For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਵਿੱਚ ਦੀਵਾਲੀ ਵਾਲੀ ਰਾਤ ਏਕਿਊਆਈ 453 ’ਤੇ ਪਹੁੰਚਿਆ

10:16 AM Nov 14, 2023 IST
ਚੰਡੀਗੜ੍ਹ ਵਿੱਚ ਦੀਵਾਲੀ ਵਾਲੀ ਰਾਤ ਏਕਿਊਆਈ 453 ’ਤੇ ਪਹੁੰਚਿਆ
ਚੰਡੀਗੜ੍ਹ ਵਿੱਚ ਦੀਵਾਲੀ ਵਾਲੀ ਰਾਤ ਸੈਕਟਰ-15 ’ਚ ਪਟਾਕੇ ਚਲਾਉਂਦੇ ਹੋਏ ਸ਼ਹਿਰ ਵਾਸੀ। -ਫੋਟੋ: ਪ੍ਰਦੀਪ ਤਿਵਾੜੀ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 13 ਨਵੰਬਰ
ਚੰਡੀਗੜ੍ਹ ਵਿੱਚ ਦੀਵਾਲੀ ਵਾਲੀ ਰਾਤ ਨੂੰ ਆਬੋ-ਹਵਾ ਅਤਿ ਮਾੜੀ ਦਰਜ ਕੀਤੀ ਗਈ। ਸ਼ਹਿਰ ਵਿੱਚ ਪਟਾਕੇ ਚਲਾਉਣ ਕਰ ਕੇ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 453 ’ਤੇ ਪਹੁੰਚ ਗਿਆ। ਉੱਧਰ, ਚੰਡੀਗੜ੍ਹ ਵਾਸੀਆਂ ਨੇ ਪ੍ਰਸ਼ਾਸਨ ਦੇ ਹੁਕਮਾਂ ਦੇ ਉਲਟ ਦੀਵਾਲੀ ਵਾਲੀ ਰਾਤ ਦੇਰ ਰਾਤ ਤੱਕ ਪਟਾਕੇ ਚਲਾਏ। ਇਸ ਤਰ੍ਹਾਂ ਸ਼ਹਿਰ ਵਾਸੀਆਂ ਨੇ ਸ਼ਹਿਰ ਵਿੱਚ ਦੋ ਘੰਟੇ ਪਟਾਕੇ ਚਲਾਉਣ ਦੇ ਜਾਰੀ ਕੀਤੇ ਯੂਟੀ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ। ਸ਼ਹਿਰ ਵਾਸੀ ਸ਼ਾਮ ਨੂੰ 7 ਵਜੇ ਤੋਂ ਸ਼ੁਰੂ ਹੋ ਕੇ ਦੇਰ ਰਾਤ 12 ਵਜੇ ਤੋਂ ਬਾਅਦ ਤੱਕ ਪਟਾਕੇ ਚਲਾਉਂਦੇ ਰਹੇ। ਇਸ ਨਾਲ ਵੱਡੀ ਪੱਧਰ ’ਤੇ ਹਵਾ ਤੇ ਆਵਾਜ਼ ਪ੍ਰਦੂਸ਼ਣ ਹੋਇਆ। ਨਿਯਮਾਂ ਦੀ ਸ਼ਰੇਆਮ ਧੱਜੀਆਂ ਉੱਡਣ ਦੇ ਬਾਵਜੂਦ ਪੁਲੀਸ ਨੇ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਦੀਵਾਲੀ ਵਾਲੀ ਰਾਤ ਸ਼ਹਿਰ ਵਿੱਚ 23 ਵੱਖ-ਵੱਖ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਬਾਰੇ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਕਰ ਕੇ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪ੍ਰਦੂਸ਼ਣ ਵਿਭਾਗ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਦੀਵਾਲੀ ਨੂੰ ਦਿਨ ਵੇਲੇ ਸ਼ਹਿਰ ਦੀ ਆਬੋ-ਹਵਾ ਵਧੇਰੇ ਸਾਫ ਦਰਜ ਕੀਤੀ ਗਈ ਜਦਕਿ ਸ਼ਾਮ ਸਮੇਂ ਹਵਾ ਪ੍ਰਦੂਸ਼ਣ ਕਾਫੀ ਵਧਣ ਕਰ ਕੇ ਰਾਤ 10 ਵਜੇ ਤੱਕ ਸ਼ਹਿਰ ਦੀ ਆਬੋ-ਹਵਾ ਕਾਫੀ ਖਰਾਬ ਹੋ ਗਈ। ਸੈਕਟਰ-53 ਵਿੱਚ ਸਥਿਤ ਪ੍ਰਦੂਸ਼ਣ ਮੌਨੀਟਰਿੰਗ ਸੈਂਟਰ ਅਨੁਸਾਰ ਸ਼ਹਿਰ ਵਿੱਚ ਰਾਤ 10 ਵਜੇ ਦੇ ਕਰੀਬ ਸ਼ਹਿਰ ਦਾ ਏਕਿਊਆਈ 453 ’ਤੇ ਪਹੁੰਚ ਗਿਆ। ਉਸ ਸਮੇਂ ਸੈਕਟਰ-22 ’ਚ ਏਕਿਊਆਈ 392, ਪੰਜਾਬ ਇੰਜਨੀਅਰਿੰਗ ਕਾਲਜ ਸੈਕਟਰ-12 ’ਚ 301 ਅਤੇ ਇਮਟੈੱਕ ਸੈਕਟਰ-39 ’ਚ 360 ਦਰਜ ਕੀਤਾ ਗਿਆ। ਹਾਲਾਂਕਿ, 13 ਨਵੰਬਰ ਨੂੰ ਤੜਕੇ 3 ਵਜੇ ਤੋਂ ਬਾਅਦ ਪ੍ਰਦੂਸ਼ਣ ਘਟਣਾ ਸ਼ੁਰੂ ਹੋ ਗਿਆ। ਸੋਮਵਾਰ ਨੂੰ ਵੀ ਸ਼ਹਿਰ ਦਾ ਏਕਿਊਆਈ 200 ਤੋਂ 250 ਦੇ ਵਿਚਾਲੇ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾਂ ਤੋਂ ਹਵਾ ਕਾਫੀ ਗੰਧਲੀ ਹੋਈ ਪਈ ਹੈ, ਜਿਸ ਕਰ ਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਹਫ਼ਤੇ ਸ਼ਹਿਰ ਦਾ ਏਕਿਊਆਈ 272 ਤੱਕ ਪਹੁੰਚ ਗਿਆ ਸੀ। ਉਸ ਦੇ ਬਾਅਦ ਤੋਂ ਚੰਡੀਗੜ੍ਹ ਪ੍ਰਦੂਸ਼ਣ ਰੋਕਥਾਮ ਕਮੇਟੀ ਨੇ ਸ਼ਹਿਰ ਦੀ ਆਬੋ-ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਦੀ ਹਰ ਸਮੇਂ ਮੌਨੀਟਰਿੰਗ ਕੀਤੀ ਜਾ ਰਹੀ ਸੀ। ਉੱਧਰ, ਦੀਵਾਲੀ ਵਾਲੀ ਰਾਤ ਪ੍ਰਸ਼ਾਸਨ ਨੇ ਰਾਤ 8 ਵਜੇ ਤੋਂ 10 ਵਜੇ ਤੱਕ ਗਰੀਨ ਪਟਾਕੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਸੀ। ਉਸ ਦੇ ਬਾਵਜੂਦ ਲੋਕ ਦੇਰ ਰਾਤ ਤੱਕ ਪਟਾਕੇ ਚਲਾਉਂਦੇ ਰਹੇ। ਇਸ ਦੌਰਾਨ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਚੰਡੀਗੜ੍ਹ ਪੁਲੀਸ ਦੀਆਂ ਟੀਮਾਂ ਸ਼ਹਿਰ ਵਿੱਚ ਗਸ਼ਤ ਕਰਦੀਆਂ ਰਹੀਆਂ ਪਰ ਲੋਕਾਂ ਨੂੰ ਪਟਾਕੇ ਚਲਾਉਣ ਤੋਂ ਰੋਕਣ ਵਿੱਚ ਨਾਕਾਮ ਰਹੀਆਂ।
ਦੀਵਾਲੀ ਮੌਕੇ ਚੰਡੀਗੜ੍ਹ ਪੁਲੀਸ ਦੇ ਕੰਟਰੋਲ ਰੂਮ ਵਿੱਚ 1070 ਸ਼ਿਕਾਇਤਾਂ ਪਹੁੰਚੀਆਂ। ਇਨ੍ਹਾਂ ਵਿੱਚੋਂ 23 ਅੱਗ ਲੱਗਣ ਸਬੰਧੀ, ਲੜਾਈ-ਝਗੜੇ ਦੀਆਂ 155, ਪਟਾਕੇ ਚਲਾਉਂਦੇ ਹੋਏ ਸ਼ੋਰ ਮਚਾਉਣ ਸਬੰਧੀ 75, ਹੰਗਾਮਾ ਕਰਨ ਦੀਆਂ 35 ਅਤੇ 21 ਸ਼ਿਕਾਇਤਾਂ ਸੜਕ ਹਾਦਸੇ ਦੀਆਂ ਪਹੁੰਚੀਆਂ ਹਨ।

Advertisement

ਪੰਚਕੂਲਾ ਹਸਪਤਾਲ ਵਿੱਚ ਅੱਖਾਂ ਝੁਲਸਣ ਦੇ 22 ਕੇਸ ਸਾਹਮਣੇ ਆਏ

ਪੰਚਕੂਲਾ (ਪੀ.ਪੀ. ਵਰਮਾ): ਪੰਚਕਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਦੀਵਾਲੀ ਵਾਲੀ ਰਾਤ ਆਈ ਬਰਨ (ਅੱਖਾਂ ਝੁਲਸਣ) ਦੇ 22 ਮਰੀਜ਼ ਆਏ। ਇਨ੍ਹਾਂ ਮਰੀਜ਼ਾਂ ਵਿੱਚ ਬਹੁਤੇ ਬੱਚੇ ਸ਼ਾਮਲ ਸਨ। ਪ੍ਰਿੰਸੀਪਲ ਮੈਡੀਕਲ ਅਫ਼ਸਰ ਡਾ. ਉਮੇਸ਼ ਮੋਦੀ ਨੇ ਦੱਸਿਆ ਕਿ ਇੱਕ ਮਰੀਜ਼ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਜਦਕਿ ਬਾਕੀਆਂ ਨੂੰ ਮੱਲ੍ਹਮ ਪੱਟੀ ਕਰਨ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸੇ ਤਰ੍ਹਾਂ ਦੀਵਾਲੀ ਵਾਲੀ ਰਾਤ ਐਮਰਜੈਂਸੀ ਵਿੱਚ ਡਾਕਟਰਾਂ ਦੀ ਡਿਊਟੀ ਡਰਾਅ ਕੱਢ ਕੇ ਲਗਾਈ ਗਈ। ਦੀਵਾਲੀ ਦੇ ਮੱਦੇਨਜ਼ਰ ਜਨਰਲ ਹਸਪਤਾਲ ਸੈਕਟਰ-6 ਵਿੱਚ ਇੱਕ ਦਿਨ ਪਹਿਲਾਂ ਹੀ ਬਰਨ ਵਾਰਡ ਤਿਆਰ ਕੀਤਾ ਗਿਆ ਸੀ। ਮਾਹਿਰ ਡਾਕਟਰਾਂ ਦੀ ਵੀ ਡਿਊਟੀ ਲਗਾਈ ਗਈ ਸੀ, ਜਿਨ੍ਹਾਂ ਵਿੱਚ ਹੱਡੀ ਰੋਗਾਂ ਦੇ ਮਾਹਿਰ, ਈਐੱਨਟੀ ਦੇ ਮਾਹਿਰ, ਅੱਖਾਂ ਦੇ ਮਾਹਿਰ ਸ਼ਾਮਲ ਸਨ। ਪ੍ਰਿੰਸੀਪਲ ਮੈਡੀਕਲ ਅਫ਼ਸਰ ਉਮੇਸ਼ ਮੋਦੀ ਨੇ ਦੱਸਿਆ ਕਿ ਕਈ ਡਾਕਟਰਾਂ ਨੇ ਦੀਵਾਲੀ ਵਾਲੀ ਰਾਤ ਸਵੈਇੱਛਾ ਨਾਲ ਆਪਣੀ ਡਿਊਟੀ ਲਗਵਾਈ ਹੋਈ ਸੀ। ਦੀਵਾਲੀ ਵਾਲੀ ਰਾਤ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਪੈਰਾ ਮੈਡੀਕਲ ਸਟਾਫ਼ ਵੀ ਤਾਇਨਾਤ ਰਿਹਾ ਜਦਕਿ ਹਸਪਤਾਲ ਵਿੱਚ ਵਿਸ਼ੇਸ਼ ਤੌਰ ’ਤੇ ਸੁਰੱਖਿਆ ਗਾਰਡ ਵੀ ਤਾਇਨਾਤ ਕੀਤੇ ਗਏ ਸਨ ਤਾਂ ਜੋ ਕੋਈ ਅਣਹੋਣੀ ਘਟਨਾ ਨਾ ਵਾਪਰ ਜਾਵੇ।

Advertisement

ਹਸਪਤਾਲਾਂ ਵਿੱਚ 580 ਜ਼ਖ਼ਮੀ ਇਲਾਜ ਕਰਵਾਉਣ ਪਹੁੰਚੇ

ਚੰਡੀਗੜ੍ਹ (ਕੁਲਦੀਪ ਸਿੰਘ): ਦੀਵਾਲੀ ਵਾਲੀ ਰਾਤ ਪਟਾਕੇ ਚਲਾਉਂਦੇ ਹੋਏ ਸ਼ਹਿਰ ਵਿੱਚ ਵੱਡੀ ਗਿਣਤੀ ਲੋਕ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਦੀਵਾਲੀ ਵਾਲੀ ਰਾਤ ਚੰਡੀਗੜ੍ਹ ਦੇ ਹਸਪਤਾਲਾਂ ਵਿੱਚ 580 ਜ਼ਖ਼ਮੀ ਇਲਾਜ ਕਰਵਾਉਣ ਲਈ ਪਹੁੰਚੇ। ਇਨ੍ਹਾਂ ਵਿੱਚੋਂ 26 ਜਣੇ ਅੱਖਾਂ ਦੀ ਸੱਟ ਵਾਲੇ ਸਨ। ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੋਣ ਕਰ ਕੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਅੱਗ ਨਾਲ ਝੁਲਸਣ ਦੇ 92 ਅਤੇ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਹੋਣ ਵਾਲੇ 24 ਵਿਅਕਤੀ ਹਸਪਤਾਲ ਪਹੁੰਚੇ।

Advertisement
Author Image

sukhwinder singh

View all posts

Advertisement