ਅਰਸ਼ਦੀਪ ਸਿੰਘ ਦਾ ਮੁਹਾਲੀ ਹਵਾਈ ਅੱਡੇ ’ਤੇ ਸ਼ਾਨਦਾਰ ਸਵਾਗਤ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 6 ਜੁਲਾਈ
ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਅੱਜ ਦੇਰ ਸ਼ਾਮ ਮੁਹਾਲੀ ਦੇ ਹਵਾਈ ਅੱਡੇ ਉੱਤੇ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ, ਐੱਸਐੱਸਪੀ ਮੁਹਾਲੀ ਡਾ. ਸੰਦੀਪ ਗਰਗ ਤੋਂ ਇਲਾਵਾ ਜ਼ਿਲ੍ਹਾ ਖੇਡ ਅਫ਼ਸਰ ਹਰਭਿੰਦਰ ਸਿੰਘ ਦੀ ਅਗਵਾਈ ਹੇਠ ਖੇਡ ਪ੍ਰੇਮੀਆਂ ਨੇ ਢੋਲ-ਢਮੱਕਿਆਂ ’ਤੇ ਭੰਗੜਾ ਪਾ ਕੇ ਅਰਸ਼ਦੀਪ ਦਾ ਸਵਾਗਤ ਕੀਤਾ।
ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਰਸ਼ਦੀਪ ਨੂੰ ਗੁਲਦਸਤੇ ਭੇਟ ਕਰਕੇ ਜੀ ਆਇਆਂ ਆਖਿਆ ਗਿਆ। ਇਸ ਤੋਂ ਬਾਅਦ 200 ਤੋਂ ਵੱਧ ਕਾਰਾਂ ਦਾ ਵੱਡਾ ਕਾਫ਼ਲਾ ਅਰਸ਼ਦੀਪ ਸਿੰਘ ਨੂੰ ਖੁੱਲ੍ਹੀ ਕਾਰ ਵਿੱਚ ਬਿਠਾ ਕੇ ਰਵਾਨਾ ਹੋਇਆ। ਅਰਸ਼ਦੀਪ ਨੇ ਫੇਜ਼ ਗਿਆਰਾਂ ਦੇ ਗੁਰਦੁਆਰਾ ਸਿੰਘ ਸਭਾ ਅਤੇ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਮੱਥਾ ਟੇਕਿਆ, ਜਿੱਥੇ ਪ੍ਰਬੰਧਕਾਂ ਨੇ ਉਸ ਨੂੰ ਸਿਰੋਪੇ ਭੇਟ ਕੀਤੇ। ਇਸ ਮਗਰੋਂ ਉਹ ਕਾਫ਼ਲੇ ਨਾਲ ਖਰੜ ਲਈ ਰਵਾਨਾ ਹੋ ਗਿਆ।
ਅਰਸ਼ਦੀਪ ਸਿੰਘ ਨੇ ਕਿਹਾ ਕਿ ਉਸ ਨੂੰ ਪੰਜਾਬ ਪਹੁੰਚ ਕੇ ਬਹੁਤ ਖੁਸ਼ੀ ਹੋਈ। ਉਨ੍ਹਾਂ ਕਿਹਾ ਕਿ ਪੂਰੀ ਟੀਮ ਨੇ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਕਰੋੜਾਂ ਦੇਸ਼ ਵਾਸੀਆਂ ਦੀਆਂ ਦੁਆਵਾਂ ਸਦਕਾ ਜਿੱਤ ਮਿਲੀ। ਉਸ ਨੇ ਕਿਹਾ ਕਿ ਹੁਣ ਉਹ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰਨਾ ਚਾਹੇਗਾ ਅਤੇ ਆਪਣੇ ਘਰ ਮਾਂ ਦੀ ਬਣਾਈ ਰੋਟੀ ਖਾਵੇਗਾ।
ਇਸ ਮੌਕੇ ਅਰਸ਼ਦੀਪ ਸਿੰਘ ਦੇ ਪਿਤਾ ਦਰਸ਼ਨ ਸਿੰਘ, ਮਾਤਾ ਬਲਜੀਤ ਕੌਰ, ਭੈਣ ਤੋਂ ਇਲਾਵਾ ਪਰਿਵਾਰਕ ਰਿਸ਼ਤੇਦਾਰ ਵੀ ਹਾਜ਼ਰ ਸਨ। ਬਟਾਲਾ ਵਿੱਚ ਜਨਮਿਆ, ਖਰੜ ਵਿੱਚ ਪਲਿਆ ਅਰਸ਼ਦੀਪ ਸਿੰਘ ਵਿਸ਼ਵ ਚੈਂਪੀਅਨ ਟੀਮ ਦੀ ਜਿੱਤ ਦਾ ਮੁੱਖ ਆਧਾਰ ਬਣਿਆ।
ਅਰਸ਼ਦੀਪ ਦੇ ਕੋਚ ਜਸਵੰਤ ਰਾਏ ਨੇ ਕਿਹਾ ਕਿ ਉਸ ਨੂੰ ਅਰਸ਼ਦੀਪ ਤੋਂ ਬਹੁਤ ਉਮੀਦਾਂ ਸਨ ਤੇ ਉਹ ਉਨ੍ਹਾਂ ’ਤੇ ਖ਼ਰਾ ਉਤਰਿਆ ਹੈ। ਅਰਸ਼ਦੀਪ ਦੀ ਮਾਤਾ ਬਲਜੀਤ ਕੌਰ ਨੇ ਆਖਿਆ ਕਿ ਉਸ ਦੇ ਮੈਚ ਅਤੇ ਖੇਡ ਵੇਖ ਕੇ ਉਸ ਦੀਆਂ ਅੱਖਾਂ ਵਿਚੋਂ ਖੁਸ਼ੀ ਦੇ ਹੰਝੂ ਆ ਜਾਂਦੇ ਸਨ।