ਠੱਗੀ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 20 ਦਸੰਬਰ
ਪੁਲੀਸ ਦੇ ਸਾਈਬਰ ਥਾਣੇ ਦੀ ਇਕ ਟੀਮ ਨੇ ਕ੍ਰੈਡਿਟ ਕਾਰਡ ਦਾ ਲਾਲਚ ਦੇ ਕੇ ਕਰੀਬ 85 ਹਜ਼ਾਰ ਰੁਪਏ ਦੀ ਸਾਈਬਰ ਠੱਗੀ ਮਾਰਨ ਦੇ ਇਲਜ਼ਾਮ ’ਚ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਈਬਰ ਕ੍ਰਾਈਮ ਥਾਣੇ ਦੇ ਇੰਚਾਰਜ ਸਬ ਇੰਸਪੈਕਟਰ ਸੁਭਾਸ਼ ਚੰਦਰ ਨੇ ਦੱਸਿਆ ਕਿ 30 ਨਵੰਬਰ 2023 ਨੂੰ ਇਕ ਮਹਿਲਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਰੈਡਿਟ ਕਾਰਡ ਦਾ ਲਾਲਚ ਦੇ ਕੇ ਕੁਝ ਲੋਕਾਂ ਨੇ ਉਸ ਦੇ ਅਕਾਉਂਟ ਵਿਚੋਂ 85100 ਰੁਪਏ ਦੀ ਠੱਗੀ ਮਾਰ ਲਈ ਹੈ। ਪੀੜਤ ਔਰਤ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਇਕ ਮੁਲਜ਼ਮ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਅਸ਼ਵਨੀ ਪੁੱਤਰ ਨਵੀਨ ਕੁਮਾਰ ਵਾਸੀ ਐਨਆਈਏ ਰਘੁਵੀਰ ਨਗਰ ਡੀਡੀਏ ਮਾਰਕੀਟ ਟੈਗੋਰ ਗਾਰਡਨ, ਦਿੱਲੀ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗਾ ਤਾਂ ਜੋ ਇਸ ਮਾਮਲੇ ’ਚ ਸ਼ਾਮਲ ਹੋਰ ਮੁਲਜ਼ਮਾਂ ਦਾ ਪਤਾ ਲਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜੋ ਵੀ ਇਸ ਧੋਖਾਧੜੀ ਦੇ ਮਾਮਲੇ ’ਚ ਸ਼ਾਮਲ ਪਾਇਆ ਗਿਆ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।