ਘਰ ਦੀ ਭੰਨ੍ਹ-ਤੋੜ ਕਰਨ ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਕਾਬੂ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਅਕਤੂਬਰ
ਥਾਣਾ ਫੋਕਲ ਪੁਆਇੰਟ ਦੇ ਇਲਾਕੇ ਸਿਕਰੀ ਚੌਕ ਸਥਿਤ ਕ੍ਰਿਸ਼ਨਾ ਮਾਰਕੀਟ ਦੁਰਗਾ ਕਾਲੋਨੀ ਵਿੱਚ ਹਥਿਆਰਾਂ ਨਾਲ ਲੈਸ ਕੁੱਝ ਵਿਅਕਤੀਆਂ ਨੇ ਇੱਕ ਘਰ ’ਤੇ ਹਮਲਾ ਕਰ ਕੇ ਭੰਨ੍ਹ-ਤੋੜ ਕੀਤੀ ਅਤੇ ਇਸ ਮਗਰੋਂ ਫਾਈਰਿੰਗ ਵੀ ਕੀਤੀ। ਇਸ ਸਬੰਧ ਵਿੱਚ ਪੁਲੀਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਗੋਬਿੰਦਾ ਉਰਫ਼ ਗੋਬਿੰਦ ਬਿਰਲਾ ਵਾਸੀ ਸਰਕਾਰੀ ਕੁਆਟਰ ਫੇਸ-7 ਫੋਕਲ ਪੁਆਇੰਟ ਨੇ ਦੱਸਿਆ ਕਿ ਰਾਤ ਨੂੰ ਉਸ ਦੇ ਘਰ ਦੇ ਬਾਹਰ ਕੁਝ ਨੌਜਵਾਨਾਂ ਨੇ ਗੇਟ ਭੰਨ੍ਹਿਆ ਤੇ ਲਲਕਾਰੇ ਵੀ ਮਾਰੇ। ਇਸ ਮਗਰੋਂ ਉਸ ਨੇ ਛੱਤ ’ਤੇ ਚੜ੍ਹ ਕੇ ਦੇਖਿਆ ਤਾਂ ਉਕਤ ਲੜਕਿਆਂ ਨੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਚੁੱਕੇ ਹੋਏ ਸਨ ਤੇ ਉਹ ਉਸ ਦਾ ਨਾਂ ਲੈ ਕੇ ਲਲਕਾਰੇ ਮਾਰ ਰਹੇ ਸਨ। ਉਕਤ ਲੜਕਿਆਂ ਨੇ ਉਸ ਦੇ ਗੇਟ ਦੀ ਭੰਨ੍ਹ-ਤੋੜ ਕੀਤੀ ਅਤੇ ਮਗਰੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਘਰ ਵੱਲ ਫਾਇਰ ਕਰਕੇ ਫਰਾਰ ਹੋ ਗਏ। ਪੁਲੀਸ ਨੇ ਪੀਤੀ ਵਾਸੀ ਪਿੰਡ ਅਖਾੜਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਉਸ ਦੇ ਸਾਥੀਆਂ ਪਿੰਡ ਗੋਬਿੰਦਗੜ ਵਾਸੀਅਨ ਆਸ਼ੂ, ਸ਼ੁਭਮ ਤੇ ਦੀਪ ਦੀ ਭਾਲ ਕੀਤੀ ਜਾ ਰਹੀ ਹੈ।
ਕੁੱਟਮਾਰ ਦੇ ਦੋਸ਼ ਹੇਠ ਅੱਠ ਖ਼ਿਲਾਫ਼ ਕੇਸ ਦਰਜ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਟਿੱਬਾ ਦੀ ਪੁਲੀਸ ਨੇ ਅੱਠ ਵਿਅਕਤੀਆਂ ਖ਼ਿਲਾਫ਼ ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਸਬੰਧੀ ਨਿਊ ਪੁਨੀਤ ਨਗਰ ਥਾਣਾ ਟਿੱਬਾ ਵਾਸੀ ਸਤਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਨਾਲ ਉਸ ਦੀ ਰੇਹੜੀ ’ਤੇ ਮੌਜੂਦ ਸੀ ਤਾਂ ਪਾਰਸ ਵਾਸੀ ਸਮਰਾਲਾ ਚੌਕ, ਦੀਪੂ ਵਾਸੀ ਨਿਊ ਪੁਨੀਤ ਨਗਰ, ਮੱਖਣ ਵਾਸੀ ਜਗੀਰਪੁਰ ਅਤੇ ਸੋਨੂੰ ਵਾਸੀ ਅੰਮ੍ਰਿਤਸਰ ਸਮੇਤ 3-4 ਅਣਪਛਾਤੇ ਲੜਕਿਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।