ਕਰਿਆਨਾ ਕਾਰੋਬਾਰੀ ਦੇ ਕਤਲ ਦੇ ਦੋਸ਼ ਹੇਠ ਕਾਬੂ
ਹਤਿੰਦਰ ਮਹਿਤਾ
ਜਲੰਧਰ, 27 ਜੂਨ
ਬੀਤੇ ਦਿਨੀਂ ਇਥੋਂ ਦੇ ਬਸਤੀ ਗੂਜਾਂ ਵਿਚ ਹੋਏ ਕਰਿਆਨਾ ਵਪਾਰੀ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਪੁਲੀਸ ਨੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਕੱਲ੍ਹ ਪਰਮਜੀਤ ਅਰੋੜਾ ਬਿੱਲਾ ਨਾਮਕ ਕਰਿਆਨਾ ਵਪਾਰੀ ਦੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਪੁਲੀਸ ਵਲੋਂ ਹਰ ਪਹਲੂ ‘ਤੇ ਜਾਂਚ ਕੀਤੀ ਜਾ ਰਹੀ ਸੀ। ਇਸ ਸਬੰਧ ਵਿਚ ਪੁਲੀਸ ਨੇ ਬਾਬਾ ਬੁਢਾ ਜੀ ਨਗਰ ਨਹਿਰ ਲਾਗੇ ਨਾਕਾ ਲਗਾਇਆ ਹੋਇਆ ਸੀ। ਇੱਕ ਨੌਜਵਾਨ ਜੋ ਕਿ ਪੈਦਲ ਆ ਰਿਹਾ ਸੀ, ਨੇ ਪੁਲੀਸ ਨੂੰ ਦੇਖ ਕੇ ਨਹਿਰ ਵਿਚ ਛਾਲ ਮਾਰ ਦਿੱਤੀ ਜਿਸ ਕਾਰਨ ਉਸ ਦੇ ਗੋਡੇ ‘ਤੇ ਸੱਟ ਲੱਗ ਗਈ। ਪੁਲੀਸ ਨੇ ਸ਼ੱਕ ਦੇ ਅਧਾਰ ‘ਤੇ ਉਸ ਨੂੰ ਕਾਬੂ ਕਰਕੇ ਤੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਸ ਬੀਤੇ ਕੱਲ੍ਹ ਸਵੇਰੇ ਪਰਮਜੀਤ ਅਰੋੜਾ ਦਾ ਕਤਲ ਕੀਤਾ ਸੀ। ਫੜੇ ਗਏ ਨੌਜਵਾਨ ਦੀ ਪਛਾਣ ਲਵਪ੍ਰੀਤ ਉਰਫ ਪ੍ਰੀਤ ਵਾਸੀ ਨੇੜੇ ਸ਼ਿਵ ਮੰਦਰ ਬਸਤੀ ਗੂਜਾਂ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਲਵਪ੍ਰੀਤ ਨੇ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦੀ ਹੈ। ਉਸ ਨੂੰ ਪਤਾ ਸੀ ਕਿ ਪਰਮਜੀਤ ਸਵੇਰੇ ਦੁਕਾਨ ਖੋਲ੍ਹ ਲੈਂਦਾ ਹੈ ਤੇ ਉਸ ਸਮੇਂ ਸੜਕ ‘ਤੇ ਕੋਈ ਨਹੀਂ ਹੁੰਦਾ। ਉਸ ਨੇ ਲੁੱਟ ਦੀ ਨੀਅਤ ਨਾਲ ਉਸ ‘ਤੇ ਹਮਲਾ ਕੀਤਾ ਸੀ ਪਰ ਮ੍ਰਿਤਕ ਪਰਮਜੀਤ ਅਰੋੜਾ ਨੇ ਉਸ ਨੂੰ ਪਛਾਣ ਲਿਆ ਤੇ ਉਸ ਤੋਂ ਬਾਅਦ ਚਾਕੂ ਮਾਰ ਕੇ ਉਸ ਦਾ ਕਤਲ ਕਰਕੇ ਪੈਸੇ ਆਪਣੇ ਨਾਲ ਲੈ ਗਿਆ ਸੀ।