ਗਹਿਣੇ ਤੇ ਨਕਦੀ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਫਰੀਦਾਬਾਦ, 27 ਜੁਲਾਈ
ਸੈਕਟਰ-9 ਥਾਣਾ ਪੁਲੀਸ ਵੱਲੋਂ ਘਰ ਵਿੱਚੋਂ ਅੱਠ ਲੱਖ ਰੁਪਏ ਦੇ ਗਹਿਣੇ ਤੇ ਇੱਕ ਲੱਖ 20 ਹਜ਼ਾਰ ਰੁਪਏ ਨਗਦ ਚੋਰੀ ਕਰਨ ਵਾਲੀ ਘਰੇਲੂ ਨੌਕਰਾਣੀ ਤੇ ਉਸ ਦੇ ਪਤੀ, ਪੁੱਤਰ ਨੂੰ ਗ੍ਰਿਫ਼ਤਾਰ ਕਰਕੇ 70 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਸੈਕਟਰ-9 ਦੇ ਰਹਿਣ ਵਾਲੇ ਇੰਦਰਜੀਤ ਨੇ ਰਿਪੋਰਟ ਲਿਖਾਈ ਸੀ ਕਿ ਘਰ ਦੀ ਨੌਕਰਾਣੀ ਚੋਰੀ ਕਰਕੇ ਫਰਾਰ ਹੋ ਗਈ। ਸ਼ਿਕਾਇਤ ਮੁਤਾਬਕ ਨੌਕਰਾਣੀ ਨੇ ਖਾਣੇ ਵਿੱਚ ਨਸ਼ੀਲੀ ਚੀਜ਼ ਮਿਲਾ ਕੇ ਪਰਿਵਾਰ ਨੂੰ ਖਿਲਾ ਦਿੱਤੀ ਤੇ ਬੇਹੋਸ਼ੀ ਦੀ ਹਾਲਤ ਵਿੱਚ ਉਹ ਉਕਤ ਸਮਾਨ ਲੈ ਕੇ ਫ਼ਰਾਰ ਹੋ ਗਈ। ਪੁਲੀਸ ਨੇ ਛਾਪੇਮਾਰੀ ਜਾਰੀ ਰੱਖੀ। ਬੀਤੇ ਦਨਿ ਪਤਾ ਲੱਗਾ ਕਿ ਉਹ ਦਿੱਲੀ ਦੇ ਪ੍ਰਹਿਲਾਦਪੁਰ ਇਲਾਕੇ ਵਿਚ ਹੈ ਜਿੱਥੋਂ ਉਹ ਗ੍ਰਿਫ਼ਤਾਰ ਕਰ ਲਈ ਗਈ। ਨਾਲ ਹੀ ਪੁੱਤਰ ਤੇ ਪਤੀ ਵੀ ਕਾਬੂ ਆ ਗਏ। ਉਨ੍ਹਾਂ ਦਿੱਲੀ ਵਿੱਚ ਹੀ ੩ ਠਿਕਾਣੇ ਬਦਲੀ ਕੀਤੇ। ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਨੌਕਰਾਣੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਜਦੋਂ ਕਿ ਪੁੱਤਰ ਤੇ ਪਤੀ ਨੂੰ ਇਕ ਦਨਿ ਦੇ ਰਿਮਾਂਡ ਉਪਰ ਪੁਲੀਸ ਦੇ ਹਵਾਲੇ ਕੀਤਾ ਗਿਆ। ਪੁਲੀਸ ਵੱਲੋਂ ਹੋਰ ਚੋਰੀਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਵੀ ਜਾਰੀ ਸੀ।