ਫਰਜ਼ੀ ਅਧਿਕਾਰੀ ਬਣ ਕੇ ਸਾਢੇ 11 ਲੱਖ ਲੁੱਟਣ ਵਾਲੇ ਗ੍ਰਿਫ਼ਤਾਰ
ਗਗਨਦੀਪ ਅਰੋੜਾ
ਲੁਧਿਆਣਾ, 24 ਜੂਨ
ਅਸਿਸਟੈਂਟ ਕਮਿਸ਼ਨਰ ਆਫ਼ ਪੁਲੀਸ ਤੇ ਆਮਦਨ ਕਰ ਵਿਭਾਗ ਦੇ ਅਧਿਕਾਰੀ ਬਣ ਕੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਵਾਲੇ 2 ਮੁਲਜ਼ਮਾਂ ਨੂੰ ਥਾਣਾ ਸ਼ਿਮਲਾਪੁਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੋਪੀ ਚੰਦ ਉਰਫ਼ ਮਾਨਵ ਤੇ ਕੋਟ ਮੰਗਲ ਸਿੰਘ ਨਗਰ ਵਾਸੀ ਅਮਰੀਕ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਸ਼ਿਮਲਾਪੁਰੀ ਦੇ ਰਹਿਣ ਵਾਲੇ ਭਾਨੂ ਪ੍ਰਤਾਪ ਸਿੰਘ ਨੂੰ ਡਰਾ ਧਮਕਾ ਕੇ ਪੰਜ ਮਹੀਨੇ ‘ਚ ਕਰੀਬ ਸਾਢੇ 11 ਲੱਖ ਰੁਪਏ ਦੀ ਠੱਗੀ ਮਾਰ ਹੈ। ਮੁਲਜ਼ਮਾਂ ਨੇ ਉਸ ਨੂੰ ਲੋਨ ਦਿਵਾਉਣ ਦਾ ਝਾਂਸਾ ਦਿੱਤਾ ਸੀ ਤੇ ਬਾਅਦ ‘ਚ ਇੰਨਾ ਡਰਾ ਦਿੱਤਾ ਕਿ ਉਹ ਆਮਦਨ ਕਰ ਵਿਭਾਗ ‘ਚ ਫਸ ਜਾਵੇਗਾ। ਉਸ ਵਿੱਚੋਂ ਬਚਾਉਣ ਲਈ ਭਾਨੂ ਪ੍ਰਤਾਪ ਨੇ ਮੁਲਜ਼ਮਾਂ ਨੂੰ ਸਾਢੇ 11 ਲੱਖ ਦੇ ਕਰੀਬ ਰੁਪਏ ਦਿੱਤੇ। ਜਦੋਂ ਭਾਨੂ ਪ੍ਰਤਾਪ ਨੂੰ ਸੱਚ ਪਤਾ ਲੱਗਿਆ ਤਾਂ ਉਸ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੇ ਜਨਤਾ ਨਗਰ ਵਾਸੀ ਗੋਪੀ ਚੰਦ ਉਰਫ਼ ਮਾਨਵ ਤੇ ਕੋਟ ਮੰਗਲ ਸਿੰਘ ਨਗਰ ਵਾਸੀ ਅਮਰੀਕ ਸਿੰਘ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲੀਸ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰਨ ‘ਚ ਲੱਗੀ ਹੋਈ ਹੈ। ਜੁਆਇੰਟ ਪੁਲੀਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਭਾਨੂ ਪ੍ਰਤਾਪ ਸਿੰਘ ਲੋਨ ਲੈਣਾ ਚਾਹੁੰਦਾ ਸੀ ਤਾਂ ਉਸਦੀ ਮੁਲਾਕਾਤ ਮੁਲਜ਼ਮ ਗੋਪੀਚੰਦ ਨਾਲ ਹੋਈ। ਮੁਲਜ਼ਮ ਨੇ ਉਸ ਨੂੰ ਇੱਕ ਫੇਕ ਮੈਸੇਜ ਭੇਜ ਦਿੱਤਾ ਤੇ ਕਿਹਾ ਕਿ 97 ਲੱਖ ਰੁਪਏ ਉਸਦੇ ਖਾਤੇ ‘ਚ ਪੁੱਜ ਗਏ ਹਨ। ਮੁਲਜ਼ਮ ਨੇ ਭਾਨੂ ਪ੍ਰਤਾਪ ਦੇ ਮੋਬਾਈਲ ਤੋਂ ਐਪ ਉਡਾ ਦਿੱਤੀ। ਉਸ ਤੋਂ ਬਾਅਦ ਭਾਨੂ ਪ੍ਰਤਾਪ ਨੂੰ ਡਰਾਉਣ ਸ਼ੁਰੂ ਕਰ ਦਿੱਤਾ। ਏਸੀਪੀ ਬਣੇ ਅਮਰੀਕ ਸਿੰਘ ਤੇ ਇਨਕਮ ਟੈਕਸ ਦਾ ਅਧਿਕਾਰੀ ਬਣੇ ਗੋਪੀਚੰਦ ਨੇ ਭਾਨੂੰ ਨੂੰ ਡਰਾ ਧਮਕਾ ਕੇ ਉਸ ਤੋਂ 11 ਲੱਖ ਰੁਪਏ ਠੱਗ ਲਏ।
ਮੁਲਜ਼ਮਾਂ ਨੇ ਕੁਝ ਪੈਸੇ ਖਾਤੇ ‘ਚ ਪੁਆਏ ਤੇ ਕੁਝ ਨਕਦ ਲਏ
ਪੁਲੀਸ ਅਨੁਸਾਰ ਮੁਲਜ਼ਮ ਇੰਨੇ ਚਲਾਕ ਸਨ ਕਿ ਉਨ੍ਹਾਂ ਨੇ ਲੜਕੀ ਦੇ ਨਾਮ ਤੋਂ ਜਾਅਲੀ ਆਈਡੀ ਬਣਾ ਰੱਖੀ ਸੀ। ਸੋਸ਼ਲ ਮੀਡੀਆ ‘ਤੇ ਉਹ ਲੜਕੀ ਬਣ ਲੋਕਾਂ ਨਾਲ ਗੱਲ ਕਰਦੇ ਸਨ। ਉਸ ਤੋਂ ਬਾਅਦ ਮੁਲਜ਼ਮ ਚੈਟਿੰਗ ਦਾ ਸਿਲਸਿਲਾ ਸ਼ੁਰੂ ਕਰ ਦਿੰਦੇ ਸਨ ਤੇ ਲੋਕਾਂ ਤੋਂ ਲੱਖਾਂ ਰੁਪਏ ਠੱਗ ਲੈਂਦੇ ਸਨ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਆਈਟੀ ਤਕਨਾਲੋਜੀ ਦੀ ਵੀ ਗਲਤ ਵਰਤੋਂ ਕੀਤੀ ਹੈ। ਆਨਲਾਈਨ ਟ੍ਰਾਂਸਲੇਸ਼ਨ ਦੀ ਮਦਦ ਨਾਲ ਚਲਾਕ ਠੱਗਾਂ ਨੇ ਅਧਿਕਾਰੀਆਂ ਦੇ ਨਾਮ ‘ਤੇ ਇੱਕ ਚਿੱਠੀ ਤੇ ਮੈਸੇਜ ਬਣਾ ਦਿੱਤੇ। ਪੁਲੀਸ ਅਨੁਸਾਰ ਮੁਲਜ਼ਮਾਂ ਦਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ ਤੇ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨਾਲ ਇੱਕ ਔਰਤ ਵੀ ਸ਼ਾਮਲ ਹੈ। ਜੇਸੀਪੀ ਅਨੁਸਾਰ ਇਸ ਸਾਰੇ ਖੇਡ ਦਾ ਮਾਸਟਰਮਾਈਂਡ ਗੋਪੀਚੰਦ ਹੈ। ਉਸਨੇ ਹੀ ਅਮਰੀਕ ਸਿੰਘ ਨੂੰ ਆਪਣੇ ਨਾਲ ਮਿਲਾ ਕੇ ਇਹ ਧੰਦਾ ਸ਼ੁਰੂ ਕੀਤਾ ਸੀ ਤੇ ਸ਼ਿਕਾਰ ਲੱਭ ਕੇ ਪੈਸੇ ਠੱਗਣੇ ਸ਼ੁਰੂ ਕੀਤੇ ਸਨ। ਮੁਲਜ਼ਮ ਅੱਜ ਕੱਲ੍ਹ ਟੈਕਸੀ ਚਲਾਉਂਦਾ ਸੀ।