ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਫਰੀਦਾਬਾਦ, 26 ਜੁਲਾਈ
ਸਥਾਨਕ ਪੁਲੀਸ ਵਿੱਚ ਤਾਇਨਾਤ ਐਸਪੀਓ ਮੋਹਨ ਲਾਲ ਦੇ ਕਤਲ ਮਾਮਲੇ ਵਿੱਚ ਪੁਲੀਸ ਨੇ ਸੂਰਜਕੁੰਡ ਥਾਣੇ ਵਿੱਚ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਬੀਤੀ ਰਾਤ 9 ਵਜੇ ਦੇ ਕਰੀਬ ਇਕ ਨੌਜਵਾਨ ਸੰਤੋਸ਼ ਨਸ਼ਾ ਕਰਕੇ ਸੂਰਜਕੁੰਡ ਚੌਕ ਘੁੰਮ ਰਿਹਾ ਸੀ ਜਿਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਐਸਪੀਓ ਮੋਹਨ ਲਾਲ ਨੇ ਨੌਜਵਾਨ ਨੂੰ ਇਸ ਹਰਕਤ ਤੋਂ ਵਰਜਿਆ ਪਰ ਉਹ ਨਹੀਂ ਮੰਨਿਆ ਸਗੋਂ ਨੇੜੇ ਹੀ ਪਈ ਇੰਟਰਲਾਕ ਟਾਈਲ ਮੋਹਨ ਲਾਲ ਦੇ ਸਿਰ ਵਿੱਚ ਮਾਰ ਦਿੱਤੀ। ਰਾਹਗੀਰਾਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਤੁਰੰਤ ਮੋਹਨ ਲਾਲ ਨੂੰ ਇਲਾਜ ਲਈ ਚਾਰਮਵੁੱਡ ਵਿਲੇਜ ਦੇ ਸੁਪਰੀਮ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੀਸੀਟੀਵੀ ਫੁਟੇਜ਼ ਤੋਂ ਮੁਲਜ਼ਮ ਦੀ ਪਛਾਣ ਕੀਤੀ ਗਈ ਤੇ ਅੱਜ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਰੀਜ਼ ਵੱਲੋਂ ਡਾਕਟਰ ’ਤੇ ਚਾਕੂ ਨਾਲ ਹਮਲਾ
ਨਵੀਂ ਦਿੱਲੀ: ਇੱਥੇ ਸਰ ਗੰਗਾ ਰਾਮ ਹਸਪਤਾਲ ਵਿੱਚ ਮਰੀਜ਼ ਵੱਲੋਂ ਇਕ ਸੀਨੀਅਰ ਡਾਕਟਰ ’ਤੇ ਚਾਕੂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਦੀ ਪਛਾਣ ਰਾਜ ਕੁਮਾਰ ਵਾਸੀ ਬਿਹਾਰ ਵਜੋਂ ਹੋਈ ਹੈ, ਜਿਸ ਨੇ ਆਪਣੇ ਜੇਬ੍ਹ ਵਿੱਚ ਚਾਕੂ ਲੁਕਾ ਕੇ ਰੱਖਿਆ ਹੋਇਆ ਸੀ। ਪੁਲੀਸ ਅਨੁਸਾਰ 21 ਸਾਲਾਂ ਦੇ ਮਰੀਜ਼ ਦਾ ਇਲਾਜ ਨਿਊਰੋਲੋਜੀ ਵਿਭਾਗ ਦੇ ਮੁਖੀ ਡਾ. ਸਤਨਾਮ ਸਿੰਘ ਛਾਬੜਾ ਦੀ ਨਿਗਰਾਨੀ ਹੇਠ ਸਰ ਗੰਗਾ ਰਾਮ ਹਸਪਤਾਲ ‘ਚ ਚੱਲ ਰਿਹਾ ਹੈ| ਕੱਲ੍ਹ ਮਰੀਜ਼ ਨੇ ਸਲਾਹ ਲਈ ਡਾਕਟਰ ਛਾਬੜਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਅਚਾਨਕ ਗੱਲਬਾਤ ਦੌਰਾਨ ਮਰੀਜ਼ ਭੜਕ ਗਿਆ ਤੇ ਉਸ ਨੇ ਆਪਣੀ ਜੇਬ ‘ਚੋਂ ਛੁਪਾ ਕੇ ਰੱਖੇ ਚਾਕੂ ਨਾਲ ਡਾਕਟਰ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਸੁਰੱਖਿਆ ਕਰਮਚਾਰੀਆਂ ਦੇ ਦਖਲ ਕਾਰਨ ਡਾਕਟਰ ਦੇ ਜ਼ਿਆਦਾ ਸੱਟਾਂ ਨਹੀਂ ਲੱਗੀਆਂ। ਮਰੀਜ਼ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਘਟਨਾ ‘ਚ ਸਰਜਨ ਦੇ ਅੰਗੂਠੇ ‘ਤੇ ਮਾਮੂਲੀ ਸੱਟ ਲੱਗੀ ਹੈ। ਉਨ੍ਹਾਂ ਦੱਸਿਆ ਕਿ ਸਰਜਨ ਦੀ ਸ਼ਿਕਾਇਤ ‘ਤੇ ਮਰੀਜ਼ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ