ਬਠਿੰਡਾ ’ਚ ਸੁਰਜੀਤ ਪਾਤਰ ਨੂੰ ਸਮਰਪਿਤ ਕਲਾ ਕੈਂਪ ਸਮਾਪਤ
ਸ਼ਗਨ ਕਟਾਰੀਆ
ਬਠਿੰਡਾ, 9 ਜੂਨ
ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਵੱਲੋਂ ਡਾ. ਸੁਰਜੀਤ ਪਾਤਰ ਨੂੰ ਸਮਰਪਿਤ ਸੱਤ ਰੋਜ਼ਾ ਆਰਟ ਕੈਂਪ ਅੱਜ ਆਪਣੀ ਸਿਖ਼ਰ ਨੂੰ ਛੂਹ ਗਿਆ। ਟੀਚਰਜ਼ ਹੋਮ ਵਿੱਚ ਲੱਗੇ ਫੀਸ ਮੁਕਤ ਇਸ ਕੈਂਪ ਦੇ ਆਖ਼ਰੀ ਦਿਨ ਕਾਮਨ ਵੈਲਥ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਅਤੇ ਏਆਈਜੀ ਬਠਿੰਡਾ ਅਵਨੀਤ ਕੌਰ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਸਿਖਾਂਦਰੂ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ, ਹੁਨਰਮੰਦ ਬਣਨ ਲਈ ਹੱਲਾਸ਼ੇਰੀ ਦਿੱਤੀ। ਉਨ੍ਹਾਂ ਕਲਾ ਪ੍ਰਦਰਸ਼ਨੀ ਦਾ ਜਾਇਜ਼ਾ ਲੈਂਦਿਆਂ ਬੱਚਿਆਂ ਵੱਲੋਂ ਤਿਆਰ ਕਲਾ ਕ੍ਰਿਤੀਆਂ ਪ੍ਰਤੀ ਵਿਸ਼ੇਸ਼ ਰੁਚੀ ਵਿਖਾਈ। ਉਨ੍ਹਾਂ ਕਿਹਾ ਕਿ ਸੋਹਣੇ ਸਮਾਜ ਦੀ ਸਿਰਜਣਾ ਲਈ ਅਜਿਹੇ ਉਪਰਾਲੇ ਨਿਰੰਤਰ ਜਾਰੀ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਚੰਗੇ ਪਾਸੇ ਲਾਉਣ ਲਈ, ਕਲਾ ਇਕ ਵਧੀਆ ਮਾਧਿਅਮ ਹੈ।
ਇਸ ਮੌਕੇ ਸੁਸਾਇਟੀ ਵੱਲੋਂ ਅਵਨੀਤ ਸਿੱਧੂ ਨੂੰ ਸਨਮਾਨ ਵਜੋਂ ਕੈਂਪ ਵਿੱਚ ਹਿੱਸਾ ਲੈ ਰਹੇ ‘ਰੋਜ਼ ਮੈਰੀ ਸਕੂਲ ਬੱਲੂਆਣਾ’ ਦੇ ਵਿਦਿਆਰਥੀ ਦਲਜੀਤ ਸਿੰਘ ਵੱਲੋਂ ਬਣਾਈ ਮਹਾਰਾਜਾ ਦਲੀਪ ਸਿੰਘ ਦੀ ਤਸਵੀਰ ਭੇਟ ਕੀਤੀ ਗਈ। ਟੀਚਰਜ਼ ਹੋਮ ਸੰਸਥਾ ਨੂੰ ਸਨਮਾਨ ਵਜੋਂ ਗੁਰਪ੍ਰੀਤ ਆਰਟਿਸਟ ਬਠਿੰਡਾ ਵੱਲੋਂ ਬਣਾਈ ਸੁਰਜੀਤ ਪਾਤਰ ਦੀ ਤਸਵੀਰ ਅਤੇ ਸੇਂਟ ਜੋਸਫ਼ ਸਕੂਲ ਦੀ ਵਿਦਿਆਰਥਣ ਗੁਨੀਤ ਕੌਰ ਸੰਧੂ ਵੱਲੋਂ ਤਿਆਰ ਕੀਤੀ ਤਸਵੀਰ ਭੇਟ ਕੀਤੀ ਗਈ। ਇਸੇ ਮੌਕੇ ਸੁਸਾਇਟੀ ਦੇ ਨੌਜਵਾਨ ਚਿੱਤਰਕਾਰਾਂ ਰਿਤੇਸ਼, ਅਮਿਤ, ਗੁਰਜੀਤ ਅਤੇ ਭਜਨ ਹੋਰਾਂ ਨੇ ਮੌਕੇ ’ਤੇ ਹੀ ਅਵਨੀਤ ਸਿੱਧੂ ਹੋਰਾਂ ਦਾ ਚਿੱਤਰ ਬਣਾ ਕੇ ਉਨ੍ਹਾਂ ਨੂੰ ਅਚੰਭਿਤ ਕਰ ਦਿੱਤਾ। ਇਸ ਸੱਤ ਰੋਜ਼ਾ ਕਲਾ ਕੈਂਪ ਵਿਚ 220 ਤੋਂ ਵੱਧ ਵਿਦਿਆਰਥੀਆਂ ਨੂੰ ਕਲਾ ਦੀਆਂ ਵੱਖ-ਵੱਖ ਵੰਨਗੀਆਂ ਦੇ ਰੂਬਰੂ ਕਰਵਾਇਆ ਗਿਆ। ਇਸ ਕੈਂਪ ਦੀ ਸਫ਼ਲਤਾ ਲਈ ਮੇਜ਼ਬਾਨ ਸੁਸਾਇਟੀ ਦੇ ਪ੍ਰਧਾਨ ਡਾ. ਅਮਰੀਕ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਆਰਟਿਸਟ ਬਠਿੰਡਾ, ਸਰਪ੍ਰਸਤ ਅਮਰਜੀਤ ਸਿੰਘ ਪੇਂਟਰ, ਵਿੱਤ ਸਕੱਤਰ ਸੁਰੇਸ਼ ਮੰਗਲਾ, ਸੋਹਨ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।