ਹੈਰੋਇਨ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਲਾਡੂਵਾਲ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਦਲਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਕਰਦੇ ਹੋਏ ਪਿੰਡ ਤਲਵੰਡੀ ਕਲਾਂ ਜਾ ਰਹੀ ਸੀ ਤਾਂ ਦੇਖਿਆ ਕਿ ਦੀਦਾਰ ਸਿੰਘ ਵਾਸੀ ਪਿੰਡ ਕਾਹਲੋਂ ਨਵਾਂ ਸ਼ਹਿਰ ਅਤੇ ਚੰਦਨ ਸ਼ਰਮਾ ਰੇਲਵੇ ਪੁਲ ਹੇਠ ਨੇੜੇ ਸਤਲੁਜ ਬੰਨ੍ਹ ਦਰਿਆ ਪਾਸ ਖੜ੍ਹੇ ਸਨ। ਉਹ ਪੁਲੀਸ ਪਾਰਟੀ ਨੂੰ ਦੇਖ ਕੇ ਖਿਸਕਣ ਲੱਗੇ ਤਾਂ ਉਨ੍ਹਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ ਜਿਸ ਦੌਰਾਨ ਉਨ੍ਹਾਂ ਪਾਸੋਂ 15 ਗ੍ਰਾਮ ਹੈਰੋਇਨ, ਇੱਕ ਇਲੈਕਟ੍ਰਾਨਿਕ ਕੰਡਾ ਅਤੇ ਕਾਰ ਬਰਾਮਦ ਹੋਈ। -ਨਿੱਜੀ ਪੱਤਰ ਪ੍ਰੇਰਕ
ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਐਕਸਾਈਜ਼ ਵਿਭਾਗ ਸਰਕਲ ਈਸਟ- 1 ਲੁਧਿਆਣਾ ਦੇ ਇੰਸਪੈਕਟਰ ਵਿਕਰਮ ਭਾਟੀਆ ਨੇ ਪੁਲੀਸ ਪਾਰਟੀ ਨਾਲ ਸ਼ਮਸ਼ਾਨਘਾਟ ਦੀ ਬੈਕਸਾਈਡ ਨੇੜੇ ਕੂੜਾ ਡੰਪ ਗੰਦਾ ਨਾਲਾ ਕੋਲ ਐਕਟਿਵਾ ’ਤੇ ਆਉਂਦੇ ਵਿਜੇ ਕੁਮਾਰ ਵਾਸੀ ਛਾਉਣੀ ਮੁਹੱਲਾ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਤਲਾਸ਼ੀ ਲਈ ਜਿਸ ਕੋਲੋਂ 48 ਬੋਤਲਾਂ ਸ਼ਰਾਬ ਬਰਾਮਦ ਹੋਈ। -ਨਿੱਜੀ ਪੱਤਰ ਪ੍ਰੇਰਕ
ਨਾਬਾਲਗ ਲੜਕੀ ਨੂੰ ਵਰਗਲਾਇਆ
ਲੁਧਿਆਣਾ: ਥਾਣਾ ਸਦਰ ਦੇ ਇਲਾਕੇ ਪਿੰਡ ਦਾਦ ਰਹਿੰਦੀ ਇੱਕ ਨਾਬਾਲਗ ਲੜਕੀ ਨੂੰ ਵਿਆਹ ਦੀ ਨੀਅਤ ਨਾਲ ਇੱਕ ਨੌਜਵਾਨ ਵਰਗਲਾ ਕੇ ਕਿਧਰੇ ਲੈ ਗਿਆ ਹੈ। ਇਸ ਸਬੰਧੀ ਪਿੰਡ ਦਾਦ ਵਾਸੀ ਮਟਰੂ ਨੇ ਦੱਸਿਆ ਕਿ ਲੜਕੀ (12 ਸਾਲ) ਘਰੋਂ ਬਿਨਾਂ ਦੱਸੇ ਕਿਧਰੇ ਚਲੀ ਗਈ ਸੀ। ਉਸਦੀ ਭਾਲ ਕਰਨ ’ਤੇ ਪਤਾ ਲੱਗਾ ਕਿ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਈਸ਼ਾਨ ਵਾਸੀ ਪਿੰਡ ਦਾਦ ਵਰਗਲਾ ਕੇ ਕਿਧਰੇ ਲੈ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ
ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਸਾਹਨੇਵਾਲ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਕ੍ਰਾਈਮ ਬਰਾਂਚ- 1 ਲੁਧਿਆਣਾ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਕਰਦੇ ਹੋਏ ਕਨੇਚ ਕੱਟ ਪੁਲ ਜੀਟੀ ਰੋਡ ਪਾਸ ਪੁੱਜੀ ਤਾਂ ਕ੍ਰਿਸ਼ਨ ਕੁਮਾਰ ਵਾਸੀ ਪਿੰਡ ਮੁਸਤਾਬਾਦ ਜ਼ਿਲ੍ਹਾ ਕਰਨਾਲ ਕਾਰ ਬਲੈਰੋ ਖੜ੍ਹੀ ਕਰ ਕੇ ਵਜ਼ਨਦਾਰ ਪੇਟੀ ਕੱਢ ਰਿਹਾ ਸੀ। ਉਸਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 43,000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। -ਨਿੱਜੀ ਪੱਤਰ ਪ੍ਰੇਰਕ
ਚੋਰੀ ਦੇ ਸਿਲੰਡਰ ਸਮੇਤ ਦੋ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਚੋਰੀ ਦੇ ਸਿਲੰਡਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਸੀਨੀਅਰ ਸਿਟੀਜ਼ਨ ਭਵਨ ਭਾਈ ਰਣਧੀਰ ਸਿੰਘ ਨਗਰ ਮੌਜੂਦ ਸੀ ਕਿ ਸਰਕਾਰੀ ਪ੍ਰਾਇਮਰੀ ਸਕੂਲ 7 ਬਲਾਕ ਦੇ ਈਟੀਟੀ ਅਧਿਆਪਕ ਕੁਲਜਿੰਦਰ ਸਿੰਘ ਨੇ ਇਲਤਾਹ ਦਿੱਤੀ ਕਿ ਸਕੂਲ ਵਿੱਚੋਂ ਕੁੱਝ ਸਿਲੰਡਰ ਅਤੇ ਟੂਟੀਆਂ ਚੋਰੀ ਹੋ ਗਈਆਂ ਹਨ। ਇਸ ’ਤੇ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਤਫਤੀਸ਼ ਦੌਰਾਨ ਕੁਲਵਿੰਦਰ ਸਿੰਘ ਉਰਫ਼ ਬੱਬੂ ਵਾਸੀ ਪਿੰਡ ਝਾਂਡੇ ਅਤੇ ਕੁਲਦੀਪ ਕੁਮਾਰ ਵਾਸੀ ਲਲਤੋਂ ਖੁਰਦ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਦੋ ਸਿਲੰਡਰ ਬਰਾਮਦ ਕੀਤੇ ਗਏ ਹਨ। -ਨਿੱਜੀ ਪੱਤਰ ਪ੍ਰੇਰਕ