ਵੱਡੀ ਮਾਤਰਾ ’ਚ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ
ਗੁਰਿੰਦਰ ਸਿੰਘ
ਲੁਧਿਆਣਾ, 16 ਅਕਤੂਬਰ
ਥਾਣਾ ਸਾਹਨੇਵਾਲ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਛੇ ਸੌ ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਸਬ ਇੰਸਪੈਕਟਰ ਨਰਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਏਸੀਪੀ ਅਸ਼ੋਕ ਕੁਮਾਰ ਦੀ ਹਦਾਇਤ ’ਤੇ ਹੌਲਦਾਰ ਅਨਿਲ ਜੋੜਾ ਦੀ ਅਗਵਾਈ ਹੇਠ ਪੁਲੀਸ ਪਾਰਟੀ ਗਸ਼ਤ ਸਬੰਧੀ ਬਿਹਾਰੀ ਚੌਕ, ਜੁਗਿਆਣਾ ਵਿੱਚ ਨਾਕਾਬੰਦੀ ’ਤੇ ਮੌਜੂਦ ਸੀ ਤਾਂ ਕੁਲਦੀਪ ਸਿੰਘ ਉਰਫ਼ ਹੈਪੀ ਭੱਟ ਉਰਫ਼ ਹੈਪੀ ਮੀਟ ਵਾਲਾ ਵਾਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਚੈਕਿੰਗ ਦੌਰਾਨ ਐਕਟਿਵਾ ’ਤੇ ਆਉਂਦਿਆਂ ਕਾਬੂ ਕਰਕੇ ਉਸ ਪਾਸੋਂ ਇੱਕ ਪੇਟੀ ਡਾਲਰ ਸ਼ਰਾਬ ਬਰਾਮਦ ਕੀਤੀ ਗਈ। ਪੁਲੀਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸਦੀ ਨਿਸ਼ਾਨਦੇਹੀ ’ਤੇ ਪੁਲੀਸ ਪਾਰਟੀ ਨੇ ਰੁਪੇਸ਼ ਕਲੋਨੀ ਏ ਸਟਾਰ ਐਗਰੀਕਲਚਰ ਇੰਡਸਟਰੀ ਵਾਲੀ ਗਲੀ ਸਥਿਤ ਕਮਲ ਕਰਿਆਣਾ ਸਟੋਰ ਜੁਗਿਆਣਾ ਵਿੱਚ ਬਣੇ ਕੁਆਰਟਰਾਂ ਦੇ ਵਿਹੜੇ ਵਿੱਚੋਂ ਲੁਕਾਕੇ ਰੱਖਿਆ ਸ਼ਰਾਬ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਜਿਸ ਵਿੱਚ 24 ਬੋਤਲਾਂ (2 ਪੇਟੀਆਂ) ਵਿਸਕੀ ਚੰਡੀਗੜ੍ਹ, 84 ਬੋਤਲਾਂ (7 ਪੇਟੀਆਂ) ਸ਼ਰਾਬ ਡਾਲਰ ਅਤੇ 480 ਬੋਤਲਾਂ (40 ਪੇਟੀਆਂ) ਸ਼ਰਾਬ ਪੰਜਾਬ ਖਾਸਾ ਸੰਤਰਾ ਦੇਸੀ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਕੂੰਮਕਲਾਂ, ਥਾਣਾ ਸਾਹਨੇਵਾਲ, ਥਾਣਾ ਡਿਵੀਜ਼ਨ ਨੰਬਰ 6 ਅਤੇ ਥਾਣਾ ਡਿਵੀਜ਼ਨ ਨੰਬਰ 2 ਵਿੱਚ ਐਨਡੀਪੀਐਸ ਤਹਿਤ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਉਸਦਾ ਉੱਕਤ ਐਕਟਿਵਾ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ।