ਬਣਾਉਟੀ ਬੁੱਧੀ ਦੀ ਨਕੇਲ ਕਸਣੀ ਜ਼ਰੂਰੀ
ਇੰਜ. ਈਸ਼ਰ ਸਿੰਘ
ਅੱਜ ਸਾਇੰਸ ਅਤੇ ਤਕਨਾਲੋਜੀ ਦੇ ਇਜ਼ਾਰੇਦਾਰਾਂ ਨੇ ਇਸ ਨੂੰ ਅਤੇ ਖ਼ਾਸ ਕਰ ਕੇ ਇਸ ਦੀ ਬ੍ਰਾਂਚ ਕੰਪਿਊਟਰ ਸਾਇੰਸ ਨੂੰ ਬੇਲੋੜੀਆਂ ਅਤੇ ਮਨੁੱਖੀ ਕਦਰਾਂ-ਕੀਮਤਾਂ ਤੋਂ ਸੱਖਣੀਆਂ ਕਾਢਾਂ ਕੱਢ-ਕੱਢ ਕੇ ਆਪਣੇ ਰਸਤੇ ਤੋਂ ਭਟਕਾਇਆ ਹੋਇਆ ਹੈ। ਪਰ ਡੇਢ ਕੁ ਸਾਲ ਪਹਿਲਾਂ ਵਿਕਸਿਤ ਕੀਤੀ ਇਸ ਦੀ ਇੱਕ ਉਪ-ਕਾਢ (ਚੈਟ-ਜੀਪੀਟੀ 4) ਨੇ ਇਸ ਦੇ ਹਾਮੀਆਂ ਨੂੰ ਵੀ ਚਿੰਤਾ ’ਚ ਪਾ ਦਿੱਤਾ ਹੈ। ਸੰਸਾਰ ਭਰ ਦੇ 27,000 ਤੋਂ ਵੱਧ ਬਣਾਉਟੀ ਬੁੱਧੀ ਦੇ ਮਾਹਿਰਾਂ, ਸਾਇੰਸਦਾਨਾਂ ਅਤੇ ਫ਼ਿਲਾਸਫ਼ਰਾਂ ਨੇ ਇੱਕ ਖੁੱਲ੍ਹਾ ਪੱਤਰ ਲਿਖ ਕੇ ਇਸ ਤਰ੍ਹਾਂ ਦੀਆਂ ਕਾਢਾਂ ’ਤੇ ਕੁਝ ਸਮੇਂ ਲਈ ਰੋਕ ਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਕਾਢਾਂ ਨੂੰ ਕਾਬੂ ਤੋਂ ਬਾਹਰ ਹੋ ਰਹੀ ਤਕਨਾਲੋਜੀ ਦਾ ਪ੍ਰਤੀਕ ਗਰਦਾਨਿਆ ਹੈ।
ਜਿਸ ਚੈਟ-ਜੀਪੀਟੀ 4 ਨੇ ਇਹ ਸਥਿਤੀ ਪੈਦਾ ਕੀਤੀ ਹੈ ਉਹ ਬਣਾਉਟੀ ਬੁੱਧੀ ਦੀ ਅਗਲੀ ਸਟੇਜ ਹੈ। ਸਰਲ ਢੰਗ ਨਾਲ ਕਹਿ ਸਕਦੇ ਹਾਂ ਕਿ ਪਹਿਲੀ ਸਟੇਜ ਦੀ ਬਣਾਉਟੀ ਬੁੱਧੀ ਹਰ ਖੇਤਰ ਦੀ ਆਪੋ-ਆਪਣੀ ਹੁੰਦੀ ਹੈ। ਇਸ ਦੀ ਆਪੋ-ਆਪਣੀ ਲਿੱਪੀ ਜਾਂ ਭਾਸ਼ਾ ਹੁੰਦੀ ਹੈ ਜਿਸ ਦਾ ਜਨ-ਸਾਧਾਰਨ ਨਾਲ ਕੋਈ ਸਬੰਧ ਨਹੀਂ ਹੁੰਦਾ। ਇਸ ਦੀ ਅਗਲੀ ਸਟੇਜ ‘ਜਨਰਲ ਬਣਾਉਟੀ ਬੁੱਧੀ’ ਹੈ ਜੋ ਸੰਸਾਰ ਦੀਆਂ ਮੁੱਖ ਭਾਸ਼ਾਵਾਂ ’ਚ ਅਤੇ ਅਨੇਕਾਂ ਖੇਤਰਾਂ ’ਚ ਵੱਖ-ਵੱਖ ਕੰਮ ਕਰ ਸਕਦੀ ਹੈ। ਇਹ ਮੌਲਿਕ ਵਰਗਾ ਸਾਹਿਤ ਲਿਖ ਸਕਦੀ ਹੈ, ਸਕਰੀਨ-ਪਲੇਅ, ਕਵਿਤਾ, ਹਾਸ-ਰਸ ਅਤੇ ਹਰ ਕਿਸਮ ਦੇ ਲੇਖ ਅਤੇ ਕਹਾਣੀਆਂ ਲਿਖ ਸਕਦੀ ਹੈ। ਖ਼ੁਦ ਕੰਪਿਊਟਰਾਂ ਲਈ ਕੋਡ ਤਿਆਰ ਕਰ ਸਕਦੀ ਹੈ। ਅਖ਼ਬਾਰੀ ਖ਼ਬਰਾਂ ਅਤੇ ਕਾਨੂੰਨੀ ਦਸਤਾਵੇਜ਼ ਲਿਖ ਸਕਦੀ ਹੈ। ਡੀਪ-ਫੇਕ ਬਣਾ ਸਕਦੀ ਹੈ, ਆਵਾਜ਼ ਦੀ ਨਕਲ ਕਰ ਸਕਦੀ ਹੈ ਅਤੇ ਇੰਨ-ਬਿੰਨ ਸ਼ਕਲਾਂ ਬਣਾ ਸਕਦੀ ਹੈ। ਸਮਾਜ ਦੇ ਮੰਦੇ ਅਨਸਰਾਂ ਦੇ ਹੱਥ ਚੜ੍ਹ ਕੇ ਇਹ ਸੰਸਾਰ ’ਚ ਅਨੇਕਾਂ ਨੁਕਸਾਨ ਕਰ ਸਕਦੀ ਹੈ। ਥੋੜ੍ਹੇ ਸਮੇਂ ’ਚ ਹੀ ਇਸ ਦਾ ਸੋਸ਼ਲ ਮੀਡੀਆ ’ਤੇ ਪੈ ਰਿਹਾ ਮਾੜਾ ਪ੍ਰਭਾਵ ਪ੍ਰਤੱਖ ਦਿਖ ਰਿਹਾ ਹੈ ਅਤੇ ਵੋਟਾਂ ਦੇ ਸਮੇਂ ਇਸ ਦਾ ਵਿਗੜਿਆ ਰੂਪ ਹੋਰ ਵੀ ਘਿਣਾਉਣਾ ਹੋ ਰਿਹਾ ਹੈ।
ਚੈਟ-ਜੀਪੀਟੀ 4 ਅਤੇ ਇਸ ਵਰਗ ਦੀਆਂ ਹੋਰ ਉਪ-ਕਾਢਾਂ ਦੀ ਦੁਰਵਰਤੋਂ ਦਾ ਯੂ.ਐੱਨ.ਓ. ਸਣੇ ਸਾਰੇ ਦੇਸ਼ਾਂ ਨੇ ਗੰਭੀਰ ਨੋਟਿਸ ਲਿਆ ਹੈ। ਸਭ ਨੇ ਇਕਮਤ ਹੋ ਕੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਬਣਾਉਟੀ ਬੁੱਧੀ ਦੇ ਬੇਲੋੜੇ ਉਭਾਰ ਨੂੰ ਠੱਲਣ ਅਤੇ ਨਿਯੰਤਰਣ ਕਰਨ ਲਈ ਹੋਰ ਪ੍ਰਭਾਵਕਾਰੀ ਉਪਰਾਲੇ ਕਰਨ ਦੀ ਲੋੜ ਨੂੰ ਦੁਹਰਾਇਆ ਹੈ। ਫ਼ੌਰੀ ਕਾਰਵਾਈ ਕਰਦਿਆਂ ਯੂ.ਐੱਨ. ਜਨਰਲ ਅਸੈਂਬਲੀ ਨੇ (21 ਮਾਰਚ, 2024 ਨੂੰ) ਇਸ ਸਬੰਧ ’ਚ ਅਮਰੀਕਾ ਵੱਲੋਂ ਪੇਸ਼ ਕੀਤਾ ਇੱਕ ਇਤਿਹਾਸਕ ਅਤੇ ਮਹੱਤਵਪੂਰਨ ਮਤਾ ਵਿਚਾਰਿਆ ਅਤੇ ਵੋਟਾਂ ਤੋਂ ਬਗੈਰ ਹੀ ਸਰਬਸੰਮਤੀ ਨਾਲ ਪਾਸ ਕੀਤਾ। ਅਮਰੀਕਾ ਵੱਲੋਂ ਪੇਸ਼ ਕੀਤੇ ਅਤੇ ਚੀਨ ਅਤੇ ਭਾਰਤ ਸਣੇ ਸਾਰਿਆਂ ਦੇਸ਼ਾਂ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਇਸ ਮਤੇ ਨੂੰ ‘ਲੈਂਡ-ਮਾਰਕ’ ਸਮਝਿਆ ਜਾਂਦਾ ਹੈ। ਇਸ ਲਈ ਕਿ ਇਹ ਇਸ ਪ੍ਰਮੁੱਖ ਅਸੈਂਬਲੀ ਦੇ ਇਤਿਹਾਸ ’ਚ ਪਹਿਲਾ ਮਤਾ ਹੈ ਜੋ ਕਿਸੇ ਉੱਭਰ ਰਹੇ ਵਿਸ਼ੇ ਨੂੰ ਨਿਯੰਤਰਣ ਕਰਨ ਲਈ ਆਗਾਮੀ ਹੀ ਪਾਸ ਕੀਤਾ ਗਿਆ ਹੋਵੇ।
ਇਸ ਵਿਸ਼ੇ ਨਾਲ ਜੁੜੀ ਦਿਲਚਸਪ ਜਾਣਕਾਰੀ ਇਹ ਹੈ ਕਿ ਯੂ.ਐੱਨ.ਓ. ਦੇ ਸਕੱਤਰ-ਜਨਰਲ ਦੇ ‘ਐਨਵੁਆਇ ਆਨ ਟੈਕਨਾਲੋਜੀ’ ਦੀ ਅਹਿਮ ਪੋਸਟ ’ਤੇ ਅੱਜਕੱਲ੍ਹ ਅਮਨਦੀਪ ਸਿੰਘ ਗਿੱਲ ਨਿਯੁਕਤ ਹਨ। ਉਹ ਬਣਾਉਟੀ ਬੁੱਧੀ (ਏਆਈ) ਦੇ ਸੰਸਾਰ ਦੇ ਚੋਟੀ ਦੇ ਮਾਹਿਰਾਂ ’ਚੋਂ ਹੈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵਿਦਿਆਰਥੀ ਰਿਹਾ ਹੈ ਅਤੇ ਪੰਜਾਬੀ ਦਾ ਵਿਦਵਾਨ ਹੈ। ਉਹ ਇਸ ਮਤੇ ਦੀ ਪੈਰਵੀ ਸਬੰਧੀ ਕਾਰਵਾਈਆਂ ’ਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਸ ਮਤੇ ਰਾਹੀਂ ਸਾਰੇ ਦੇਸ਼ਾਂ ਅਤੇ ਸਬੰਧਿਤ ਅਦਾਰਿਆਂ ਨੂੰ ਬਣਾਉਟੀ ਬੁੱਧੀ ਦੀ ਲਾਭਕਾਰੀ, ਸੁਰੱਖਿਅਤ ਅਤੇ ਭਰੋਸੇਯੋਗ ਵਰਤੋਂ ਯਕੀਨੀ ਬਣਾਉਣ ਦੀ ਤਾਕੀਦ ਕੀਤੀ ਗਈ ਹੈ। ਵਿਸ਼ੇਸ਼ ਤੌਰ ’ਤੇ ਕਿਹਾ ਗਿਆ ਕਿ ਬਣਾਉਟੀ ਬੁੱਧੀ ਦੇ ਡਿਜ਼ਾਈਨ, ਵਿਕਾਸ ਅਤੇ ਵਰਤੋਂ ਕਰਨ ਦੌਰਾਨ ਮਨੁੱਖੀ ਮਾਣ-ਮਰਿਆਦਾ, ਸੁਰੱਖਿਆ ਅਤੇ ਭਲਾਈ ਯਕੀਨੀ ਬਣਾਈ ਜਾਵੇ। ਇਹ ਹਰ ਖੋਜ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਅਨੁਸਾਰੀ ਬਣਾਉਣ ਅਤੇ ਬਣਾਉਟੀ ਬੁੱਧੀ ਦਾ ਸਵੈ-ਨਿਰਭਰਤਾ ਅਤੇ ਵਿਸ਼ਵ-ਵਿਆਪੀ ਖ਼ੁਸ਼ਹਾਲੀ ਨਾਲ ਸੁਮੇਲ ਕਰਨ ਦਾ ਸੁਨੇਹਾ ਹੈ। ਇਹ ਸਮੁੱਚੇ ਆਧੁਨਿਕ ਸੰਸਾਰ ਲਈ ਇੱਕ ਉਦੇਸ਼ ਤੋਂ ਵੱਧ ਇੱਕ ਆਦੇਸ਼ ਹੈ, ਸਭ ਲਈ ਵੰਗਾਰ ਹੈ ਕਿ ਅਸੀਂ ਸਭ ਰਲ਼ ਕੇ ਬਣਾਉਟੀ ਬੁੱਧੀ ਦੀ ਹਰ ਕਾਢ ਨੂੰ ਸਿਆਣਪ ਨਾਲ ਵਰਤੀਏ। ਇਸ ਰਾਹੀਂ ਇੱਕ ਅਜਿਹੀ ਸਿਰਜਣਾ ਕਰੀਏ ਜੋ ਉੱਤਮ ਮਨੁੱਖੀ ਆਦਰਸ਼ਾਂ ਅਤੇ ਡੂੰਘੀਆਂ ਨੈਤਿਕ ਕਦਰਾਂ-ਕੀਮਤਾਂ ਦਾ ਚਿਤਰਣ ਕਰਦੀ ਹੋਵੇ।
ਮਤੇ ਨੂੰ ਪੜ੍ਹਦਿਆਂ ਇਸ ਗੱਲ ਦਾ ਕੋਈ ਅਹਿਸਾਸ ਹੀ ਨਹੀਂ ਹੁੰਦਾ ਕਿ ਇਹ ਸਾਇੰਸਦਾਨਾਂ ਅਤੇ ਰਾਜਨੀਤਕਾਂ ਵੱਲੋਂ ਤਿਆਰ ਕੀਤਾ ਗਿਆ ਹੈ। ਬਲਕਿ ਇਹ ਸਮਾਜ-ਸੁਧਾਰਕਾਂ, ਮਨੁੱਖਤਾ ਦੀ ਭਲਾਈ ਅਤੇ ਸਰਬ-ਸਾਂਝੀਵਾਲਤਾ ਦੇ ਹਾਮੀਆਂ ਵੱਲੋਂ ਲਿਖੀ ਆਸ਼ਾਜਨਕ ਵਾਰਤਾ ਲੱਗਦਾ ਹੈ। ਮਤੇ ਦਾ ਥੀਮ ਹੈ: ‘ਅਸੀਂ ਬਣਾਉਟੀ ਬੁੱਧੀ ਨੂੰ ਪੂਰੀ ਤਰ੍ਹਾਂ ਨਿਯੰਤਰਿਤ ਕਰੀਏ ਬਜਾਇ ਇਸ ਦੇ ਕਿ ਇਹ ਸਾਨੂੰ ਨਿਯੰਤਰਿਤ ਕਰੇ।’ ਮਤਾ ਇਹ ਵੀ ਅਪੀਲ ਕਰਦਾ ਹੈ ਕਿ ਹਰ ਦੇਸ਼ ਅਤੇ ਹਰ ਸੰਸਥਾ ਆਪਣੀ ਸਮਰੱਥਾ ਅਤੇ ਸਥਿਤੀ ਅਨੁਸਾਰ ਇਸ ਮਤੇ ਦੇ ਥੀਮ ਨੂੰ ਆਪਣਾ ਮਿਸ਼ਨ ਬਣਾਵੇ।
ਮਤੇ ਦੀ ਵਿਲੱਖਣਤਾ ਇਹ ਹੈ ਕਿ ਇਸ ’ਚ ਸਾਇੰਸ ਅਤੇ ਤਕਨਾਲੋਜੀ ਦੀ ਕੋਈ ਚਰਚਾ ਨਹੀਂ ਕੀਤੀ ਗਈ। ਇਸ ਨੇ ਸਾਡੀ ਵਿਚਾਰਧਾਰਾ ਨੂੰ ਨਵੀਂ ਸੇਧ ਦਿੱਤੀ ਹੈ ਅਤੇ ਬਣਾਉਟੀ ਬੁੱਧੀ ਸਣੇ ਸਾਇੰਸ ਅਤੇ ਤਕਨਾਲੋਜੀ ਦੇ ਸਮੁੱਚੇ ਖੇਤਰ ਨੂੰ ਨਵੇ ਪਰਿਪੇਖ ’ਚ ਵਿਚਾਰਨ ਲਈ ਮਜਬੂਰ ਕੀਤਾ ਹੈ। ਇਸ ਦੀ ਇਬਾਰਤ ਤੋਂ ਸਪੱਸ਼ਟ ਹੈ ਕਿ ਸਾਇੰਸ ਅਤੇ ਤਕਨਾਲੋਜੀ ਸਾਡੀਆਂ ਅਜੋਕੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੀ। ਇਸ ਕਰ ਕੇ ਇਸ ਦੀ ਪਹਿਲ ਨੂੰ ਬਦਲਣ ਦੀ ਲੋੜ ਹੈ ਅਤੇ ਮਤਾ ਇਸ ਨਵੀਂ ਪਹੁੰਚ ਦਾ ਸੂਚਕ ਹੈ। ਨਵੀਆਂ ਕਾਢਾਂ ਦੀ ਬਜਾਇ ਹੁਣ ਤੱਕ ਹੋ ਚੁੱਕੀਆਂ ਦੀ, ਸਦਵਰਤੋਂ ਅਤੇ ਇਨ੍ਹਾਂ ਨੂੰ ਸਾਰੇ ਸੰਸਾਰ ’ਚ ਫੈਲਾਉਣ ’ਤੇ ਜ਼ੋਰ ਦਿੱਤਾ ਹੈ। ਇਸ ਮਤੇ ਦੀ ਅਹਿਮੀਅਤ ਸਮਝਣ ਅਤੇ ਇਸ ’ਤੇ ਸੰਜੀਦਗੀ ਅਤੇ ਸੁਹਿਰਦਤਾ ਨਾਲ ਅਮਲ ਕਰਨ ਲਈ ਅਸਲੀ ਅਤੇ ਬਣਾਉਟੀ ਬੁੱਧੀ ਦੇ ਸੰਕਲਪ ਨੂੰ ਵੀ ਆਧੁਨਿਕ ਸਚਾਈਆਂ ਦੇ ਸੰਦਰਭ ’ਚ ਵਿਚਾਰਨ ਦੀ ਲੋੜ ਹੈ।
ਅੱਜ ਬਹੁਤੀ ਚਰਚਾ ‘ਬਣਾਉਟੀ ਬੁੱਧੀ’ ਦੀ ਹੀ ਹੁੰਦੀ ਹੈ ਅਤੇ ‘ਅਸਲੀ ਬੁੱਧੀ’ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ। ਭਾਵੇਂ ਮਨੋ-ਵਿਗਿਆਨੀ ਸ਼ੁਰੂ ਤੋਂ ਹੀ ਇਸ ਸਬੰਧ ’ਚ ਖੋਜਾਂ ਕਰ ਰਹੇ ਹਨ ਪਰ ਅੱਧੀ-ਅਧੂਰੀ ਖੋਜ ਕਾਰਨ ਸਮਝਿਆ ਜਾ ਰਿਹਾ ਹੈ ਕਿ ਸਾਡੀ ਵਿਅਕਤੀਗਤ/ਨਿੱਜੀ/ਕੁਦਰਤੀ ਬੁੱਧੀ ਹੀ ਅਸਲੀ ਬੁੱਧੀ (ਇੰਟੈਲੀਜੈਂਸ) ਹੈ। ਇਹ ਜਨਮ ਵੇਲੇ ਕੁਦਰਤ ਵੱਲੋਂ ਮਨੁੱਖ ਨੂੰ ਮਿਲੀ ਇੱਕ ਵਿਲੱਖਣ ਪ੍ਰਤਿਭਾ ਹੈ ਜਿਸ ਕਰ ਕੇ ਅਸੀਂ ਸੋਚਣ, ਸਮਝਣ ਅਤੇ ਕਲਪਨਾ ਕਰਨ ਦੇ ਸਮਰੱਥ ਹਾਂ। ਜੀਵਨ ਦੇ ਤਜਰਬੇ ਸਾਂਭ ਸਕਣ ਅਤੇ ਲੋੜ ਪੈਣ ’ਤੇ ਇਨ੍ਹਾਂ ਨੂੰ ਯਾਦ ਕਰਨ ਅਤੇ ਵਰਤਣ ਦੇ ਸਮਰੱਥ ਬਣੇ ਹੋਏ ਹਾਂ। ਮੌਲਿਕ ਸਿਰਜਣਾ ਕਰਨ ਅਤੇ ਨਵੇਂ ਬਿਰਤਾਂਤ ਸਿਰਜਣ ਦੀ ਸਮਰੱਥਾ ਰਖਦੇ ਹਾਂ। ਜਜ਼ਬਾਤਾਂ ਅਤੇ ਭਾਵਨਾਵਾਂ ਸਦਕਾ ‘ਸੁਪਰ ਸੋਸ਼ਲ ਐਨੀਮਲ’ ਹਾਂ ਅਤੇ ਵੱਡੀਆਂ-ਵੱਡੀਆਂ ਸੰਸਥਾਵਾਂ ਬਣਾ ਸਕੇ ਹਾਂ। ਹਰ ਖੇਤਰ ’ਚ ਬਹੁਤ ਤਰੱਕੀ ਕਰ ਸਕੇ ਹਾਂ ਅਤੇ ਆਪਣੇ-ਆਪ ਨੂੰ ਸਿਆਣਾ ਮਨੁੱਖ ਕਹਿੰਦੇ ਹਾਂ।
ਜੇ ਸਾਡੀ ਵਿਅਕਤੀਗਤ/ਕੁਦਰਤੀ ਬੁੱਧੀ ਨੂੰ ਅਸਲੀ ਬੁੱਧੀ (ਇੰਟੈਲੀਜੈਂਸ) ਮੰਨ ਲਿਆ ਜਾਵੇ ਤਾਂ ਹਰ ਕਿਸਮ ਦੀ ਬਾਹਰੀ ਬੁੱਧੀ ਬਣਾਉਟੀ ਬੁੱਧੀ ਹੈ। ਪਰ ਮਨੁੱਖ ਤਾਂ ਜਨਮ ਤੋਂ ਹੀ ਬਾਹਰੀ ਬੁੱਧੀ ’ਤੇ ਨਿਰਭਰ ਹੁੰਦਾ ਹੈ ਅਤੇ ਸਾਰੀ ਉਮਰ ਇਸ ’ਤੇ ਨਿਰਭਰ ਰਹਿੰਦਾ ਹੈ। ਭੁੱਲ ਜਾਂਦੇ ਹਾਂ ਕਿ ਇਨਸਾਨ ਨੂੰ ਉਸ ਦੀ ਨਿੱਜੀ ਬੁੱਧੀ ਤੋਂ ਕਿਤੇ ਵੱਧ ਸਾਂਝੀ, ਸਮੂਹਿਕ ਅਤੇ ਹਜ਼ਾਰਾਂ ਸਾਲਾਂ ਦੀ ਇਕੱਤਰ ਹੋਈ ਸੰਚਿਤ ਬੁੱਧੀ ਲਾਭਕਾਰੀ ਹੈ। ਇਸ ਦੀ ਵਰਤੋਂ ਰਾਹੀਂ ਹੀ ਉਸ ਦੀ ਹੋਂਦ ਕਾਇਮ ਰਹੀ ਹੈ ਅਤੇ ਉਹ ਬਹੁਪੱਖੀ ਤਰੱਕੀ ਕਰ ਸਕਿਆ ਹੈ। ਸਪੱਸ਼ਟ ਹੈ ਕਿ ਮਨੁੱਖ ਆਦਿ ਕਾਲ ਤੋਂ ਹੀ ਬਣਾਉਟੀ ਬੁੱਧੀ ਵਰਤ ਰਿਹਾ ਹੈ ਅਤੇ ਕੰਪਿਊਟਰ ਸਾਇੰਸ ਨੇ ਸਿਰਫ਼ ਇਸ ਦਾ ਸਰੂਪ ਬਦਲਿਆ ਹੈ।
ਅਸਲੀ ਬੁੱਧੀ ਦਾ ਇੰਨਾ ਹੀ ਅਹਿਮ ਦੂਜਾ ਪੱਖ ਵੀ ਹੈ। ਜਦ ਅਸੀਂ ਬਣਾਉਟੀ ਬੁੱਧੀ ਦੀ ਦੁਰਵਰਤੋਂ ਦੀ ਗੱਲ ਕਰਦੇ ਹਾਂ ਤਾਂ ਤੁਰੰਤ ਵਿਚਾਰ ਆਉਂਦਾ ਹੈ ਕਿ ਸਦਵਰਤੋਂ ਤਾਂ ਮਨੁੱਖ ਅਸਲੀ ਬੁੱਧੀ ਦੀ ਵੀ ਨਹੀਂ ਕਰ ਸਕਿਆ। ਕੰਪਿਊਟਰ ਸਾਇੰਸ ਵਾਲੀ ਬਣਾਉਟੀ ਬੁੱਧੀ ਤਾਂ ਸਿਰਫ਼ 7-8 ਦਹਾਕੇ ਪਹਿਲਾਂ ਹੀ ਹੋਂਦ ’ਚ ਆਈ ਹੈ, ਉਸ ਤੋਂ ਹਜ਼ਾਰਾਂ ਸਾਲ ਪਹਿਲਾਂ ਤਾਂ ਅਸੀਂ ਅਸਲ ਬੁੱਧੀ ਹੀ ਵਰਤਦੇ ਸੀ। ਸੰਸਾਰ ਦਾ ਇਤਿਹਾਸ ਅਤੇ ਇਸ ਦੇ ਮੌਜੂਦਾ ਹਾਲਾਤ ਇਸ ਤੱਥ ਦੇ ਸਬੂਤ ਹਨ ਕਿ ਮਨੁੱਖ ਪਹਿਲਾਂ ਵੀ ਕਦੇ ਇਸ ਦਾ ਸਦਉਪਯੋਗ ਨਹੀਂ ਕਰ ਸਕਿਆ। ਇਸ ਦਾ ਕਾਰਨ ਹੈ ਕਿ ਮਨੁੱਖ ਦੀ ਅਸਲ ਬੁੱਧੀ ’ਚ ਬਹੁਤ ਨੁਕਸ, ਕਮੀਆਂ ਤੇ ਤਰੁਟੀਆਂ ਹਨ ਜਿਨ੍ਹਾਂ ਕਰ ਕੇ ਬਣਾਉਟੀ ਬੁੱਧੀ ਦੀ ਕਾਢ ਦੀ ਲੋੜ ਪਈ। ਮਨੁੱਖੀ ਬੁੱਧੀ ਤਰਕਹੀਣ ਹੁੰਦੀ ਹੈ। ਇਹ ਸਾਡੇ ਜਨਮ, ਪੜ੍ਹਾਈ, ਮੂਡ, ਕਾਮ, ਕ੍ਰੋਧ, ਹੰਕਾਰ, ਲੋਭ, ਮੋਹ, ਪਖੰਡ, ਗਿਆਨ ਅਤੇ ਸਮਰੱਥਾ ਬਾਰੇ ਭੁਲੇਖੇ ਆਦਿ ’ਤੇ ਨਿਰਭਰ ਕਰਦੀ ਹੈ। ਅਧਿਆਤਮਕ ਮਹਾਪੁਰਖਾਂ ਨੇ ਇਨ੍ਹਾਂ ਤਰੁਟੀਆਂ ਕਰ ਕੇ ਮਨੁੱਖ ਦੀ ਨਿਖੇਧੀ ਵੀ ਬਹੁਤ ਕੀਤੀ ਹੈ।
ਹੁਣ ਪੱਛਮੀ ਸਿਆਣਿਆਂ ਅਤੇ ਹੋਰ ਪ੍ਰਸਿੱਧ ਮਨੋ-ਵਿਗਿਆਨੀਆਂ ਨੇ ਵੀ ਖੋਜਾਂ ਕਰ-ਕਰ ਕੇ ਇਨ੍ਹਾਂ ਤਰੁਟੀਆਂ ਨੂੰ ਉਜਾਗਰ ਕੀਤਾ ਹੈ। ਇਨ੍ਹਾਂ ’ਚ 2002 ਦੇ ਨੋਬੇਲ ਪੁਰਸਕਾਰ ਜੇਤੂ ਡੈਨੀਅਲ ਕਾਹਨਮਿਨ ਪ੍ਰਮੁੱਖ ਹਨ ਜੋ ਹਨ ਮਨੋ-ਵਿਗਿਆਨੀ ਪਰ ਜਿਨ੍ਹਾਂ ਨੂੰ ਨੋਬੇਲ ਪੁਰਸਕਾਰ ਇਕਨੌਮਿਕਸ ’ਚ ਮਿਲਿਆ ਹੈ। ਇਹ ਸਿੱਟੇ ਹੀ ਮਾਰਟਿਨ ਸੈਲਿਗਮੈਨ ਅਤੇ ਜੌਨਾਥਨ ਹਾਈਟ ਵਰਗੇ ਨੈਤਿਕ ਕਦਰਾਂ-ਕੀਮਤਾਂ ਦੇ ਮਾਹਿਰ ਸਮਾਜਿਕ ਮਨੋ-ਵਿਗਿਆਨੀਆਂ ਨੇ ਕੱਢੇ ਹਨ। ਉਨ੍ਹਾਂ ਦੀਆਂ ਖੋਜਾਂ ਅਨੁਸਾਰ ਆਪੋ-ਆਪਣੀ ਜਗ੍ਹਾ ਅਸਲੀ ਅਤੇ ਬਣਾਉਟੀ ਦੋਵੇਂ ਬੁੱਧੀਆਂ ਅਧੂਰੀਆਂ ਹਨ। ਇਸ ਲਈ ਬਣਾਉਟੀ ਬੁੱਧੀ ਦੀ ਪ੍ਰਚੱਲਤ ਨਿਖੇਧੀ ਨਿਰਮੂਲ ਹੈ। ਇਨ੍ਹਾਂ ਦਾ ਸਹੀ ਸੁਮੇਲ ਅਤੇ ਇਨ੍ਹਾਂ ’ਤੇ ਮਨੁੱਖੀ ਕਦਰਾਂ-ਕੀਮਤਾਂ ਵਾਲੀ ਕਿਸੇ ਹੋਰ ਉੱਚੀ ਮੱਤ ਦਾ ਪੂਰਾ ਨਿਯੰਤਰਣ ਜ਼ਰੂਰੀ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦਾ ਨਿਯੰਤਰਣ ਜ਼ਰੂਰੀ ਹੈ। ਇਸ ਮੰਤਵ ਦੀ ਪ੍ਰਾਪਤੀ ’ਚ ਆਪਣਾ ਯੋਗਦਾਨ ਪਾਉਣ ਲਈ ਆਪਾਂ ਨੂੰ ਜ਼ਮੀਨੀ ਹਕੀਕਤਾਂ ਦੀ ਜਾਣਕਾਰੀ ਜ਼ਰੂਰੀ ਹੈ।
ਤਕਨਾਲੋਜੀ ਦੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਹਰ ਨਵੀਂ ਤਕਨਾਲੋਜੀ ਨੇ ਸਮਾਜ ’ਚ ਨਾ-ਬਰਾਬਰੀ ਅਤੇ ਬੇ-ਇਨਸਾਫ਼ੀ ਨੂੰ ਵਧਾਇਆ ਹੈ। ਇਸ ’ਚ ਸੁਧਾਰ ਤਾਂ ਸਿਰਫ਼ ਸਮਾਜ-ਸੁਧਾਰਕਾਂ, ਸਿਆਣਿਆਂ ਅਤੇ ਸੁਹਿਰਦ ਸਿਆਸਤਦਾਨਾਂ ਨੇ ਹੀ ਕੀਤੇ ਹਨ। ਅੱਜ ਦੀ ਤਰਾਸਦੀ ਵੀ ਇਹ ਹੈ ਕਿ ਇਸ ਖੇਤਰ ’ਤੇ ਕਾਬਜ਼ ਇਜ਼ਾਰੇਦਾਰਾਂ ਨੇ ਸਾਨੂੰ ਇਸ ਭੁਲੇਖੇ ’ਚ ਪਾ ਰੱਖਿਆ ਹੈ ਕਿ ਇਹ ਸਾਇੰਸ ਅਤੇ ਤਕਨਾਲੋਜੀ ਦੀ ਸਮੱਸਿਆ ਹੈ ਅਤੇ ਇਸ ਦਾ ਹੱਲ ਇਸ ਰਾਹੀਂ ਹੀ ਹੋਣਾ ਹੈ। ਇਸ ਭੁਲੇਖੇ ਓਹਲੇ ਉਹ ਬੇਲੋੜੀਆਂ ਅਤੇ ਮਨੁੱਖੀ ਕਦਰਾਂ-ਕੀਮਤਾਂ ਤੋਂ ਸੱਖਣੀਆਂ ਕਾਢਾਂ ਤਾਂ ਕਰਦੇ ਹੀ ਹਨ ਅਤੇ ਨਾਲ ਧਰਤੀ ਦੇ ਵਡਮੁੱਲੇ ਕੁਦਰਤੀ ਸਾਧਨਾਂ ਨੂੰ ਵੀ ਬਰਬਾਦ ਕਰ ਰਹੇ ਹਨ।
ਸਾਇੰਸ ਅਤੇ ਤਕਨਾਲੋਜੀ ਅਤੇ ਖ਼ਾਸ ਕਰ ਕੇ ਕੰਪਿਊਟਰ ਦੀਆਂ ਕਾਢਾਂ ਸਮਾਜ ਨੂੰ ਲੁੱਟਣ ਦਾ ਸਭ ਤੋਂ ਕਾਰਗਰ ਅਤੇ ਸਸਤਾ ਢੰਗ ਹਨ। ਇਸ ਲਈ ਕਿਸੇ ਨਵੇਂ ਨਿਵੇਸ਼ ਦੀ ਲੋੜ ਨਹੀਂ, ਸਰੀਰਕ ਅਤੇ ਬੌਧਿਕ ਮਿਹਨਤ ਦੀ ਲੋੜ ਨਹੀਂ। ਇਸ ਕਰ ਕੇ ਹੀ ਸੰਸਾਰ ਦੇ ਉੱਪਰਲੇ ਦਸ ਖਰਬਪਤੀਆਂ ’ਚੋਂ ਸੱਤ ਇਸ ਖੇਤਰ ਨਾਲ ਜੁੜੇ ਹੋਏ ਹਨ। ਇਸ ਖੇਤਰ ਨੂੰ ਦਿੱਤੀ ਜਾ ਰਹੀ ਨਾਜਾਇਜ਼ ਪਹਿਲ ਕਰ ਕੇ ਹੀ ਪਿਛਲੇ 65-70 ਸਾਲ ਤੋਂ ਖੇਤੀਬਾੜੀ ਜਾਂ ਉਦਯੋਗ ’ਚ ਕੋਈ ਕਾਢ ਜਾਂ ਖੋਜ ਨਹੀਂ ਕੀਤੀ ਗਈ, ਹਾਲਾਂਕਿ ਇਨ੍ਹਾਂ ਦੀ ਬਹੁਤ ਲੋੜ ਹੈ। ਤਕਨਾਲੋਜੀ ਅਤੇ ਬਣਾਉਟੀ ਬੁੱਧੀ ਤਾਂ ਯੰਤਰ ਹਨ, ਇਨ੍ਹਾਂ ਨੂੰ ਵਰਤਣ ਵਾਲੇ ਦੀ ਆਪਣੀ ਜ਼ਿੰਮੇਵਾਰੀ ਹੈ ਕਿ ਇਨ੍ਹਾਂ ਦੀ ਸਿਆਣਪ ਨਾਲ ਵਰਤੋਂ ਕਰੇ।
ਸਾਨੂੰ ਕਿਸੇ ਨਵੇਂ ਗਿਆਨ, ਜਾਣਕਾਰੀ ਜਾਂ ਹੋਰ ਵਿਕਾਸ ਦੀ ਲੋੜ ਨਹੀਂ। ਬਲਕਿ ਆਪਣੀਆਂ ਰਾਜਨੀਤਕ, ਸਮਾਜਿਕ ਅਤੇ ਆਰਥਿਕ ਪ੍ਰਬੰਧ-ਪ੍ਰਣਾਲੀਆਂ ਨੂੰ ਸਮਕਾਲੀ ਅਤੇ ਪ੍ਰਭਾਵਕਾਰੀ ਬਣਾਉਣ ਦੀ ਲੋੜ ਹੈ। ਅੱਜ ਦੇ ਪ੍ਰਸਿੱਧ ਫ਼ਿਲਾਸਫ਼ਰ-ਇਤਿਹਾਸਕਾਰ ਯੂਵਲ ਹਰਾਰੀ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਜ਼ੋਰ ਅਤੇ ਪੈਸਾ ਬਣਾਉਟੀ ਬੁੱਧੀ ਦੇ ਵਿਕਾਸ ਲਈ ਵਰਤਿਆ ਜਾ ਰਿਹਾ ਹੈ, ਉਸ ਤੋਂ ਕਿਤੇ ਘੱਟ ਨਾਲ ਇਹ ਕੰਮ ਹੋ ਸਕਦਾ ਹੈ। ਮੌਜੂਦਾ ਮਤਾ ਇਸ ਮੰਤਵ ਦੀ ਪ੍ਰਾਪਤੀ ਲਈ ਇੱਕ ਠੋਸ ਉਪਰਾਲਾ ਹੈ। ਅਸੀਂ ਜਨ-ਸਾਧਾਰਨ ਆਪਣੇ ਨਿੱਜੀ ਜੀਵਨ ਨੂੰ ਇਸ ਮਤੇ ਦੇ ਅਨੁਸਾਰੀ ਬਣਾ ਕੇ ਸਹੀ ਜਾਣਕਾਰੀ ਹਾਸਲ ਕਰ ਕੇ ਅਤੇ ਸਰਕਾਰਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਹੱਥ ਮਜ਼ਬੂਤ ਕਰ ਕੇ ਆਪਣਾ ਯੋਗਦਾਨ ਪਾ ਸਕਦੇ ਹਾਂ
ਸੰਪਰਕ: 647 640 2014