ਸ਼ਹੀਦ ਭਗਤ ਸਿੰਘ ਕਲਾ ਮੰਚ ਵੱਲੋਂ ਲਾਇਆ ਕਲਾ ਕਿਤਾਬ ਮੇਲਾ ਸਮਾਪਤ
ਪੱਤਰ ਪ੍ਰੇਰਕ
ਮਾਨਸਾ, 30 ਮਾਰਚ
ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਮਰਹੂਮ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਨਿੱਘੀ ਯਾਦ ਨੂੰ ਸਮਰਪਿਤ 27ਵਾਂ ਕਲਾ ਕਿਤਾਬ ਮੇਲਾ ‘ਵਾਹ ਨੀ ਜਵਾਨੀਏ, ਤੇਰਾ ਵੀ ਜੁਆਬ ਨੀਂ’ ਦੇ ਰੂਪ ਵਿੱਚ ਨੌਜਵਾਨਾਂ ਦੀ ਊਰਜਾ ਅਤੇ ਉਨ੍ਹਾਂ ਦੀਆਂ ਕਲਾਤਮਕ ਅਤੇ ਸਿਰਜਣਾਤਮਕ ਰੁਚੀਆਂ ਦੇ ਨਾਮ ਰਿਹਾ। ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮੇਲੇ ਦੇ ਵੱਖ-ਵੱਖ ਸੈਸ਼ਨਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਨੌਜਵਾਨਾਂ ਨੂੰ ਆਦਰਸ਼ ਦੇ ਰੂਪ ਵਿੱਚ ਚਿਤਵਦਿਆਂ ਨੌਜਵਾਨ ਚਿੰਤਕਾਂ, ਸ਼ਾਇਰਾਂ, ਕਲਾਕਾਰ ਅਤੇ ਰੰਗਕਰਮੀਆਂ ਦੀ ਸ਼ਮੂਲੀਅਤ ਰਹੀ।
ਤੀਜੇ ਦਿਨ ‘ਬਣਾਉਟੀ ਗਿਆਨ ਯੁੱਗ ਦੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ’ ਉੱਤੇ ਚਰਚਾ ਕਰਦੇ ਹੋਏ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਆਉਣ ਵਾਲਾ ਸਮਾਂ ਇਕੱਲੇ ਮਨੁੱਖ ਦਾ ਸਮਾਂ ਨਹੀਂ ਸਗੋਂ ਮਨੁੱਖ, ਮਸ਼ੀਨ ਅਤੇ ਕੁਦਰਤ ਦੇ ਸੁਮੇਲ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਚੁਣੌਤੀਆਂ ਤੇ ਸੰਭਾਵਨਾਵਾਂ ਬਾਰੇ ਖੁੱਲ੍ਹਕੇ ਚਰਚਾ ਕਰਨੀ ਚਾਹੀਦੀ ਹੈ।
ਤੀਜੇ ਦਿਨ ਰਾਤ ਨੂੰ ਪਰਵਾਸੀ ਲੇਖਕ ਕੁਲਵਿੰਦਰ ਖਹਿਰਾ ਵੱਲੋਂ ਲਿਖਤ ਅਤੇ ਰਜਿੰਦਰ ਸਿੰਘ ਅੰਮ੍ਰਿਤਸਰ ਦੀ ਨਿਰਦੇਸ਼ਨਾ ਹੇਠ ਸੁਰਿੰਦਰ ਸ਼ਰਮਾ ਦੀ ਅਦਾਕਾਰੀ ਰਾਹੀਂ ‘ਇਨਕਲਾਬ ਮੈਂ ਕਿਤੇ ਨਹੀਂ ਗਿਆ’ ਨਾਟਕ ਪੇਸ਼ ਕੀਤਾ ਗਿਆ, ਜੋ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਨਾਲ ਪ੍ਰਵਾਸ ਦੇ ਮਸਲੇ ਨੂੰ ਜੋੜਕੇ ਪਰਵਾਸ ਜਾਣ ਵਾਲੇ ਪੰਜਾਬੀ ਨੌਜਵਾਨਾਂ ਦੀ ਤਰਾਸਦੀ ਨੂੰ ਬਿਆਨ ਕਰਦਾ ਸੀ। ਮੇਲੇ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਲੇਖਕਾਂ ਦੀਆਂ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਡੀਸੀ ਪਰਮਵੀਰ ਸਿੰਘ, ਫ਼ਿਲਮੀ ਅਦਾਕਾਰ ਗੁਰਪ੍ਰੀਤ ਭੰਗੂ, ਰੰਗਕਰਮੀ ਮਨਜੀਤ ਔਲਖ, ਡਾ. ਸੁਪਨਦੀਪ ਕੌਰ, ਡਾ. ਕੁਲਦੀਪ ਸਿੰਘ ਦੀਪ, ਦਰਸ਼ਨ ਜੋਗਾ, ਮਨਜੀਤ ਸਿੰਘ ਚਾਹਲ ਤੇ ਗੁਰਨੈਬ ਸਿੰਘ ਮਘਾਣੀਆ ਵੀ ਮੌਜੂਦ ਸਨ।