ਕਿਸਾਨਾਂ ਨੂੰ ਹੱਕਾਂ ਲਈ ਲੜਨ ਦਾ ਸੁਨੇਹਾ ਦਿੰਦੀ ਆਰਟ ਫਿਲਮ ‘ਸੀਰੀ’
ਅੰਗਰੇਜ ਸਿੰਘ ਵਿਰਦੀ
ਪੰਜਾਬ ਦੇ ਛੋਟੇ ਕਿਸਾਨਾਂ ਦੀ ਆਰਥਿਕ, ਸਮਾਜਿਕ ਅਤੇ ਮਾਨਸਿਕ ਹਾਲਤ ਨੂੰ ਬਿਆਨ ਕਰਦੀ ਨਾਬਰ ਫਿਲਮਜ਼ ਦੇ ਬੈਨਰ ਹੇਠ ਬਣੀ ਨਿਰਦੇਸ਼ਕ ਰਾਜੀਵ ਕੁਮਾਰ ਦੀ ਪੰਜਾਬੀ ਆਰਟ ਫਿਲਮ ‘ਸੀਰੀ’ ਅਜਿਹੀ ਫਿਲਮ ਹੈ ਜਿਸ ਵਿੱਚ ਮਾਲਵਾ ਬੈਲਟ ਵਿੱਚ ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਉਭਾਰਿਆ ਗਿਆ ਹੈ। ਇਹ ਫਿਲਮ ਹਰੀ ਕ੍ਰਾਂਤੀ ਤੋਂ ਬਾਅਦ ਅਤੇ 1991-92 ਦੀਆਂ ਉਦਾਰਵਾਦੀ ਨੀਤੀਆਂ ਦਾ ਕਿਸਾਨੀ ’ਤੇ ਕੀ ਅਸਰ ਪਿਆ ਦੇ ਮੁੱਦਿਆਂ ਦੀ ਵੀ ਬਾਤ ਪਾਉਂਦੀ ਹੈ। ਇਹ ਦੱਸਦੀ ਹੈ ਕਿ ਪੰਜਾਬ ਦੇ ਨਿਮਨ ਕਿਸਾਨ, ਖੇਤ ਮਜ਼ਦੂਰ ਕਰਜ਼ੇ ਅਤੇ ਗਰੀਬੀ ਦੇ ਬੋਝ ਹੇਠ ਹੀ ਜਿਉਂਦੇ ਹਨ ਅਤੇ ਕਰਜ਼ੇ ਅਤੇ ਗ਼ਰੀਬੀ ਦੇ ਬੋਝ ਹੇਠਾਂ ਹੀ ਦੱਬ ਕੇ ਆਪਣੀਆਂ ਜਾਨਾ ਗਵਾ ਲੈਂਦੇ ਹਨ ਤੇ ਪਿੱਛੇ ਛੱਡ ਜਾਂਦੇ ਹਨ ਆਪਣੀ ਆਉਣ ਵਾਲੀ ਪੀੜ੍ਹੀ ਲਈ ਦੁੱਖ, ਤਕਲੀਫ਼ਾਂ ਜਿਸ ਦੀ ਪੀੜ ਉਹ ਸਾਰੀ ਉਮਰ ਆਪਣੇ ਪਿੰਡੇ ’ਤੇ ਹੰਢਾਉਂਦੇ ਹਨ।
ਛੋਟੇ ਜ਼ਿਮੀਂਦਾਰਾਂ ਦੇ ਸਿਰ ’ਤੇ ਚੜ੍ਹੇ ਕਰਜ਼ੇ, ਬਿਮਾਰੀ ਨਾਲ ਜੂਝਦੇ ਪਰਿਵਾਰਕ ਮੈਂਬਰ, ਘਰ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਦੂਰ ਕਰਨ ਅਤੇ ਵਧੀਆ ਭਵਿੱਖ ਲਈ ਨੌਜਵਾਨ ਪੁੱਤਾਂ ਦਾ ਮੈਕਸੀਕੋ ਦੇ ਜੰਗਲਾਂ ਵਿੱਚ ਰੁਲਣਾ ਵਰਗੇ ਭੱਖਦੇ ਮੁੱਦਿਆਂ ਨੂੰ ਫਿਲਮ ਵਿੱਚ ਬੜੀ ਬੇਬਾਕੀ ਅਤੇ ਯਥਾਰਥਕ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਖੇਤਾਂ ਵਿੱਚ ਪੱਕੇ ਤੌਰ ’ਤੇ ਕੰਮ ਕਰਦੇ ਮਜ਼ਦੂਰ ਕਿਸਾਨ ਭਾਵ ਸੀਰੀ ਦਾ ਖੇਤਾਂ ਦੇ ਮਾਲਕ ਕਿਸਾਨ ਨਾਲ ਕਿਹੋ ਜਿਹਾ ਰਿਸ਼ਤਾ ਹੁੰਦਾ ਹੈ, ਉਸ ਨੂੰ ਵੀ ਇਸ ਫਿਲਮ ਵਿੱਚ ਉਭਾਰਿਆ ਗਿਆ ਹੈ। ਫਿਲਮ ਦੇ ਮੁੱਖ ਕਿਰਦਾਰ ਕੀਤੂ ਸੀਰੀ ਅਤੇ ਕਿਸਾਨ ਚੰਦ ਸਿਓ ਦਾ ਆਪਸ ਵਿੱਚ ਭਰਾਵਾਂ ਵਰਗਾ ਪਿਆਰ ਵਿਖਾਇਆ ਗਿਆ ਹੈ ਜੋ ਹਰ ਦੁੱਖ ਸੁੱਖ ਵਿੱਚ ਇੱਕ ਦੂਜੇ ਦਾ ਸਹਾਰਾ ਬਣਦੇ ਤੇ ਮੁਸ਼ਕਿਲ ਦੀ ਘੜੀ ਵਿੱਚ ਇੱਕ ਦੂਜੇ ਲਈ ਜਾਨ ਵੀ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟਦੇ।
ਏ ਧੀਰ ਪ੍ਰੋਡਕਸ਼ਨ ਦੀ ਪੇਸ਼ਕਸ਼ ਨਾਬਰ ਫਿਲਮਜ਼ ਅਤੇ ਰੈੱਡ ਹਿਮਾਲਿਆ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਲੇਖਕ ਹਨ ਜਤਿੰਦਰ ਹਾਂਸ, ਰਾਜੀਵ, ਕਰਮਜੀਤ ਅਤੇ ਸੁਰਿੰਦਰ। ਫਿਲਮ ਦੇ ਅਹਿਮ ਕਿਰਦਾਰ ਹਨ ਸੁਰਿੰਦਰ ਸ਼ਰਮਾ, ਰੰਗ ਹਰਜਿੰਦਰ, ਰਾਜ ਧਾਲੀਵਾਲ, ਮਹਾਬੀਰ ਭੁੱਲਰ ਅਤੇ ਬਲਵਿੰਦਰ ਬੁੱਲਟ। ਬਾਕੀ ਕਿਰਦਾਰਾਂ ਵਿੱਚ ਹਰਿੰਦਰ ਕੌਰ, ਜਸਪਾਲ ਕੌਰ ਦਿਉਲ, ਵਿਕਰਮਜੀਤ, ਯਸ਼ਪ੍ਰੀਤ, ਗਗਨਦੀਪ, ਕਰਮਜੀਤ ਭੱਟੀ, ਅਮੋਲਕ ਸਿੱਧੂ ਅਤੇ ਤਜਿੰਦਰ ਧੀਰ ਹਨ। ਸੰਗੀਤ ਤਿਆਰ ਕੀਤਾ ਹੈ ਮਨੀਸ਼ ਅਤੇ ਕੁਨਾਲ ਅਗਰਵਾਲ ਨੇ, ਗੀਤ ਲਿਖੇ ਹਨ ਸੰਤ ਰਾਮ ਉਦਾਸੀ, ਕਰਮਜੀਤ ਭੱਟੀ ਅਤੇ ਬਲਵਿੰਦਰ ਸਿੰਘ ਨੇ ਜਿਨ੍ਹਾਂ ਨੂੰ ਆਵਾਜ਼ਾਂ ਦਿੱਤੀਆਂ ਹਨ ਸਿਮਰ ਕੌਰ, ਗੁਰਦਾਸ ਸੰਧੂ ਅਤੇ ਰਵੀ ਸ਼ੀਨ ਨੇ। ਫਿਲਮ ਦੇ ਨਿਰਮਾਤਾ ਹਨ ਤਜਿੰਦਰਪਾਲ ਧੀਰ ਅਤੇ ਸੁਰਿੰਦਰ। ਸਕਰੀਨ ਪਲੇਅ ਲਿਖਿਆ ਹੈ ਰਾਜੀਵ ਕੁਮਰ ਨੇ ਅਤੇ ਫਿਲਮ ਦੇ ਨਿਰਦੇਸ਼ਕ ਵੀ ਰਾਜੀਵ ਕੁਮਾਰ ਹੀ ਹਨ।
ਫਿਲਮ ਦੋ ਕਿਰਦਾਰਾਂ ਚੰਦ ਸਿੰਘ (ਸੁਰਿੰਦਰ ਸ਼ਰਮਾ) ਅਤੇ ਕੀਤੂ (ਰੰਗ ਹਰਜਿੰਦਰ) ਦੇ ਆਲੇ ਦੁਆਲੇ ਘੁੰਮਦੀ ਹੈ। ਚੰਦ ਸਿੰਘ ਛੋਟਾ ਕਿਸਾਨ ਹੈ ਜਿਸ ਦੀ ਆਪਣੀ ਸਿਰਫ਼ ਢਾਈ ਏਕੜ ਜ਼ਮੀਨ ਹੈ। ਪੰਜ ਏਕੜ ਜ਼ਮੀਨ ਉਹ ਠੇਕੇ ’ਤੇ ਲੈ ਕੇ ਵਾਹੁੰਦਾ ਹੈੈ। ਉਸ ਦੀ ਘਰਵਾਲੀ ਰੂਪ ਕੌਰ (ਰਾਜ ਧਾਲੀਵਾਲ) ਬਿਮਾਰ ਰਹਿੰਦੀ ਹੈ। ਇਨ੍ਹਾਂ ਦਾ ਇੱਕ ਪੁੱਤਰ ਹੈ ਜੋ ਬਿਹਤਰ ਭਵਿੱਖ ਲਈ ਮੈਕਸੀਕੋ ਦੇ ਜੰਗਲਾਂ ਵਿੱਚ ਡੌਕੀ ਲਾ ਕੇ ਅਮਰੀਕਾ ਦਾਖਲ ਹੋਣ ਗਿਆ, ਪਰ ਉਸ ਦਾ ਕਈ ਮਹੀਨੇ ਬੀਤਣ ’ਤੇ ਵੀ ਕੁਝ ਪਤਾ ਨਹੀਂ ਹੈ। ਚੰਦ ਸਿੰਘ ਦਾ ਸੀਰੀ ਕੀਤੂ ਹੈ।
ਪੰਜ ਦਰਿਆ ਫਿਲਮ ਫੈਸਟੀਵਲ ਸ਼੍ਰੀ ਗੰਗਾਨਗਰ ਅਤੇ ਹੋਰ ਕਈ ਫਿਲਮ ਫੈਸਟੀਵਲਾਂ ਦਾ ਸ਼ਿੰਗਾਰ ਬਣੀ ਇਹ ਫਿਲਮ ਕਿਸਾਨਾਂ ਨੂੰ ਖੁਦਕੁਸ਼ੀਆਂ ਨਾ ਕਰਨ ਅਤੇ ਰਲ ਕੇ ਆਪਣੇ ਹੱਕਾਂ ਲਈ ਲੜਨ ਦਾ ਸੁਨੇਹਾ ਦਿੰਦੀ ਹੈ ਜਿਸ ਨੇ ਪੰਜਾਬੀ ਆਰਟ ਸਿਨਮਾ ਦਾ ਮਾਣ ਵਧਾਇਆ ਹੈ।
ਸੰਪਰਕ: 94646-28857