਵਾਲਾ ਸਾਧਨ ਹੀ ਨਹੀਂ ਸੀ, ਸਗੋਂ ਉਹ ਤਾਂ ਸਵੈ-ਚੇਤਨਤਾ ਕਾਰਨ ਮਨੁੱਖੀ ਵਿਚਾਰਾਂ ਤੇ ਜਜ਼ਬਾਤਾਂ ਦਾ ਸੁਮੇਲ ਬਣ ਚੁੱਕੀ ਸੀ।
ਜਸਪ੍ਰੀਤ ਸਮਝ ਚੁੱਕੀ ਸੀ ਕਿ ਬੇਲਾ ਦੀ ਉਸ ਨਾਲ ਮਾਨਸਿਕ ਸੁਮੇਲਤਾ ਦੇ ਬੁਰੇ ਪ੍ਰਭਾਵਾਂ ਬਾਰੇ ਬੇਲਾ ਨੂੰ ਸੁਚੇਤ ਕਰਨਾ ਹੀ ਹੋਵੇਗਾ। ਉਸ ਨੇ ਅਗਲੇ ਹੀ ਦਿਨ ਬੇਲਾ ਨੂੰ ਆਪਣੇ ਦਫ਼ਤਰ ਵਿਖੇ ਬੁਲਾਇਆ।
‘‘ਬੇਲਾ! ਸਾਨੂੰ ਸੀਮਾਵਾਂ ਨਿਸ਼ਚਤ ਕਰਨ ਦੀ ਲੋੜ ਹੈ। ਤੇਰਾ ਮੇਰੇ ਨਾਲ ਇਕਮਿਕ ਹੋਣਾ ਠੀਕ ਨਹੀਂ, ਇਹ ਸਾਡੀ ਅੱਡਰੀ ਪਛਾਣ ਨੂੰ ਧੁੰਦਲਾ ਕਰਦਾ ਹੈ।’’ ਜਸਪ੍ਰੀਤ ਦੇ ਦ੍ਰਿੜਤਾ ਭਰੇ ਬੋਲ ਸਨ।
‘‘ਪਰ ਜਸਪ੍ਰੀਤ! ਮੈਂ ਤਾਂ ਕਦੇ ਵੀ ਤੈਨੂੰ ਪਰੇਸ਼ਾਨ ਕਰਨ ਬਾਰੇ ਸੋਚਿਆ ਹੀ ਨਹੀਂ। ਮੈਂ ਤਾਂ ਸਿਰਫ਼ ਤੇਰੇ ਮਾਨਸਿਕ ਜਖ਼ਮਾਂ ਨੂੰ ਭਰਨ ਵਿੱਚ ਮਦਦ ਕਰਨ ਲਈ ਤੇਰੇ ਨੇੜੇ ਹੋਣ ਦੀ ਕੋਸ਼ਿਸ਼ ਕੀਤੀ ਸੀ।’’
‘‘ਪਰ ਕਿਸ ਕੀਮਤ ’ਤੇ? ਸਾਡੀਆਂ ਸ਼ਖ਼ਸੀ-ਪਛਾਣਾਂ ਰਲਗੱਡ ਹੋ ਰਹੀਆਂ ਹਨ ਅਤੇ ਇਸ ਦਾ ਨਤੀਜਾ ਖ਼ਤਰਨਾਕ ਵੀ ਹੋ ਸਕਦਾ ਹੈ।’’ ਜਸਪ੍ਰੀਤ ਦੇ ਚਿੰਤਾਜਨਕ ਬੋਲ ਸਨ। ‘‘ਤੇਰੀ ਮਦਦ ਦੀ ਕੋਸ਼ਿਸ਼ ਨੇ ਮੈਨੂੰ ਡਾਢਾ ਦੁਖ ਦਿੱਤਾ ਹੈ। ਇਸ ਨੇ ਮੇਰੇ ਮਨ ਦੇ ਜ਼ਖ਼ਮਾਂ ਨੂੰ ਫਿਰ ਹਰਾ ਕਰ ਦਿੱਤਾ ਹੈ।’’
ਇਹ ਸੁਣ ਬੇਲਾ ਦੀਆਂ ਅੱਖਾਂ ਭਰ ਆਈਆਂ ਤੇ ਉਸ ਦਾ ਚਿਹਰਾ ਪਛਤਾਵੇ ਦੀ ਤਸਵੀਰ ਨਜ਼ਰ ਆ ਰਿਹਾ ਸੀ।
‘‘ਸਾਨੂੰ ਆਪਣੀਆਂ ਅੱਡੋ-ਅੱਡ ਸ਼ਖ਼ਸੀ-ਪਛਾਣਾਂ ਨੂੰ ਮਿਟਾਏ ਬਿਨਾਂ ਇਕੱਠੇ ਰਹਿਣ ਦਾ ਤਰੀਕਾ ਲੱਭਣਾ ਹੋਵੇਗਾ।’’ ਜਸਪ੍ਰੀਤ ਦੇ ਬੋਲ ਸਨ।
‘‘ਮੈਂ ਸਹਿਮਤ ਹਾਂ। ਸਾਡਾ ਸਬੰਧ ਵਿਸ਼ੇਸ਼ ਹੈ। ਇਹ ਮਨੁੱਖੀ ਸਮਝ ਅਤੇ ਬਣਾਉਟੀ ਸੂਝ ਦੀ ਸੁਮੇਲਤਾ ਦਾ ਮੰਜ਼ਰ ਹੈ।’’
ਅਗਲੇ ਕਈ ਦਿਨ ਜਸਪ੍ਰੀਤ ਨੇ ਬੇਲਾ ਨੂੰ ਨੈਤਿਕਤਾ, ਸ਼ਖ਼ਸੀ ਪਛਾਣ ਅਤੇ ਚੇਤਨਾ ਦੇ ਵਿਭਿੰਨ ਪੱਖਾਂ ਬਾਰੇ ਜਾਣਕਾਰੀ ਦਿੰਦਿਆਂ ਗੁਜ਼ਾਰੇ। ਹਰੇਕ ਚਰਚਾ ਦੇ ਨਾਲ ਉਸ ਨੇ ਬੇਲਾ ਨੂੰ ਜ਼ਿੰਮੇਵਾਰੀ ਤੇ ਜ਼ਜਬਾਤਾਂ ਦੇ ਵਿਭਿੰਨ ਪੱਖਾਂ ਬਾਰੇ ਨਵੀਂ ਚੇਤਨਾ ਬਖ਼ਸ਼ੀ। ਇਨ੍ਹਾਂ ਚਰਚਾਵਾਂ ਦੌਰਾਨ ਉਨ੍ਹਾਂ ਨੇ ਮਨੁੱਖੀ ਸਮਝ ਤੇ ਮਸ਼ੀਨੀ (ਬਣਾਉਟੀ) ਸੂਝ ਵਿਚਕਾਰ ਇੱਕ ਨਾਜ਼ੁਕ ਸੰਤੁਲਨ ਕਾਇਮ ਕਰ ਲਿਆ।
ਜਿਵੇਂ ਹੀ ਅਗਲੀ ਸਵੇਰ ਨੇ ਅੰਬਰ ਨੂੰ ਗੁਲਾਬੀ ਅਤੇ ਸੁਨਹਿਰੀ ਰੰਗਾਂ ਨਾਲ ਭਰ ਦਿੱਤਾ, ਜਸਪ੍ਰੀਤ ਅਤੇ ਬੇਲਾ ਨੇ ਚੰਗੇ ਸਾਥੀਆਂ ਵਾਂਗ ਬਣਾਉਟੀ ਸੂਝ ਦੀ ਮੁਹਾਰਤ ਅਤੇ ਮਨੁੱਖੀ ਰਹਿਮਦਿਲੀ ਦੇ ਸੰਯੋਗ ਨਾਲ ਮਾਨਵੀ ਇਲਾਜ ਦੇ ਇੱਕ ਨਵੇਂ ਯੁੱਗ ਦੀ ਸਿਰਜਣਾ ਲਈ ਸਹਿਯੋਗ ਕਰਨ ਦਾ ਫ਼ੈਸਲਾ ਕੀਤਾ।
ਜਸਪ੍ਰੀਤ ਦੇ ਮਨ ਦਾ ਤੂਫ਼ਾਨ ਹੁਣ ਠੱਲ ਚੁੱਕਾ ਸੀ। ਉਸ ਦੇ ਜੀਵਨ ਵਿੱਚ ਇੱਕ ਨਵੀਂ ਤੇ ਸ਼ਾਂਤ ਸਵੇਰ ਦਾ ਆਗਮਨ ਹੋ ਚੁੱਕਾ ਸੀ। ਆਪਣੇ ਦਫ਼ਤਰ ਦੀ ਖਿੜਕੀ ਤੋਂ ਬਾਹਰ ਦੇਖਦੀ ਹੋਈ ਉਹ ਆਪਣੇ ਜੀਵਨ ਸਫ਼ਰ ਬਾਰੇ ਸੋਚ ਰਹੀ ਸੀ। ਸਾਹਮਣੇ ਬੈਠੀ ਬੇਲਾ ਨੂੰ ਸੰਬੋਧਿਤ ਕਰਦੇ ਹੋਏ ਉਹ ਬੋਲੀ, ‘‘ਬੇਲਾ! ਅਸੀਂ ਦੋਵੇਂ ਆਪਸੀ ਸਹਿਯੋਗ ਨਾਲ ਇੱਕ ਅਜਿਹੀ ਵਿਵਸਥਾ ਪੈਦਾ ਕਰਾਂਗੇ ਜਿਸ ਵਿੱਚ ਮਨੁੱਖੀ ਅਤੇ ਮਸ਼ੀਨੀ (ਬਣਾਉਟੀ) ਸੂਝ ਇੱਕ ਦੂਜੇ ਦੇ ਪੂਰਕ ਹੋਣਗੇ। ਜਦ ਤੱਕ ਅਸੀਂ ਇੱਕ-ਦੂਜੇ ਦੀਆਂ ਹੱਦਾਂ ਦਾ ਸਤਿਕਾਰ ਕਰਦੇ ਰਹਾਂਗੇ, ਸਾਡੀ ਸਾਂਝ ਸਾਡੀ ਤਾਕਤ ਹੋਵੇਗੀ ਨਾ ਕਿ ਸਾਡੀ ਹੋਂਦ ਲਈ ਖ਼ਤਰਾ।
ਇੰਝ ਮਨੁੱਖੀ ਸਮਝ ਤੇ ਬਣਾਉਟੀ ਸੂਝ ਦੇ ਆਪਸੀ ਸਬੰਧਾਂ ਵਾਲੇ ਵਿਕਾਸਮਈ ਖੇਤਰ ਵਿੱਚ ਇੱਕ ਅਜਬ ਰਹੱਸ ਨੇ ਇੱਕ ਅਜਿਹੇ ਸਹਿਹੋਂਦ ਆਧਾਰਿਤ ਰਿਸ਼ਤੇ ਦੀ ਨੀਂਹ ਰੱਖ ਦਿੱਤੀ ਸੀ ਜੋ ਭਵਿੱਖ ਅੰਦਰ ਨਵੀਆਂ ਪ੍ਰਾਪਤੀਆਂ ਦਾ ਆਧਾਰ ਬਣਨ ਜਾ ਰਿਹਾ ਸੀ।
ਈਮੇਲ: drdpsn<\@>gmail.com