ਕੱਚੇ ਅਧਿਆਪਕਾਂ ਦੇ ਹੱਕ ਵਿੱਚ ਅਰਥੀ ਫੂਕ ਮੁਜ਼ਾਹਰੇ
ਪੱਤਰ ਪ੍ਰੇਰਕ
ਮਾਨਸਾ, 2 ਜੁਲਾਈ
ਸੰਗਰੂਰ ਵਿੱਚ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ’ਤੇ ਪੁਲੀਸ ਲਾਠੀਚਾਰਜ ਅਤੇ ਅਧਿਆਪਕਾਂ ਨੂੰ ਹਿਰਾਸਤ ’ਚ ਲੈਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਅੱਜ ਪਿੰਡ ਭੈਣੀਬਾਘਾ ’ਚ ਸੂਬਾ ਸਰਕਾਰ ਦੀ ਅਰਥੀ ਫੂਕੀ ਗਈ। ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਿਛਲੇ ਕਰੀਬ 10 ਸਾਲਾਂ ਤੋਂ ਉੱਪਰ ਸਮੇਂ ਤੋਂ ਨਿਰੰਤਰ ਸੇਵਾ ਦੇ ਰਹੇ 8736 ਅਧਿਆਪਕਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਧਰਨਾ ਦਿੱਤਾ ਗਿਆ, ਪਰ ਸਰਕਾਰ ਵੱਲੋਂ ਮੰਗਾਂ ਨੂੰ ਬੂਰ ਪਾਉਣ ਦੀ ਬਜਾਏ ਲਾਠੀਚਾਰਜ ਕਰਕੇ ਜਮਹੂਰੀ ਹੱਕਾਂ ਦਾ ਘਾਣ ਕੀਤਾ ਹੈ। ਇਸ ਮੌਕੇ ਕਾਕਾ ਸਿੰਘ, ਦਾਰਾ ਸਿੰਘ, ਗੁਰਦੇਵ ਸਿੰਘ, ਅੰਗਰੇਜ ਚਹਿਲ, ਰਾਣੀ ਕੌਰ, ਗੁਰਵਿੰਦਰ ਕੌਰ ਤੇ ਪ੍ਰੀਤ ਬੇਗਮ ਆਦਿ ਹਾਜ਼ਰ ਸਨ।
ਬਰਨਾਲਾ (ਖੇਤਰੀ ਪ੍ਰਤੀਨਿਧ): ਕੱਚੇ ਅਧਿਆਪਕਾਂ ‘ਤੇ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਤੇ ਧੱਕਾਮੁੱਕੀ ਵਿਰੁੱਧ ਇੱਥੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਬਰਨਾਲਾ ਤੇ ਕਿਸਾਨ ਆਗੂਆਂ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਫੈਡਰੇਸ਼ਨ ਦੇ ਆਗੂ ਜੁਗਰਾਜ ਟੱਲੇਵਾਲ, ਖੁਸ਼ਮਿੰਦਰਪਾਲ ਹੰਡਿਆਇਆ, ਪ੍ਰੇਮਪਾਲ ਕੌਰ, ਰਾਜਿੰਦਰਪਾਲ ਸੁਖਪੁਰ, ਅੰਮ੍ਰਿਤਪਾਲ ਕੋਟਦੁੱਨਾ ਤੇ ਰਮਨ ਸਿੰਗਲਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਹਿ ‘ਤੇ ਪੁਲੀਸ ਪ੍ਰਸ਼ਾਸਨ ਵੱਲੋਂ ਅਧਿਆਪਕਾਂ ‘ਤੇ ਢਾਹੇ ਤਸ਼ੱਦਦ ਨਾਲ ‘ਆਪ’ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਆਗੂਆਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕੀਤੀ।