ਜੇਈ ਦੀ ਬਦਲੀ ਵਿਰੁੱਧ ਅਰਥੀ ਫ਼ੂਕ ਮੁਜ਼ਾਹਰਾ
ਸੰਤੋਖ ਗਿੱਲ
ਗੁਰੂਸਰ ਸੁਧਾਰ, 10 ਜੁਲਾਈ
ਪਾਵਰਕੌਮ ਦੇ ਜੇ.ਈ ਚਮਕੌਰ ਸਿੰਘ ਦੀ ਸਿਆਸੀ ਅਧਾਰ ‘ਤੇ ਕੀਤੀ ਬਦਲੀ ਰੱਦ ਕਰਾਉਣ ਲਈ ਜਾਰੀ ਸੰਘਰਸ਼ ਦੇ ਅਗਲੇ ਪੜਾਅ ਵਜੋਂ ਪਾਵਰਕੌਮ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਸਾਂਝੇ ਤੌਰ ‘ਤੇ ਲਲਤੋਂ ਕਲਾਂ ਪਾਵਰਕੌਮ ਦੇ ਮੁੱਖ ਗੇਟ ਸਾਹਮਣੇ ਅਰਥੀ ਫ਼ੂਕ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਆਗੂਆਂ ਨੇ ਬਨਿਾ ਕਿਸੇ ਸ਼ਿਕਾਇਤ ਤੋਂ ਸਿਆਸੀ ਅਧਾਰ ‘ਤੇ ਕੀਤੀ ਬਦਲੀ ਦੀ ਨਿੰਦਾ ਕਰਦਿਆਂ ਬਦਲੀ ਰੱਦ ਕਰਨ ਦੀ ਮੰਗ ਕੀਤੀ ਗਈ। ਪਾਵਰਕੌਮ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਨ, 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਦੀ ਜਬਰੀ ਕਟੌਤੀ ਬੰਦ ਕਰਨ ਸਮੇਤ 14 ਸੂਤਰੀ ਮੰਗ-ਪੱਤਰ ਲਾਗੂ ਕਰਨ ਦੀ ਮੰਗ ਕੀਤੀ।
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਸੂਬਾ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੀ ਅਰਥੀ ਫੂਕੀ ਗਈ ਅਤੇ ਬਿਜਲੀ ਮੰਤਰੀ ਵੱਲੋਂ ਮੀਟਿੰਗ ਤਹਿ ਕਰਨ ਦੇ ਬਾਵਜੂਦ ਮੰਗਾਂ ਮੰਨਣ ਤੋਂ ਟਾਲਮਟੋਲ ਦੀ ਨਿੰਦਾ ਕੀਤੀ। ਉਨ੍ਹਾਂ ਚਮਕੌਰ ਸਿੰਘ ਜੇਈ ਦੀ ਸਿਆਸੀ ਅਧਾਰ ’ਤੇ ਕੀਤੀ ਬਦਲੀ ਰੱਦ ਕਰਨ ਦੀ ਵੀ ਮੰਗ ਕੀਤੀ। ਆਗੂਆਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਜਨਤਕ ਜਥੇਬੰਦੀਆਂ ਵੱਲੋਂ 12 ਜੁਲਾਈ ਨੂੰ ਮੰਡਲ ਲਲਤੋਂ ਕਲਾਂ ਸਾਹਮਣੇ ਧਰਨਾ ਦੇਣ ਅਤੇ ਪਿੰਡਾਂ ਵਿੱਚ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ। ਹਰੀ ਦੱਤ, ਸੁਖਚਰਨਜੀਤ, ਸਿਕੰਦਰ ਸਿੰਘ, ਇਕਬਾਲ ਸਿੰਘ, ਚਰਨ ਸਿੰਘ, ਨਿਰਮਲ ਸਿੰਘ, ਰੂਪ ਸਿੰਘ ਟੀ.ਐੱਸ.ਯੂ ਆਗੂ ਜ਼ਮੀਰ ਹੁਸੈਨ, ਚਮਕੌਰ ਸਿੰਘ, ਫੈਡਰੇਸ਼ਨ ਏਟਕ ਦੇ ਜਸਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।