ਮਾਛੀਵਾੜਾ ਦਾਣਾ ਮੰਡੀ ਵਿੱਚ ਝੋਨੇ ਦੀ ਅਗੇਤੀ ਕਿਸਮ ਦੀ ਆਮਦ ਸ਼ੁਰੂ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 2 ਸਤੰਬਰ
ਸਥਾਨਕ ਦਾਣਾ ਮੰਡੀ ਵਿੱਚ ਝੋਨੇ ਦੀ ਅਗੇਤੀ ਕਿਸਮ 1509 ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਇਸ ਦਾ ਰੇਟ ਕਾਫ਼ੀ ਘੱਟ ਮਿਲਣ ਕਾਰਨ ਕਿਸਾਨ ਮਾਯੂਸ ਹਨ। ਅੱਜ ਸਮਰਾਲਾ ਦੇ ਕਿਸਾਨ ਗੁਰਜੋਤ ਸਿੰਘ ਦਾਣਾ ਮੰਡੀ ਵਿੱਚ ਸਥਿਤ ਰਾਮਜੀ ਦਾਸ ਸਤਪਾਲ ਦੀ ਆੜ੍ਹਤ ’ਤੇ ਆਪਣੀ ਫਸਲ ਵੇਚਣ ਲਈ ਆਇਆ ਜਿਸ ਨੂੰ ਕਾਹਲੋਂ ਰਾਈਸ ਮਿੱਲ ਨੇ 2551 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੀਤਾ। ਇਸ ਮੌਕੇ ਕਿਸਾਨ ਗੁਰਜੋਤ ਸਿੰਘ ਨੇ ਦੱਸਿਆ ਕਿ ਉਸ ਨੇ ਝੋਨੇ ਦੀ ਅਗੇਤੀ ਕਿਸਮ ਦੀ ਸਿੱਧੀ ਬਿਜਾਈ ਕੀਤੀ ਸੀ ਜਿਸ ਨਾਲ ਪਾਣੀ ਦੀ ਕਾਫ਼ੀ ਬੱਚਤ ਹੋਈ ਪਰ ਇਸ ਵਾਰ ਗਰਮੀ ਜ਼ਿਆਦਾ ਪੈਣ ਕਾਰਨ ਫਸਲ ਦਾ ਝਾੜ ਘੱਟ ਨਿਕਲਿਆ। ਉਸ ਨੇ ਦੱਸਿਆ ਕਿ ਫਸਲ ਦਾ ਘੱਟ ਝਾੜ ਨਿਕਲਣ ਕਾਰਨ ਜਿੱਥੇ ਆਰਥਿਕ ਨੁਕਸਾਨ ਹੋਇਆ ਉੱਥੇ ਹੁਣ ਜਦੋਂ ਮੰਡੀ ਵਿਚ ਫਸਲ ਵੇਚਣ ਆਇਆ ਤਾਂ ਜਿੱਥੇ ਪਿਛਲੇ ਸਾਲ ਬਾਸਮਤੀ ਦਾ ਭਾਅ 3300 ਤੋਂ 3600 ਰੁਪਏ ਸੀ ਜੋ ਇਸ ਵਾਰ 2551 ਰੁਪਏ ਵਿਕੀ ਜਿਸ ਨਾਲ ਉਸ ਨੂੰ ਆਰਥਿਕ ਨੁਕਸਾਨ ਹੋਇਆ।
ਇਸ ਮੌਕੇ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਅਤੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਕਿਹਾ ਕਿ ਬਾਸਮਤੀ ਐਕਸਪੋਰਟ ਕਰਨ ਦੇ ਜੋ ਕੇਂਦਰ ਸਰਕਾਰ ਨੇ ਨਿਯਮ ਬਣਾਏ ਹਨ, ਉਹ ਬਹੁਤ ਗਲਤ ਹਨ ਜਿਸ ਕਾਰਨ ਇਹ ਬਾਹਰਲੇ ਦੇਸ਼ਾਂ ਵਿੱਚ ਨਹੀਂ ਜਾ ਸਕਦੀ ਅਤੇ ਭਾਰਤ ਵਿਚ ਇਸ ਦਾ ਰੇਟ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸ਼ੈੱਲਰ ਉਦਯੋਗ ਤੇ ਕਿਸਾਨਾਂ ਨੂੰ ਬਚਾਉਣ ਲਈ ਐਕਸਪੋਰਟ ਦੇ ਨਿਯਮ ਠੀਕ ਕਰਨੇ ਪੈਣਗੇ ਤਾਂ ਹੀ ਇਹ ਫਸਲ ਮੰਡੀਆਂ ਵਿਚ ਵਾਜਿਬ ਰੇਟ ’ਤੇ ਵਿਕੇਗੀ।
ਆੜ੍ਹਤੀ ਐਸੋਸ਼ੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲਾ ਝੋਨੇ ਦਾ ਸੀਜ਼ਨ ਬਹੁਤ ਮੁਸ਼ਕਿਲਾਂ ਭਰਿਆ ਹੋਵੇਗਾ ਜਿਸ ਦਾ ਸਿੱਧੇ ਤੌਰ ’ਤੇ ਨੁਕਸਾਨ ਕਿਸਾਨਾਂ ਨੂੰ ਵੀ ਹੋਵੇਗਾ। ਇਸ ਤੋਂ ਇਲਾਵਾ ਰਾਈਸ ਮਿੱਲਰ ਵਿਕਰਮ ਲੂਥਰਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਸ਼ੈੱਲਰ ਉਦਯੋਗ ਬੇਹੱਦ ਘਾਟੇ ਵਿੱਚ ਰਿਹਾ ਅਤੇ ਉਪਰੋਂ ਬਰਾਮਦ ਦੇ ਨਿਯਮ ਸਖ਼ਤ ਹੋਣ ਕਾਰਨ ਬਾਸਮਤੀ ਦੇ ਭਾਅ ਵਿੱਚ ਉਛਾਲ ਨਹੀਂ ਆ ਰਿਹਾ ਜਿਸ ਦਾ ਸਿੱਧਾ ਨੁਕਸਾਨ ਸ਼ੈੱਲਰ ਮਾਲਕਾਂ ਤੇ ਕਿਸਾਨਾਂ ਨੂੰ ਹੋ ਰਿਹਾ ਹੈ।