ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਕਲਾ ਪ੍ਰਦਰਸ਼ਨੀ ਲਾਈ
ਪੱਤਰ ਪ੍ਰੇਰਕ
ਤਲਵੰਡੀ ਸਾਬੋ, 22 ਅਕਤੂਬਰ
ਅਲੋਪ ਹੋ ਰਹੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਰਹੀਆਂ ਵਸਤਾਂ ਨੂੰ ਅਜੋਕੀ ਪੀੜ੍ਹੀ ਨਾਲ ਜਾਣ-ਪਛਾਣ ਕਰਵਾਉਣ ਤੇ ਵਿਦਿਆਰਥੀਆਂ ਦੇ ਹੁਨਰ ਨੂੰ ਹੁਲਾਰਾ ਦੇਣ ਲਈ ਡਾ. ਪਿਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ ਦੀ ਪ੍ਰੇਰਣਾ ਸਦਕਾ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਨਿਰਦੇਸ਼ਕ ਯੁਵਾ ਅਤੇ ਸੱਭਿਆਚਾਰਕ ਮਾਮਲੇ ਡਾ. ਕੰਵਲਜੀਤ ਕੌਰ ਦੀ ਦੇਖ-ਰੇਖ ਹੇਠ ਸ਼ਾਨਦਾਰ ਦੀਵਾਲੀ ਕਲਾ ਪ੍ਰਦਰਸ਼ਨੀ ਲਾਈ ਗਈ। ਇਸ ਦੌਰਾਨ ਕਰੋਸ਼ੀਏ ਨਾਲ ਬੁਣੇ ਰੁਮਾਲ, ਰੰਗ-ਬਰੰਗੇ ਦੀਵੇ, ਗੱਡੇ, ਚਰਖੇ, ਝੱਕਰੀ, ਸਜਾਵਟੀ ਗਮਲੇ, ਇੰਨੂ ਅਤੇ ਚਿੱਤਰਕਾਰੀ ਦੀ ਕਲਾ ਪ੍ਰਦਰਸ਼ਨੀ ਲਾਈ ਗਈ। ਡਾ. ਕੰਵਲਜੀਤ ਕੌਰ ਨੇ ਕਿਹਾ ਕਿ ਆਧੁਨਿਕਤਾ ਦੀ ਦੌੜ ਵਿੱਚ ਨੌਜਵਾਨ ਪੀੜ੍ਹੀ ਪੰਜਾਬੀ ਅਮੀਰ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ। ਸੱਭਿਆਚਾਰ ਦਾ ਸ਼ਾਨਦਾਰ ਹਿੱਸਾ ਰਹੀ ਫੁਲਕਾਰੀ, ਬਾਗ, ਇੰਨੂ ਆਦਿ ਚੀਜ਼ਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਅਤੇ ਇਸ ਖੇਤਰ ਵਿੱਚ ਵਪਾਰ ਦੀਆਂ ਉੱਭਰ ਰਹੀਆਂ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਲਾ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਸਰਦੂਲ ਸਿੰਘ ਸਿੱਧੂ ਡਾਇਰੈਕਟਰ ਵਿਦਿਆਰਥੀ ਭਲਾਈ ਨੇ ਵਿਦਿਆਰਥੀਆਂ ਦੇ ਹੁਨਰ ਦੀ ਸ਼ਲਾਘਾ ਕੀਤੀ।