ਗੁਰੂ ਤੇਗ ਬਹਾਦਰ ਕਾਲਜ ਵਿੱਚ ਕਲਾ ਪ੍ਰਦਰਸ਼ਨੀ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਕਤੂਬਰ
ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੀ ਫ਼ਾਈਨ ਆਰਟ ਸੁਸਾਇਟੀ ‘ਸਟ੍ਰੋਕ’ ਵੱਲੋਂ ਸਾਲਾਨਾ ਕਲਾ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਪ੍ਰੋ. ਗੁਰਮੋਹਿੰਦਰ ਸਿੰਘ ਨੇ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਦੀ ਕਲਾਤਮਕ ਪ੍ਰਤਿਭਾ ਦੀ ਸ਼ਲਾਘਾ ਕਰਦੇ ਹੋਏ ਭਵਿੱਖ ਵਿਚ ਅਜਿਹੇ ਹੋਰ ਸਫ਼ਲ ਪ੍ਰੋਗਰਾਮਾਂ ਦੇ ਆਯੋਜਨ ਲਈ ਪ੍ਰੇਰਿਆ। ਇਸ ਮੌਕੇ ਪੇਂਟਿੰਗਾਂ, ਆਰਟ ਸਟਾਲ, ਪੇਂਟਿੰਗ ਸੈਸ਼ਨ, ਖੇਡਾਂ ਅਤੇ ਹੋਰ ਗਤੀਵਿਧੀਆਂ ਖਿੱਚ ਦਾ ਕੇਂਦਰ ਬਣੀਆਂ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਿਲਪਕਾਰੀ ਅਤੇ ਹੱਥ ਨਾਲ ਬਣੀਆਂ ਚੀਜ਼ਾਂ ਦੀ ਖ਼ਰੀਦਾਰੀ ਕਰਕੇ ਵਿਦਿਆਰਥੀਆਂ ਦੀ ਕਲਾ ਅਤੇ ਹੁਨਰ ਨੂੰ ਉਤਸ਼ਾਹਿਤ ਕੀਤਾ। ਇਸ ਮੌਕੇ ’ਤੇ ਕਾਲਜ ਦੀ ਸਟ੍ਰੋਕ ਸੁਸਾਇਟੀ ਦੇ ਨਾਲ-ਨਾਲ ਕਾਲਜ ਦੀ ਮਿਊਜ਼ਿਕ ਸੁਸਾਇਟੀ ‘ਸਵਰੰਗ’ ਅਤੇ ਵੈਸਟਰਨ ਡਾਂਸ ਸੁਸਾਇਟੀ ‘ਇਤਰਾਮ’ ਨੇ ਵੀ ਆਪਣੀ ਮਨਮੋਹਕ ਪੇਸ਼ਕਾਰੀਆਂ ਰਾਹੀਂ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਮਨੋਰੰਜਨ ਕੀਤਾ। ਸਮਾਗਮ ਦੇ ਦੂਜੇ ਦਿਨ ਦੀ ਸ਼ੁਰੂਆਤ ਕਾਲਜ ਦੀ ਫੈਸ਼ਨ ਸੁਸਾਇਟੀ ‘ਵਸਤਰਮ’ ਦੁਆਰਾ ਭਾਰਤੀ ਪਹਿਰਾਵੇ ਵਿਚ ਰੈਂਪ ਵਾਕ ਨਾਲ ਕੀਤੀ ਗਈ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਸਭਿਆਚਾਰਕ ਵਿਰਸੇ ਨਾਲ ਜੋੜਨਾ ਸੀ। ਇਸ ਮੌਕੇ ’ਤੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਅੰਤਰ ਕਾਲਜ ਮੁਕਾਬਲੇ ਵਿੱਚ ਹਿੱਸਾ ਲੈਕੇ ਸ਼ਾਨਦਾਰ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਉਪਰੰਤ ਦੋ ਆਨਲਾਈਨ ਮੁਕਾਬਲਿਆਂ, ‘ਕਾਮਿਕ ਕੈਨਵਸ’,‘ਰੀਕ੍ਰਿਏਟ ਐਂਡ ਰੀਵਾਈਵ’ ਅਤੇ ‘ਰੈਂਪ ਵਾਕ’ ਦੇ ਜੇਤੂਆਂ ਨੂੰ ਜੱਜਾਂ ਦੀ ਟੀਮ ਨੇ ਸਨਮਾਨਿਤ ਕੀਤਾ। ਪ੍ਰੋਗਰਾਮ ਦੀ ਸਮਾਪਤੀ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਯੋਗੇਸ਼ ਸਿੰਘ ਦੇ ਦੌਰੇ ਨਾਲ ਹੋਈ। ਦੱਸਣਯੋਗ ਹੈ ਕਿ ਪ੍ਰੋਗਰਾਮ ਸੁਸਾਇਟੀ ਕਨਵੀਨਰ ਡਾ. ਪਰਮਜੀਤ ਕੌਰ, ਕੋ-ਕਨਵੀਨਰ ਡਾ. ਰਵਿੰਦਰ ਕੌਰ ਬੇਦੀ, ਸੁਸਾਇਟੀ ਪ੍ਰਧਾਨ ਅਧਰਵ ਚੌਹਾਨ ਤੇ ਸਹਾਇਕ ਟੀਮ ਦੀ ਨਿਗਰਾਨੀ ਹੇਠ ਸਫ਼ਲਤਾ ਪੂਰਵਕ ਸੰਪੂਰਨ ਹੋਇਆ।