ਕਰੋੜਾਂ ਰੁਪਏ ਦੀ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 3 ਜਨਵਰੀ
ਜ਼ਿਲ੍ਹਾ ਪੁਲੀਸ ਦੀ ਸਪੈਸ਼ਲ ਡਿਟੇਕਟਿਵ ਸੈੱਲ ਦੀ ਟੀਮ ਨੇ ਖਾਦੀ ਗਰਾਮ ਉਦਯੋਗ ਦਾ ਚੇਅਰਮੈਨ ਬਣਾਉਣ ਦੇ ਨਾਂ ’ਤੇ ਕਰੀਬ 1.5 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਚੈਨ ਸਿੰਘ ਗੌਤਮ ਵਾਸੀ ਰਤਪੁਰਾ ਕਲੋਨੀ ਪਿੰਜੌਰ ਜ਼ਿਲ੍ਹਾ ਪੰਚਕੂਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਹਰਬੀਰ ਸਿੰਘ ਵਾਸੀ ਰਤਨ ਗੜ੍ਹ ਥਾਣਾ ਸ਼ਾਹਬਾਦ ਨੇ ਸ਼ਿਕਾਇਤ ਦਿੱਤੀ ਕਿ ਉਸ ਦਾ ਕਰਨਾਲ ਵਾਸੀ ਰੋਸ਼ਨ ਸ਼ਰਮਾ ਦੇ ਘਰ ਆਉਣਾ ਜਾਣਾ ਸੀ, ਜਿਸ ਨੂੰ ਉਸ ਨੇ ਕਿਹਾ ਕਿ ਉਹ ਉਸ ਨੂੰ ਹਰਿਆਣਾ ਸਰਕਾਰ ਵਿਚ ਖਾਦੀ ਗਰਾਮ ਉਦਯੋਗ ਦਾ ਚੇਅਰਮੈਨ ਤੇ ਹਰਿਆਣਾ ਸਰਕਾਰ ਵਿਚ ਆਰਓ ਸਿਸਟਮ ਦਾ ਟੈਂਡਰ ਦਿਵਾ ਦੇਵੇਗਾ ਤੇ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਵੀ ਉਸ ਦੀ ਮੁਲਾਕਾਤ ਕਰਵਾ ਦੇਵੇਗਾ। ਇਸ ’ਤੇ ਰੋਸ਼ਨ ਸ਼ਰਮਾ ਨੇ ਸ਼ਾਹਬਾਦ ਦੇ ਅਮਨ ਹੋਟਲ ਵਿਚ ਉਸ ਦੀ ਮੁਲਾਕਾਤ ਬਾਰੂ ਰਾਮ, ਚੈਨ ਸਿੰਘ ਗੌਤਮ, ਮੀਨਾ ਦੇਵੀ ਤੇ ਉਮੇਸ਼ ਕੁਮਾਰ ਨਾਲ ਕਰਵਾਈ। ਚੈਨ ਗੌਤਮ ਨੇ ਖੁਦ ਨੂੰ ਚੀਫ ਅੰਡਰ ਸੈਕਟਰੀ ਹਰਿਆਣਾ ਸਰਕਾਰ ਦੱਸਿਆ, ਜਿਸ ਨੇ ਖਾਦੀ ਗਰਾਮ ਉਦਯੋਗ ਦੀ ਚੇਅਰਮੈਨੀ ਲਈ ਦੋ ਕਰੋੜ ਰੁਪਏ ਤੇ ਹਰਿਆਣਾ ਆਰਓ ਵਾਟਰ ਸਿਸਟਮ ਟੈਂਡਰ ਲਈ 75 ਲੱਖ ਰੁਪਏ ਟੋਕਨ ਮਨੀ ਦੇ ਰੂਪ ਵਿਚ ਐਡਵਾਂਸ ਦੇਣ ਦੀ ਮੰਗ ਕੀਤੀ। ਉਸ ਨੇ ਉਨ੍ਹਾਂ ’ਤੇ ਭਰੋਸਾ ਕਰ ਕੇ ਵੱਖ-ਵੱਖ ਤਰੀਕਾਂ ਵਿਚ 1.5 ਕਰੋੜ ਰੁਪਏ ਦੇ ਦਿੱਤੇ। 3 ਨਵੰਬਰ 2023 ਨੂੰ ਸਪੈਸ਼ਲ ਡਿਟੈਕਟਿਵ ਸੈੱਲ ਕੁਰੂਕਸ਼ੇਤਰ ਦੇ ਇੰਚਾਰਜ ਏਐੱਸਆਈ ਰੇਸ਼ਮ ਸਿੰਘ ਦੀ ਟੀਮ ਨੇ ਉਮੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਸੀ। ਸਪੈਸ਼ਲ ਡਿਟੈਕਟਿਵ ਟੀਮ ਨੇ 31 ਦਸੰਬਰ ਨੂੰ ਉਕਤ ਮਾਮਲੇ ’ਚ ਚੈਨ ਸਿੰਘ ਗੌਤਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।