ਲੜਕੀ ਦੀ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 4 ਅਗਸਤ
ਥਾਣਾ ਸਦਰ ਦੇ ਪਿੰਡ ਚੀਮਨਾ ’ਚ ਇੱਕ ਨੌਜਵਾਨ ਵੱਲੋਂ ਬੀਤੇ ਕੱਲ੍ਹ ਇੱਕ ਲੜਕੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਵਾਰਦਾਤ ਮਗਰੋਂ ਮੁਲਜ਼ਮ ਲੜਕੀ ਦਾ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਿਆ, ਜਿਸ ਨੂੰ ਪੁਲੀਸ ਨੇ ਚਾਰ ਘੰਟਿਆਂ ਮਗਰੋਂ ਹੀ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਤੇ ਐੱਸਪੀ ਮਨਵਿੰਦਰਬੀਰ ਸਿੰਘ ਨੇ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਡੀਐੱਸਪੀ ਸਤਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਸਬ-ਇੰਸਪੈਕਟਰ ਅਮਰਜੀਤ ਸਿੰਘ ਦੀ ਟੀਮ ਨੇ ਇਸ ਕੇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੁਲਝਾ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਰਕੀਰਤ ਸਿੰਘ ਉਰਫ ਕੀਰਤ ਦੀ ਉਕਤ ਲੜਕੀ ਗੁਰਮਨਜੋਤ ਕੌਰ ਨਾਲ ਕਰੀਬ ਤਿੰਨ ਸਾਲ ਪਹਿਲਾਂ ਸਨੈਪਚੈੱਟ ਰਾਹੀਂ ਮੁਲਾਕਾਤ ਹੋਈ ਸੀ। ਬੀਤੇ ਕੱਲ੍ਹ ਗੁਰਕੀਰਤ ਲੜਕੀ ਦੇ ਘਰ ਚਲਾ ਗਿਆ, ਜਿਥੇ ਦੋਵਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਤੈਸ਼ ’ਚ ਆਏ ਗੁਰਕੀਰਤ ਨੇ ਚਾਕੂ ਨਾਲ ਗੁਰਮਨਜੋਤ ਦੀ ਗਰਦਨ ’ਤੇ ਕਈ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲੀਸ ਨੇ ਮੁਲਜ਼ਮ ਨੂੰ ਪਿੰਡ ਚੌਕੀਮਾਨ ਦੇ ਬੱਸ ਸਟੈਂਡ ਤੋਂ ਮੋਬਾਈਲ ਲੋਕੇਸ਼ਨਾਂ ਟਰੇਸ ਕਰਦਿਆਂ ਗ੍ਰਿਫਤਾਰ ਕਰ ਲਿਆ।