ਕੇਂਦਰ ਦੇ ਆਰਡੀਨੈਂਸਾਂ ਵਿਰੁੱਧ ਅਰਥੀ ਫੂਕ ਮੁਜ਼ਾਹਰਾ
ਜਗਤਾਰ ਸਿੰਘ ਨਹਿਲ
ਲੌਂਗੋਵਾਲ, 26 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੌਂਗੋਵਾਲ ਵਿੱਚ ਇਕਾਈ ਏ ਦੇ ਪ੍ਰਧਾਨ ਅਜੈਬ ਸਿੰਘ ਅਤੇ ਇਕਾਈ ਬੀ ਦੇ ਪ੍ਰਧਾਨ ਬੂਟਾ ਸਿੰਘ ਦੀ ਅਗਵਾਈ ਹੇਠ ਮੋਦੀ ਸਰਕਾਰ ਵੱਲੋਂ ਕਿਸਾਨ, ਮਜ਼ਦੂਰ ਵਿਰੋਧੀ ਆਰਡੀਨੈਂਸ ਜਾਰੀ ਕਰਨ ਦੇ ਵਿਰੋਧ ਵਿੱਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਜਸਵਿੰਦਰ ਸਿੰਘ ਸੋਮਾ, ਬਲਾਕ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ, ਸੁਰਜੀਤ ਸਿੰਘ, ਸਰੂਪ ਚੰਦ ਕਿਲਾ ਭਰੀਆਂ, ਕੁੰਡਾ ਸਿੰਘ, ਲੋਗੜ ਸਿੰਘ, ਸੁੱਖਾ ਸਿੰਘ ਨੇ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਦੇ ਜਾਰੀ ਹੋਣ ਨਾਲ ਕਣਕ ਤੇ ਝੋਨਾ ਸਰਕਾਰੀ ਰੇਟ ’ਤੇ ਨਹੀਂ ਖ਼ਰੀਦਿਆ ਜਾਵੇਗਾ। ਇਸ ਨਾਲ ਕਾਰਪੋਰੇਟ ਘਰਾਣੇ ਆਪਣੀ ਮਰਜ਼ੀ ਮੁਤਾਬਿਕ ਫ਼ਸਲਾਂ ਦੀ ਖਰੀਦ ਕਰਨਗੇ ਅਤੇ ਫਿਰ ਸਟਾਕ ਕਰਕੇ ਉਸ ਨੂੰ ਮਹਿੰਗੇ ਭਾਅ ’ਤੇ ਵੇਚਣਗੇ। ਇੱਕ ਮੰਡੀ ਇੱਕ ਦੇਸ਼ ਦੀ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ ਕਿਉਂਕਿ ਜ਼ਿਆਦਾ ਕਿਸਾਨ 2 ਤੋਂ 5 ਏਕੜ ਤੱਕ ਹੀ ਸੀਮਤ ਹਨ। ਕੇਂਦਰ ਸਰਕਾਰ ਦੀ ਅੱਖ ਸਿਰਫ਼ ਜ਼ਿਆਦਾ ਪੰਜਾਬ ’ਤੇ ਹੀ ਹੈ ਕਿਉਂਕਿ ਇੱਥੋਂ ਦੀ ਜ਼ਮੀਨ ਜਲਵਾਯੂ ਦੇ ਅਨੁਕੂਲ ਠੀਕ ਹੈ। ਇਸ ਕਰਕੇ ਸਰਕਾਰ ਪੰਜਾਬ ਦੇ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ ਜੋ ਕਿ ਅਤਿ ਨਿੰਦਣਯੋਗ ਕਦਮ ਹੈ। ਕੇਂਦਰ ਦੀ ਸਰਕਾਰ ਬਿਜਲੀ ਐਕਟ ਬਣਾ ਕੇ ਰਾਜਾਂ ਤੋਂ ਅਧਿਕਾਰ ਖੋਹ ਰਹੀ ਹੈ, ਇਸ ਨਾਲ ਬਿਜਲੀ ’ਤੇ ਮਿਲਦੀ ਸਬਸਿਡੀ ਖ਼ਤਮ ਹੋ ਜਾਵੇਗੀ ਅਤੇ ਜੋ ਮਜ਼ਦੂਰਾਂ ਨੂੰ 200 ਯੂਨਿਟ ਬਿਜਲੀ ਮਹੀਨਾ ਮਿਲਦੀ ਹੈ ਉਹ ਵੀ ਬੰਦ ਹੋ ਜਾਵੇਗੀ। ਮੰਡੀ ਕਰਨ ਬੋਰਡ ਤੋੜਿਆ ਜਾ ਰਿਹਾ ਹੈ ਜਿਸ ਨਾਲ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਜਾਣਗੇ।
ਸਰਕਾਰ ਦੇ ਇਨ੍ਹਾਂ ਕਿਸਾਨ ਵਿਰੋਧੀ ਫ਼ੈਸਲਿਆਂ ਨੂੰ ਕਿਸਾਨ ਯੂਨੀਅਨ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਤੇ ਰਮਨ ਸਿੰਘ ਖੜਕ ਸਿੰਘ ਆਦਿ ਬਹੁਤ ਸਾਰੇ ਕਿਸਾਨ ਹਾਜ਼ਰ ਸਨ।