ਗੁਆਂਢੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ
ਨਵੀਂ ਦਿੱਲੀ, 15 ਨਵੰਬਰ
ਬਾਹਰੀ ਉੱਤਰੀ ਦਿੱਲੀ ਵਿੱਚ 42 ਸਾਲਾ ਇੱਕ ਵਿਅਕਤੀ ਨੂੰ ਗੁਆਂਢੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਮੁਲਜ਼ਮ ਦਾ ਆਪਣੀ ਪਤਨੀ ਨਾਲ ਝਗੜਾ ਚਲ ਰਿਹਾ ਸੀ। ਇਸ ਦੌਰਾਨ ਗੁਆਂਢੀ ਵੱਲੋਂ ਉਨ੍ਹਾਂ ਦੇ ਝਗੜੇ ਵਿੱਚ ਸ਼ਾਮਲ ਹੋਣ ’ਤੇ ਮੁਲਜ਼ਮ ਨੇ ਕਥਿਤ ਤੌਰ ’ਤੇ ਗੁਆਂਢੀ ਦੀ ਹੱਤਿਆ ਕਰ ਦਿੱਤੀ। ਪੁਲੀਸ ਅਧਿਕਾਰੀ ਅਨੁਸਾਰ ਇਹ ਘਟਨਾ ਬੁੱਧਵਾਰ ਨੂੰ ਉਸ ਵੇਲੇ ਵਾਪਰੀ ਜਦੋਂ ਮੁਲਜ਼ਮ ਆਪਣੀ ਪਤਨੀ ਨੂੰ ਗਾਲ਼ਾਂ ਕੱਢਦੇ ਹੋਏ, ਉਸ ਦੀ ਕੁੱਟਮਾਰ ਕਰ ਰਿਹਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਦੌਰਾਨ ਇਹ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਧੀਰਜ ਨੇ ਆਪਣੀ ਪਤਨੀ ਨਾਲ ਕਥਿਤ ਦੁਰਵਿਹਾਰ ਕੀਤਾ ਅਤੇ ਉਸ ਦੀ ਕੁੱਟਮਾਰ ਕੀਤੀ। ਇਸ ਦੌਰਾਨ ਗੁਆਂਢੀ ਇਸ ਕਾਰੇ ਨੂੰ ਨਜ਼ਰਅੰਦਾਜ਼ ਨਾ ਕਰ ਸਕਿਆ। ਉਹ ਉਨ੍ਹਾਂ ਦੇ ਝਗੜੇ ਵਿੱਚ ਸ਼ਾਮਲ ਹੋ ਗਿਆ ਅਤੇ ਧੀਰਜ ਨਾਲ ਉਸ ਦੀ ਤਕਰਾਰ ਹੋ ਗਈ। ਰਣ ਸਿੰਘ ਨੇ ਧੀਰਜ ਨੂੰ ਸ਼ਾਂਤ ਹੋਣ ਲਈ ਕਿਹਾ। ਦੋਵਾਂ ਵਿਚ ਹੋਈ ਝੜਪ ਹਿੰਸਾ ਦਾ ਰੂਪ ਧਾਰ ਗਈ। ਇਸ ਦੌਰਾਨ ਧੀਰਜ ਨੇ ਕਥਿਤ ਤੌਰ ’ਤੇ ਲੋਹੇ ਦੀ ਰਾੜ ਰਣ ਸਿੰਘ ਦੇ ਸਿਰ ਵਿੱਚ ਮਾਰੀ। ਇਸ ਕਾਰਨ ਰਣ ਸਿੰਘ ਪੌੜੀਆਂ ਤੋਂ ਹੇਠਾਂ ਡਿੱਗ ਗਿਆ। ਉਸ ਦੇ ਸਿਰ ’ਤੇ ਸੱਟ ਵੱਜੀ। ਮੌਕੇ ’ਤੇ ਪੁੱਜੀ ਪੁਲੀਸ ਨੂੰ ਪੌੜੀਆਂ ’ਤੇ ਖੂਨ ਦੇ ਧੱਬੇ ਵੀ ਮਿਲੇ। ਰਣ ਸਿੰਘ ਨੂੰ ਉਸ ਦੇ ਪਰਿਵਾਰਕ ਮੈਂਬਰ ਬੀਜੇਆਰਐੱਮ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। -ਪੀਟੀਆਈ