ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲਹਿੰਦੇ ਪੰਜਾਬ ਦਾ ਚੜ੍ਹਦਾ ਸੂਰਜ ਅਰਸ਼ਦ ਨਦੀਮ

08:45 AM Sep 07, 2024 IST

ਪ੍ਰਿੰ. ਸਰਵਣ ਸਿੰਘ
Advertisement

ਅਰਸ਼ਦ ਨਦੀਮ ਲਹਿੰਦੇ ਪੰਜਾਬ ਦਾ ਮਾਣ ਹੈ ਤੇ ਪਾਕਿਸਤਾਨ ਦੀ ਸ਼ਾਨ। ਨੀਰਜ ਚੋਪੜਾ ਹਰਿਆਣੇ ਦਾ ਮਾਣ ਤੇ ਭਾਰਤ ਦੀ ਸ਼ਾਨ ਹੈ। ਦੋਵੇਂ ਦੋਸਤ ਹਨ ਤੇ ਦੁਨੀਆ ਦੇ ਸਭ ਤੋਂ ਤਕੜੇ ਜੈਵਲਿਨ ਥਰੋਅਰ। ਉਨ੍ਹਾਂ ਦੀਆਂ ਦੋ ਮੁਲਕਾਂ ਵਿੱਚ ਵਸਦੀਆਂ ਮਾਵਾਂ ਵੀ ਦੋਹਾਂ ਨੂੰ ਆਪਣੇ ਇੱਕੋ ਜਿਹੇ ਪੁੱਤਰ ਸਮਝਦੀਆਂ ਹਨ। ਉਹ ਦੋਹਾਂ ਦੀ ਜਿੱਤ ਲਈ ਆਪਣੇ ਅੱਲਾ ਤੇ ਪ੍ਰਭੂ ਤੋਂ ਦੁਆਵਾਂ ਮੰਗਦੀਆਂ ਹਨ। ਨੀਰਜ ਤੇ ਨਦੀਮ ਵੀ ਮੁਕਾਬਲੇ ਤੋਂ ਪਹਿਲਾਂ ਇੱਕ ਦੂਜੇ ਨੂੰ ਜਿੱਤਣ ਲਈ ਸ਼ੁਭ ਇੱਛਾਵਾਂ ਦਿੰਦੇ ਹਨ, ਪਰ ਕਰਮਾਂ ਦੀ ਮਾਰ ਐਸੀ ਪੈ ਰਹੀ ਹੈ ਕਿ ਸਿਆਸਤਦਾਨਾਂ ਨੇ ਵੋਟਾਂ ਬਟੋਰਨ ਲਈ ਗੁਆਂਢੀਆਂ ਵਿਚਕਾਰ ਵੰਡੀਆਂ ਪਾ ਰੱਖੀਆਂ ਹਨ। ਖਿਡਾਰੀ ਦੋਸਤੀਆਂ ਪਾਲ ਰਹੇ ਹਨ ਤੇ ਉਨ੍ਹਾਂ ਦੀਆਂ ਮਾਵਾਂ ਪਿਆਰ ਜਤਾ ਰਹੀਆਂ ਹਨ। ਕਾਸ਼, ਖੇਡਾਂ ਦੇ ਇਸ ਵਰਤਾਰੇ ਦੀ ਮੋਹਰ ਭਾਰਤ-ਪਾਕਿ ਰਿਸ਼ਤਿਆਂ ’ਤੇ ਪੱਕੀ ਹੀ ਲੱਗ ਜਾਵੇ!
ਟੋਕੀਓ ਓਲੰਪਿਕ 2021 ਵਿੱਚ ਭਾਰਤ ਦੇ ਨੀਰਜ ਨੇ ਜੈਵਲਿਨ ਥਰੋਅ ਦਾ ਗੋਲਡ ਮੈਡਲ ਜਿੱਤਿਆ ਸੀ। ਉੱਥੇ ਨਦੀਮ ਪੰਜਵੀਂ ਥਾਂ ਰਿਹਾ ਸੀ। ਪਹਿਲਾਂ ਵੀ ਕਦੇ ਨਦੀਮ ਜਿੱਤ ਜਾਂਦਾ ਸੀ, ਕਦੇ ਨੀਰਜ। ਪੈਰਿਸ ਓਲੰਪਿਕ 2024 ਵਿੱਚ ਨਦੀਮ ਗੋਲਡ ਮੈਡਲ ਜਿੱਤਿਆ ਤੇ ਨੀਰਜ ਸਿਲਵਰ। ਦੋਹਾਂ ਨੇ ਆਪੋ ਆਪਣੇ ਕਰੀਅਰ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਨਦੀਮ ਜੈਵਲਿਨ ਦਾ ਨਵਾਂ ਓਲੰਪਿਕ ਚੈਂਪੀਅਨ ਬਣ ਕੇ ਨਵਾਂ ਰਿਕਾਰਡ ਵੀ ਕਰ ਗਿਆ। ਪੈਰਿਸ ਵਿੱਚ ਉਸ ਨੇ 92.97 ਮੀਟਰ ਯਾਨੀ 305.02 ਫੁੱਟ ਦੂਰ ਨੇਜ਼ਾ ਸੁੱਟਿਆ। ਪਹਿਲਾਂ ਓਲੰਪਿਕ ਰਿਕਾਰਡ 90.57 ਮੀਟਰ ਦਾ ਸੀ। ਇੰਜ ਨਦੀਮ ਗੋਦੜੀ ਦਾ ਲਾਲ ਸਿੱਧ ਨਿਕਲਿਆ।
ਅਰਸ਼ਦ ਹੋਰੀਂ ਅੱਠ ਭੈਣ ਭਰਾ ਹਨ ਜਿਨ੍ਹਾਂ ਵਿੱਚ ਉਹ ਤੀਜੇ ਥਾਂ ਜੰਮਿਆ ਸੀ। ਉਸ ਦਾ ਰੰਗ ਕਣਨਵੰਨਾ ਹੈ, ਕੱਦ 6 ਫੁੱਟ 4 ਇੰਚ ਤੇ ਭਾਰ 95 ਕਿਲੋਗ੍ਰਾਮ। ਭਰਵੱਟੇ ਸੰਘਣੇ, ਠੋਡੀ ਵਿੱਚ ਟੋਆ, ਅੱਖਾਂ ਮਸਤ ਤੇ ਬੁੱਲ੍ਹ ਰਤਾ ਮੋਟੇ ਹਨ। ਹੱਸਦਾ ਹੈ ਤਾਂ ਦੰਦਾਂ ਦੀਆਂ ਪਾਲਾਂ ਲਿਸ਼ਕਾਂ ਮਾਰਦੀਆਂ ਹਨ। ਉਨ੍ਹਾਂ ਦੇ ਵਡੇਰਿਆਂ ਦਾ ਜੱਦੀ ਕਿੱਤਾ ਖੇਤੀਬਾੜੀ ਸੀ, ਪਰ ਉਸ ਦੇ ਵਾਲਦ ਨੂੰ ਸਾਰੀ ਉਮਰ ਰਾਜਗੀਰੀ ਕਰਨੀ ਪਈ। ਮਿਹਨਤ ਮਜ਼ਦੂਰੀ ਕਰਦੇ ਤੇ ਤੰਗੀਆਂ ਤੁਰਸ਼ੀਆਂ ਨਾਲ ਘੁਲਦੇ ਵੱਡੇ ਪਰਿਵਾਰ ਵਿੱਚ ਨਦੀਮ ਅਣਗੌਲੇ ਬਾਲਕ ਵਾਂਗ ਪਲਿਆ। ਉਸ ਨੂੰ ਖੇਡਾਂ ਦਾ ਸ਼ੌਕ ਤਾਂ ਸੀ ਪਰ ਸਹੂਲਤਾਂ ਨਹੀਂ ਸਨ ਮਿਲਦੀਆਂ। ਕਦੇ ਕ੍ਰਿਕਟ ਖੇਡਦਾ, ਕਦੇ ਦੌੜਾਂ ਤੇ ਛਾਲਾਂ ਲਾਉਂਦਾ ਤੇ ਕਦੇ ਗੋਲਾ ਡਿਸਕਸ ਸੁੱਟਣ ਲੱਗਦਾ। ਆਖ਼ਰ ਉਹ ਜੈਵਲਿਨ ਸੁੱਟਣ ਲੱਗ ਪਿਆ। ਅਸਲੀ ਜੈਵਲਿਨ ਨਾ ਮਿਲਿਆ ਤਾਂ ਰੁੱਖਾਂ ਦੀਆਂ ਸਿੱਧੀਆਂ ਟਾਹਣੀਆਂ ਜੈਵਲਿਨ ਬਣਾ ਕੇ ਸੁੱਟਦਾ ਤੇ ਨੰਗੇ ਪੈਰੀਂ ਪ੍ਰੈਕਟਿਸ ਕਰਦਿਆਂ ਖੇਤਾਂ ਦੇ ਕਰਚਿਆਂ ’ਤੇ ਦੌੜਦਾ। ਡੰਡ ਕੱਢਦਾ, ਬੈਠਕਾਂ ਮਾਰਦਾ ਤੇ ਦੇਸੀ ਜੁਗਾੜ ਜੋੜ ਕੇ ਵੇਟ ਟ੍ਰੇਨਿੰਗ ਕਰਦਾ। ਮਿਹਨਤ ਰੰਗ ਲਿਆਈ ਤਾਂ ਸਕੂਲੀ ਜਿੱਤਾਂ ਤੋਂ ਅੱਗੇ ਵਧਦਾ ਓਲੰਪਿਕ ਖੇਡਾਂ ਦੇ ਵਿਕਟਰੀ ਸਟੈਂਡ ’ਤੇ ਜਾ ਚੜ੍ਹਿਆ। ਸਾਧਾਰਨ ਘਰ ਤੇ ਪਰਿਵਾਰ ਨੂੰ ਰੰਗ ਭਾਗ ਲੱਗ ਗਏ। ਹੁਣ ਉਹ ਕਾਮਨਵੈਲਥ ਖੇਡਾਂ ਦਾ ਵੀ ਚੈਂਪੀਅਨ ਹੈ ਤੇ ਓਲੰਪਿਕ ਖੇਡਾਂ ਦਾ ਵੀ। ਇਨ੍ਹਾਂ ਦੇ ਜੈਵਲਿਨ ਸੁੱਟਣ ਦੇ ਰਿਕਾਰਡ ਵੀ ਉਸੇ ਦੇ ਨਾਂ ਹਨ।

ਨੀਰਜ ਚੋਪੜਾ ਤੇ ਅਰਸ਼ਦ ਨਦੀਮ ਓਲੰਪਿਕ ਮੈਡਲ ਜਿੱਤਣ ਦੌਰਾਨ

ਅਰਸ਼ਦ ਦਾ ਜਨਮ ਜ਼ਿਲ੍ਹਾ ਖਾਨੋਵਾਲ ਦੇ ਪਿੰਡ ਮੀਆਂ ਚੰਨੂੰ ਵਿੱਚ ਮੁਹੰਮਦ ਅਸ਼ਰਫ ਦੇ ਘਰ ਰਜ਼ੀਆ ਪਰਵੀਨ ਦੀ ਕੁੱਖੋਂ 2 ਜਨਵਰੀ 1997 ਨੂੰ ਹੋਇਆ ਸੀ। ਪਿੰਡ ਦਾ ਨਾਂ ਸੂਫੀ ਬਾਬਾ ਮੀਆਂ ਚੰਨੂੰ ਦੇ ਨਾਂ ’ਤੇ ਰੱਖਿਆ ਗਿਆ ਸੀ ਜਿਸ ਦੀ ਕਬਰ ਵੀ ਉੱਥੇ ਹੀ ਹੈ। ਅੰਗਰੇਜ਼ਾਂ ਦੇ ਰਾਜ ਵੇਲੇ ਪਿੰਡ ਦਾ ਨਾਂ ਬਦਲਣ ਦੀ ਕੋਸ਼ਿਸ਼ ਹੋਈ, ਪਰ ਨਾਂ ਬਦਲਿਆ ਨਾ ਜਾ ਸਕਿਆ। ਆਲੇ ਦੁਆਲੇ ਨਹਿਰੀ ਚੱਕ ਹਨ। ਇਹ ਪਿੰਡ ਮੁਲਤਾਨ ਦੇ ਇਲਾਕੇ ਵਿੱਚ ਇਸਲਾਮ ਦਾ ਪੁਰਾਣਾ ਗੜ੍ਹ ਹੈ। 1938 ਤੱਕ ਇਹ ਪਿੰਡ ਹੀ ਕਿਹਾ ਜਾਂਦਾ ਸੀ ਬਾਅਦ ਵਿੱਚ ਕਸਬਾ ਤੇ ਤਹਿਸੀਲ ਬਣ ਗਿਆ। 1975 ਵਿੱਚ ਇਸ ਦੀ ਮਿਊਂਸਿਪਲ ਕਮੇਟੀ ਬਣੀ। ਇਹ ਮੁਲਤਾਨ ਵਾਲੀ ਜੀ.ਟੀ. ਰੋਡ ’ਤੇ ਲਾਹੌਰ ਤੋਂ 250 ਕਿਲੋਮੀਟਰ ਦੂਰ ਪੈਂਦਾ ਹੈ। ਪਹਿਲਾਂ ਇਹ ਮੁਲਤਾਨ ਜ਼ਿਲ੍ਹੇ ’ਚ ਸੀ, 1985 ਤੋਂ ਜ਼ਿਲ੍ਹਾ ਖਾਨੇਵਾਲ ਦੀ ਤਹਿਸੀਲ ਬਣ ਗਿਆ ਹੈ।
ਅਰਸ਼ਦ ਮਜ਼ਦੂਰੀ ਕਰਨ ਵਾਲੇ ਪਰਿਵਾਰ ਵਿੱਚ ਜੰਮਿਆ ਹੋਣ ਕਰਕੇ ਬਚਪਨ ਤੋਂ ਹੀ ਮਿਹਨਤੀ ਸੀ ਤੇ ਪਰਿਵਾਰ ਵਿੱਚ ਰਲੌਟਾ ਸੀ। ਉਹ ਅੱਲਾ ਦੀ ਰਜ਼ਾ ਵਿੱਚ ਰਹਿਣ ਵਾਲਾ ਨੌਜੁਆਨ ਹੈ। ਆਪਣੀਆਂ ਜਿੱਤਾਂ ਪਿੱਛੋਂ ਧਰਤੀ ਮਾਂ ਨੂੰ ਮੱਥਾ ਟੇਕਦਾ ਤੇ ਗੋਡਿਆਂ ਭਾਰ ਹੋ ਕੇ ਅੱਲਾ ਦਾ ਸ਼ੁਕਰ ਕਰਦਾ ਹੈ। ਅਜਿਹਾ ਉਸ ਨੇ ਪੈਰਿਸ ਦੀਆਂ ਓਲੰਪਿਕ ਖੇਡਾਂ ਵਿੱਚ ਵੀ ਕੀਤਾ। ਉਹ ਪਹਿਲਾ ਪਾਕਿਸਤਾਨੀ ਹੈ ਜੋ ਓਲੰਪਿਕ ਦੀਆਂ ਅਥਲੈਟਿਕਸ ਖੇਡਾਂ ’ਚੋਂ ਪਾਕਿਸਤਾਨ ਲਈ ਮੈਡਲ ਜਿੱਤ ਸਕਿਆ। ਪੈਰਿਸ ਓਲੰਪਿਕ ਤੋਂ ਪਹਿਲਾਂ ਪਾਕਿਸਤਾਨ ਨੇ ਤਿੰਨ ਗੋਲਡ ਮੈਡਲ ਜਿੱਤੇ ਸਨ ਜੋ 1960, 68, 84 ਦੀਆਂ ਓਲੰਪਿਕ ਖੇਡਾਂ ’ਚੋਂ ਹਾਕੀ ਦੇ ਸਨ। 1992 ਦੀਆਂ ਓਲੰਪਿਕ ਖੇਡਾਂ ਤੋਂ ਬਾਅਦ ਪਾਕਿਸਤਾਨ ਦਾ ਕੋਈ ਖਿਡਾਰੀ ਕਦੇ ਵੀ ਕਈ ਮੈਡਲ ਨਹੀਂ ਸੀ ਜਿੱਤ ਸਕਿਆ। 32 ਸਾਲਾਂ ਦੀ ਔੜ ਨਦੀਮ ਦੇ ਗੋਲਡ ਮੈਡਲ ਨਾਲ ਟੁੱਟੀ। ਉਸ ਦੀਆਂ ਵੱਡੀਆਂ ਪ੍ਰਾਪਤੀਆਂ ਵਿੱਚ ਦੋ ਵਾਰ ਓਲੰਪਿਕ ਖੇਡਾਂ ’ਚ ਭਾਗ ਲੈਣਾ, ਇੱਕ ਵਾਰ ਪੰਜਵਾਂ ਸਥਾਨ ਲੈਣਾ, ਦੂਜੀ ਵਾਰ ਸੋਨ ਤਗ਼ਮਾ ਜਿੱਤਣਾ, ਨਵਾਂ ਓਲੰਪਿਕ ਰਿਕਾਰਡ ਰੱਖਣਾ, 2022 ਦੀਆਂ ਕਾਮਨਵੈਲਥ ਖੇਡਾਂ ’ਚ ਗੋਲਡ ਮੈਡਲ ਜਿੱਤਦਿਆਂ 90.18 ਮੀਟਰ ਦਾ ਨਵਾਂ ਰਿਕਾਰਡ ਕਰਨਾ, 2023 ਦੀ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਕਿਸੇ ਪਾਕਿਸਤਾਨੀ ਅਥਲੀਟ ਦਾ ਪੁੱਜਣਾ ਤੇ ਸਿਲਵਰ ਮੈਡਲ ਜਿੱਤਣਾ ਹਨ। ਉਹ ਪਹਿਲਾ ਦੱਖਣੀ ਏਸ਼ਿਆਈ ਅਥਲੀਟ ਹੈ ਜਿਸ ਨੇ 90 ਮੀਟਰ ਤੋਂ ਪਾਰ ਨੇਜ਼ਾ ਸੁੱਟਿਆ। ਹੁਣ ਉਹ ‘ਵਾਪਡਾ’ ਵਿੱਚ ਕਲਾਸ ਵਨ ਅਫ਼ਸਰ ਵਜੋਂ ਸਰਵਿਸ ਕਰਦਾ ਹੈ ਤੇ ਲਾਹੌਰ ਰਹਿੰਦਾ ਹੈ।
ਜਦੋਂ ਉਹ ਸੱਤਵੀਂ ’ਚ ਪੜ੍ਹਦਾ ਸੀ ਤਾਂ ਕ੍ਰਿਕਟ, ਫੁੱਟਬਾਲ ਤੇ ਬੈਡਮਿੰਟਨ ਖੇਡਣ ਲੱਗਾ ਸੀ। ਗੋਲਾ ਤੇ ਡਿਸਕਸ ਵੀ ਸੁੱਟ ਲੈਂਦਾ ਸੀ। ਸਕੂਲ ’ਚ ਉਹ ਰਸ਼ੀਦ ਅਹਿਮਦ ਸਾਕੀ ਦੀ ਨਜ਼ਰੇ ਚੜ੍ਹ ਗਿਆ ਜਿਸ ਨੇ ਉਸ ਨੂੰ ਜੈਵਲਿਨ ਸੁੱਟਣ ਲਾਇਆ। ਪੰਜਾਬ ਯੂਥ ਫੈਸਟੀਵਲ ਵਿੱਚ ਉਹ ਗੋਲਡ ਮੈਡਲ ਜਿੱਤਿਆ ਤਾਂ ਉਸ ਦਾ ਹੌਸਲਾ ਹੋਰ ਵਧ ਗਿਆ। ਉਹ ਆਰਮੀ, ਏਅਰ ਫੋਰਸ ਤੇ ਵਾਪਡਾ ਦੀਆਂ ਨਜ਼ਰਾਂ ’ਚ ਆ ਗਿਆ ਤੇ ਸਿਫ਼ਾਰਸ਼ ਨਾਲ ਵਾਪਡਾ ਦਾ ਕਰਮਚਾਰੀ ਬਣ ਗਿਆ। ਇਹ ਗੱਲ 2015 ਦੀ ਹੈ। ਉਸ ਦਾ ਵਿਆਹ ਵੀ ਹੋ ਗਿਆ। ਹੁਣ ਉਸ ਦੇ ਇੱਕ ਧੀ ਤੇ ਇੱਕ ਪੁੱਤ ਹੈ।
2015 ਵਿੱਚ ਉਸ ਨੂੰ ‘ਵਰਲਡ ਅਥਲੈਟਿਕਸ’ ਵੱਲੋਂ ਵਜ਼ੀਫ਼ਾ ਮਿਲਿਆ ਜਿਸ ਨਾਲ ਹਾਈ ਪਰਫਾਰਮੈਂਸ ਟ੍ਰੇਨਿੰਗ ਸੈਂਟਰ ਮੌਰੀਸ਼ੀਅਸ ਵਿੱਚ ਸਿਖਲਾਈ ਮਿਲੀ। ਫਿਰ ਉਸ ਨੇ ਫਰਵਰੀ 2016 ’ਚ ਗੁਹਾਟੀ ’ਚ ਹੋਈਆਂ ਸਾਊਥ ਏਸ਼ੀਅਨ ਖੇਡਾਂ ਵਿੱਚ ਭਾਗ ਲਿਆ ਜਿੱਥੇ ਉਹ 78.33 ਮੀਟਰ ਦੂਰ ਜੈਵਲਿਨ ਸੁੱਟ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਜੂਨ 2016 ’ਚ ਹੋ ਚੀ ਮਿਨ੍ਹ ਵਿਖੇ ਹੋਈ ਏਸ਼ੀਅਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ’ਚ ਵੀ ਕਾਂਸੀ ਦਾ ਮੈਡਲ ਜਿੱਤਿਆ। ਫਿਰ ਤਾਂ ਚੱਲ ਸੋ ਚੱਲ ਹੋ ਗਈ। ਮਈ 2017 ’ਚ ਬਾਕੂ ਦੀਆਂ ਇਸਲਾਮਿਕ ਸੌਲੀਡੈਰਿਟੀ ਖੇਡਾਂ ਅਤੇ ਗੋਲਡ ਕੋਸਟ, ਆਸਟਰੇਲੀਆ ਦੀਆਂ ਕਾਮਨਵੈਲਥ ਖੇਡਾਂ ਵਿੱਚ ਚੰਗੀ ਕਾਰਗੁਜ਼ਾਰੀ ਵਿਖਾਈ। 2018 ਵਿੱਚ ਜਕਾਰਤਾ ਦੀਆਂ ਏਸ਼ਿਆਈ ਖੇਡਾਂ ’ਚੋਂ 80.75 ਮੀਟਰ ਦੂਰ ਜੈਵਲਿਨ ਸੁੱਟ ਕੇ ਕਾਂਸੀ ਦਾ ਮੈਡਲ ਜਿੱਤਿਆ। 2019 ਵਿੱਚ ਦੋਹਾ ਦੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 81.52 ਮੀਟਰ ਅਤੇ ਪੇਸ਼ਾਵਰ ਦੀਆਂ ਕੌਮੀ ਖੇਡਾਂ ਵਿੱਚ 83.65 ਮੀਟਰ ਨਾਲ ਨਵਾਂ ਮੀਟ ਰਿਕਾਰਡ ਰੱਖਿਆ। ਨੇਪਾਲ ਦੀਆਂ ਸਾਊਥ ਏਸ਼ੀਅਨ ਖੇਡਾਂ 2019 ’ਚ 86.29 ਮੀਟਰ ਦੂਰ ਜੈਵਲਿਨ ਸੁੱਟ ਕੇ ਗੋਲਡ ਮੈਡਲ ਜਿੱਤਿਆ। ਨਾਲ ਦੀ ਨਾਲ ਨਦੀਮ ਤੇ ਨੀਰਜ ਦੀ ਦੋਸਤੀ ਵੀ ਵਧਦੀ ਗਈ।
ਟੋਕੀਓ ਓਲੰਪਿਕ 2021 ਵਿੱਚ ਨੀਰਜ ਫਸਟ ਆਇਆ ਤੇ ਨਦੀਮ 84.62 ਮੀਟਰ ਨਾਲ ਪੰਜਵੀਂ ਥਾਂ। 2022 ਦੀ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਨਦੀਮ ਦੱਖਣੀ ਅਫ਼ਰੀਕਾ ਵਿੱਚ ਵਿਸ਼ਵ ਦੇ ਮੰਨੇ ਪ੍ਰਮੰਨੇ ਕੋਚ ਟੀ. ਲਿਬਨਬਰਗ ਦੀ ਨਿਗਰਾਨੀ ਹੇਠ ਕੋਚਿੰਗ ਲੈਣ ਲਈ ਦੱਖਣੀ ਅਫ਼ਰੀਕਾ ਗਿਆ। ਵਿਸ਼ਵ ਚੈਂਪੀਅਨਸ਼ਿਪ ਵਿੱਚ ਉਹ 86.16 ਮੀਟਰ ਜੈਵਲਿਨ ਸੁੱਟ ਕੇ ਪੰਜਵੇਂ ਥਾਂ ਰਿਹਾ। 2022 ਦੀਆਂ ਕਾਮਨਵੈਲਥ ਖੇਡਾਂ ਵਿੱਚ 90.18 ਮੀਟਰ ਦੀ ਸੁੱਟ ਨਾਲ ਦੁਨੀਆ ਦੰਗ ਕਰ ਦਿੱਤੀ! ਨਾ ਸਿਰਫ਼ ਗੋਲਡ ਮੈਡਲ ਜਿੱਤਿਆ ਬਲਕਿ ਪੈਰਿਸ ਓਲੰਪਿਕ ਜਿੱਤਣ ਵਾਲਾ ਸਭ ਤੋਂ ਤਕੜਾ ਉਮੀਦਵਾਰ ਬਣ ਗਿਆ। ਨਵੰਬਰ 2022 ਵਿੱਚ ਲਾਹੌਰ ਦੀ ਨੈਸ਼ਨਲ ਮੀਟ ’ਚ ਉਹਦੀ ਕੂਹਣੀ ਖਿੱਚੀ ਗਈ ਤੇ ਗੋਡਾ ਉਤਰ ਗਿਆ। ਤੁਰੰਤ ਯੂ.ਕੇ. ਕੈਂਬਰਿਜ ਲੀ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ। 2023 ਵਿੱਚ ਗੋਡਾ ਫਿਰ ਜਰਕ ਖਾ ਗਿਆ। ਠੀਕ ਹੋਇਆ ਤਾਂ 2023 ਦੀ ਵਿਸ਼ਵ ਚੈਂਪੀਅਨਸ਼ਿਪ ’ਚੋਂ 87.82 ਮੀਟਰ ਦੀ ਸੁੱਟ ਨਾਲ ਸਿਲਵਰ ਮੈਡਲ ਜਿੱਤ ਗਿਆ ਤੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਗਿਆ। ਪਰ 2024 ਦੀ ਪੈਰਿਸ ਡਾਇਮੰਡ ਲੀਗ ’ਚ ਉਹ ਕੇਵਲ 84.21 ਮੀਟਰ ਨਾਲ ਪੰਜਵਾਂ ਸਥਾਨ ਹੀ ਹਾਸਲ ਕਰ ਸਕਿਆ।
ਪੈਰਿਸ ਓਲੰਪਿਕ 2024 ਵਿੱਚ ਨਦੀਮ ਨੇ ਆਪਣੀ ਦੂਜੀ ਸੁੱਟ 92.97 ਮੀਟਰ ਸੁੱਟੀ ਤਾਂ ਸਟੇਡੀਅਮ ਦਾ ਸ਼ੋਰ ਉੱਚਾ ਗੂੰਜਿਆ। ਨਦੀਮ ਨੇ ਖ਼ੁਸ਼ੀ ’ਚ ਬਾਹਵਾਂ ਉੱਪਰ ਚੁੱਕੀਆਂ ਤੇ ਫਿਰ ਦੋਹਾਂ ਹੱਥਾਂ ਨਾਲ ਮੂੰਹ ਢਕ ਲਿਆ। ਗੋਡਿਆਂ ਭਾਰ ਹੋ ਕੇ ਅੱਲਾ ਦਾ ਸ਼ੁਕਰਾਨਾ ਕੀਤਾ। ਇਸ ਸੁੱਟ ਨਾਲ ਉਸ ਨੇ ਬੀਜਿੰਗ ਓਲੰਪਿਕ 2008 ’ਚ ਰੱਖਿਆ ਨਾਰਵੇ ਦੇ ਐਂਡਰੀਜ਼ ਦੀ 90.57 ਮੀਟਰ ਸੁੱਟ ਦਾ ਓਲੰਪਿਕ ਰਿਕਾਰਡ ਵੀ ਤੋੜ ਦਿੱਤਾ। ਨੀਰਜ ਚੋਪੜਾ ਆਪਣੇ ਕਰੀਅਰ ਦੀ ਬਿਹਤਰੀਨ ਸੁੱਟ 89.45 ਮੀਟਰ ਨਾਲ ਦੂਜੇ ਥਾਂ ਰਿਹਾ। ਤਿੰਨ ਹੋਰ ਸੁਟਾਵੇ ਵੀ ਨੀਰਜ ਦੀ ਟੋਕੀਓ ਵਾਲੀ ਸੁੱਟ ਤੋਂ ਅੱਗੇ ਨਿਕਲ ਗਏ। ਨਦੀਮ ਪਾਕਿਸਤਾਨੀ ਝੰਡਾ ਮੋਢਿਆਂ ’ਤੇ ਤਾਣ ਕੇ ਆਪਣੇ ਕੋਚ ਲਿਬਨਬਰਗ ਤੇ ਸਲਮਾਨ ਇਕਬਾਲ ਬੱਟ ਕੋਲ ਗਿਆ ਜਿੱਥੇ ਸ਼ੁਕਰਾਨੇ ਵਿੱਚ ਉਸ ਦੇ ਹੰਝੂ ਵਹਿ ਤੁਰੇ। ਕੋਚਾਂ ਨੇ ਉਸ ਨੂੰ ਦਿਲਾਸਾ ਦਿੱਤਾ ਤੇ ਨਦੀਮ ਨੇ ਸਟੇਡੀਅਮ ਦੀ ਜੇਤੂ ਗੇੜੀ ਲਾਈ। ਇੱਕ ਥਾਂ ਕੁਝ ਪੱਗਾਂ ਵਾਲੇ ਸਰਦਾਰ ਖੜ੍ਹੇ ਸਨ ਜਿਨ੍ਹਾਂ ਕੋਲ ਉਹ ਪੰਜਾਬੀ ਭਰਾ ਸਮਝ ਕੇ ਉਚੇਚਾ ਰੁਕਿਆ। ਇਹ ਸਭ ਕੁਝ ਕਰੋੜਾਂ ਲੋਕਾਂ ਨੇ ਟੀਵੀ ਤੋਂ ਵੇਖਿਆ।
ਓਲੰਪਿਕ ਚੈਂਪੀਅਨ ਬਣਨ ਤੋਂ ਪਹਿਲਾਂ ਉਨ੍ਹਾਂ ਦਾ ਘਰ ਤਿੰਨ ਤੰਗ ਕਮਰਿਆਂ ਦਾ ਸੀ। ਉਨ੍ਹਾਂ ਦੀ ਕੁਲ ਜਾਇਦਾਦ ਪਾਕਿਸਤਾਨ ਦੇ 80 ਕੁ ਲੱਖ ਰੁਪਈਆਂ ਦੀ ਹੋਵੇਗੀ। ਓਲੰਪਿਕ ਚੈਂਪੀਅਨ ਬਣਨ ਨਾਲ 80 ਲੱਖ ਦੀ ਜਾਇਦਾਦ ਹੁਣ ਕਰੋੜਾਂ ਦੀ ਹੋ ਗਈ ਹੈ। ਅਜੇ ਕਿਹੜਾ ਬਸ ਹੈ? ਓਲੰਪਿਕ ਖੇਡਾਂ ਦੇ ਗੋਲਡ ਮੈਡਲ ਨੇ ਗੋਲਡ ਹੀ ਗੋਲਡ ਕਰ ਦਿੱਤਾ ਹੈ। ਪਹਿਲਾਂ ਪਹਿਲ ਪਾਕਿਸਤਾਨ ਦੀਆਂ ਸਰਕਾਰਾਂ ਨੇ ਨਦੀਮ ਨੂੰ ਕ੍ਰਿਕਟ ਦੇ ਖਿਡਾਰੀਆਂ ਵਾਂਗ ਖ਼ਾਸ ਸਹੂਲਤਾਂ ਨਹੀਂ ਸਨ ਦਿੱਤੀਆਂ। ਉਸ ਨੇ ਜਦੋਂ ਕਿਸੇ ਅਥਲੈਟਿਕ ਮੀਟ ’ਤੇ ਜਾਣਾ ਹੁੰਦਾ ਸੀ ਤਾਂ ਉਹਦੇ ਰਿਸ਼ਤੇਦਾਰ ਤੇ ਮੀਆਂ ਚੰਨੂੰ ਦੇ ਗਰਾਈਂ ਉਹਦੇ ਕਿਰਾਏ ਭਾੜੇ ਦਾ ਪ੍ਰਬੰਧ ਕਰਦੇ ਸਨ। ਪਹਿਲਵਾਨ ਨੂੰ ਖੁਰਾਕ ਦੇਣ ਵਾਂਗ ਖੁਰਾਕ ’ਕੱਠੀ ਕਰ ਕੇ ਦਿੰਦੇ ਸਨ ਪਈ ਕਦੇ ਉਹ ਵੀ ਮੀਆਂ ਚੰਨੂੰ ਦਾ ਨਾਂ ਕੱਢੇਗਾ। ਵੇਖ ਲਓ ਹੁਣ ਮੀਆਂ ਚੰਨੂੰ ਮੀਆਂ ਚੰਨੂੰ ਹੋਈ ਪਈ ਐ!
ਸਫੈਦਿਆਂ ਦੀਆਂ ਟਾਹਣੀਆਂ ਦੇ ਜੈਵਲਿਨ ਬਣਾ ਕੇ ਪ੍ਰੈਕਟਿਸ ਕਰਨ ਵਾਲੇ ਨਦੀਮ ਨੂੰ ‘ਵਰਲਡ ਅਥਲੈਟਿਕਸ’ ਨੇ ਪਹਿਲੀ ਹੌਸਲਾ ਅਫ਼ਜ਼ਾਈ ਵਜੋਂ 50000 ਡਾਲਰਾਂ ਦਾ ਸ਼ਗਨ ਪਾਇਆ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ 5 ਲੱਖ ਅਮਰੀਕਨ ਡਾਲਰਾਂ ਦਾ ਮਾਣ ਸਨਮਾਨ ਦਿੱਤਾ ਤੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ 3 ਲੱਖ 50 ਹਜ਼ਾਰ ਡਾਲਰਾਂ ਦੀ ਥੈਲੀ ਭੇਟ ਕੀਤੀ। ਕਾਰਾਂ ਦੀਆਂ ਕੰਪਨੀਆਂ ਨੇ ਲੱਖੀ ਕਰੋੜੀ ਕਾਰਾਂ ਤੋਹਫ਼ੇ ਵਜੋਂ ਦਿੱਤੀਆਂ। ਉਨ੍ਹਾਂ ਕਾਰਾਂ ਦੇ ਪਲੇਟ ਨੰਬਰ ਵੀ ਉਹਦੇ ਓਲੰਪਿਕ ਰਿਕਾਰਡ 92.97 ਮੀਟਰ ਮੁਤਾਬਿਕ 92.97 ਲਾਏ।
ਖ਼ਬਰਾਂ ਹਨ ਕਿ ਅਰਸ਼ਦ ਦੇ ਇਨਾਮ ਮਿਲੀਅਨ ਤੋਂ ਵੀ ਵੱਧ ਡਾਲਰਾਂ ਤੱਕ ਪਹੁੰਚ ਗਏ ਹਨ। ਕਰੋੜਾਂ ਦੀਆਂ ਮਹਿੰਗੀਆਂ ਕਾਰਾਂ ਝੂੰਗੇ ’ਚ ਮਿਲਣ ਲੱਗੀਆਂ ਹਨ। ਅਮੀਰ ਵਜ਼ੀਰ, ਮੰਤਰੀ ਸੰਤਰੀ ਤੇ ਅਰਬ ਦੇਸ਼ਾਂ ਦੇ ਸੇਖ਼ ਉਸ ਨੂੰ ਜੱਫੀਆਂ ਪਾ ਪਾ ਮਿਲਦੇ ਹਨ। ਫਿਲਮੀ ਹੀਰੋਇਨਾਂ ਉਹਦੇ ਨਾਲ ਫੋਟੋ ਖਿਚਵਾ ਕੇ ਖ਼ੁਸ਼ ਹੁੰਦੀਆਂ ਹਨ। ਕਾਰਪੋਰੇਟ ਜਗਤ ਉਹਦੀ ਮਸ਼ਹੂਰੀ ਦਾ ਦਾਅ ਲਾ ਕੇ ਲਾਹਾ ਲੈਣ ਲੱਗ ਪਿਐ। ਸੌਦਾ ਵੇਚਣ ਵਾਲੇ ਉਹਦੇ ਨਾਂ ਨਾਲ ਸੌਦਾ ਵੇਚਣ ਨੂੰ ਕਾਹਲੇ ਹਨ। ਨਦੀਮ ਦੀਆਂ ਕਾਰਾਂ ਲਈ ਉਮਰ ਭਰ ਦਾ ਤੇਲ ਮੁਫ਼ਤ, ਪਾਰਕਿੰਗ ਮੁਫ਼ਤ ਤੇ ਗੋਲਡ ਕਰਾਊਨ ਵੱਖਰੇ। ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਪਾੜ ਕੇ ਦੇਈ ਜਾਂਦਾ ਹੈ!
ਅਰਸ਼ਦ ਨਦੀਮ ਵਿਆਹਿਆ ਵਰਿਆ ਹੈ। ਨਦੀਮ ਦੇ ਸਹੁਰਾ ਸਾਹਿਬ ਚੰਗੇ ਜ਼ਿਮੀਂਦਾਰ ਹਨ। ਨਦੀਮ ਦੇ ਗੋਲਡ ਮੈਡਲ ਜਿੱਤਣ ’ਤੇ ਉਹ ਜੁਆਈ ਨੂੰ ਚੋਖਾ ਦੁੱਧ ਦੇਣ ਵਾਲੀ ਮੱਝ ਦੇਣ ਆਏ। ਖਿਡਾਰੀ ਲਈ ਇਹ ਸਭ ਤੋਂ ਵੱਡਾ ਤੋਹਫ਼ਾ ਸੀ। ਇੱਕ ਟੀਵੀ ਸ਼ੋਅ ਦਾ ਐਂਕਰ ਨਦੀਮ ਨੂੰ ਕਹਿਣ ਲੱਗਾ: ਮੈ ਤਾਂ ਸੋਚਦਾ ਸੀ, ਤੁਹਾਡੇ ਸਹੁਰਾ ਸਾਹਿਬ ਤੁਹਾਨੂੰ ਜ਼ਮੀਨ ਦਾ ਮੁਰੱਬਾ ਦੇਣਗੇ, ਪਰ ਦਿੱਤੀ ਕਾਲੀ ਕਲੋਟੀ ਮੱਝ!
ਉਸ ਨੂੰ ਕੀ ਪਤਾ ਕਿ ਮੱਝ ਹੀ ਸਭ ਤੋਂ ਵੱਡਾ ਤੋਹਫ਼ਾ ਸੀ ਜਿਸ ਦਾ ਦੁੱਧ ਘਿਓ ਪੀ ਖਾ ਕੇ ਉਹ ਓਲੰਪਿਕ ਖੇਡਾਂ ਦੇ ਗੋਲਡ ਮੈਡਲ ਤੱਕ ਪੁੱਜਾ ਸੀ। ਮੱਝਾਂ ਦਾ ਪੰਜਾਬੀ ਸੱਭਿਆਚਾਰ ਵਿੱਚ ਵਿਸ਼ੇਸ਼ ਸਥਾਨ ਹੈ ਜਿਵੇਂ ਅਰਬ ਮੁਲਕਾਂ ਵਿੱਚ ਊਠ ਊਠਣੀਆਂ ਦਾ ਹੈ। ਮੱਝਾਂ ਪੰਜਾਬੀਆਂ ਦਾ ਕਾਲਾ ਸੋਨਾ ਸਮਝੀਆਂ ਜਾਂਦੀਆਂ ਹਨ ਜਿਸ ਨਾਲ ਦੁੱਧ ਘਿਓ ਦੀਆਂ ਲਹਿਰਾਂ ਲੱਗੀਆਂ ਰਹਿੰਦੀਆਂ ਹਨ। ਪਾਕਿਸਤਾਨ ਵਿੱਚ ਦੁੱਧ ਦੀ ਕੁਲ ਖਪਤ ਵਿੱਚ 72 ਫੀਸਦੀ ਮੱਝਾਂ ਦਾ ਦੁੱਧ ਹੀ ਵਰਤਿਆ ਜਾਂਦਾ ਹੈ। ਦੁੱਧ ਨਾਲ ਕੱਟੇ ਕੱਟੀਆਂ ਦੀ ਵੀ ਮੌਜ ਲੱਗੀ ਰਹਿੰਦੀ ਹੈ ਜਿਸ ਕਰਕੇ ਕਿਸਾਨ ਮਜ਼ਦੂਰ ਮੱਝ ਨੂੰ ਹੀ ਆਪਣਾ ਬੈਂਕ ਸਮਝਦੇ ਹਨ। ਕਿਸੇ ਦੀ ਮੱਝ ਮਰ ਜਾਵੇ ਤਾਂ ਦੋਸਤ ਮਿੱਤਰ ਤੇ ਰਿਸ਼ਤੇਦਾਰ ਘਰ ਦੇ ਕਮਾਊ ਜੀਅ ਮਰਨ ਵਾਂਗ ਹੀ ਅਫ਼ਸੋਸ ਕਰਨ ਆਉਂਦੇ ਹਨ। ਨਦੀਮ ਦੇ ਸਹੁਰਾ ਸਾਹਿਬ ਨੇ ਸ਼ਾਇਦ ਇਹ ਸੋਚ ਕੇ ਵੀ ਮੱਝ ਦਿੱਤੀ ਹੋਵੇਗੀ ਕਿ ਉਨ੍ਹਾਂ ਦਾ ਜੁਆਈ ਅਗਲੀਆਂ ਓਲੰਪਿਕ ਖੇਡਾਂ ਤੱਕ ਨਿੱਠ ਕੇ ਪ੍ਰੈਕਟਿਸ ਕਰਦਾ ਰਹੇ। ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ਵਿੱਚੋਂ ਵੀ ਗੋਲਡ ਮੈਡਲ ਜਿੱਤੇ। ਦੁਆ ਹੈ ਕਿ ਭਾਰਤ-ਪਾਕਿ ਵਿਚਕਾਰ ਨਦੀਮ ਤੇ ਨੀਰਜ ਵਾਂਗ ਦੋਸਤਾਨਾ ਸਬੰਧ ਬਣੇ ਰਹਿਣ ਤੇ ਦੋਹਾਂ ਦੇਸ਼ਾਂ ਦੀਆਂ ਮਾਵਾਂ ਦੋਹੀਂ ਪਾਸੀਂ ਅਸ਼ੀਰਵਾਦਾਂ ਤੇ ਸ਼ੁਭ ਦੁਆਵਾਂ ਦਿੰਦੀਆਂ ਰਹਿਣ!
ਈ-ਮੇਲ: principalsarwansingh@gmail.com

Advertisement

Advertisement