ਪ੍ਰਾਈਵੇਟ ਸਕੂਲ ਵਿੱਚ ਡੰਮੀ ਬੰਬ ਸੁੱਟਣ ਵਾਲਾ ਗ੍ਰਿਫ਼ਤਾਰ
ਸਰਬਜੀਤ ਭੰਗੂ
ਪਟਿਆਲਾ, 9 ਦਸੰਬਰ
ਤ੍ਰਿਪੜੀ ਸਥਿਤ ਇੱਕ ਪ੍ਰਮੁੱਖ ਪ੍ਰਾਈਵੇਟ ਸਕੂਲ ਨੂੰ ਬੰਬ ਨਾਲ ਉਡਾਉਣ ਅਤੇ ਇੱਥੋਂ ਦੇ ਅਧਿਆਪਕਾਂ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਜਾਨੋਂ ਮਾਰਨ ਦੀ ਧਮਕੀ ’ਤੇ ਆਧਾਰਤ ਪੱਤਰ ਸਮੇਤ ਡੰਮੀ ਬੰਬ ਸੁੱਟਣ ਦੀ ਵਾਪਰੀ ਘਟਨਾ ਦਾ ਸੁਰਾਗ ਲਾਉਂਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਮਸਲੇ ਨੂੰ ਹੱਲ ਕਰਨ ’ਚ ਡੀਐੱਸਪੀ ਸਿਟੀ- 2 ਜਸਵਿੰਦਰ ਸਿੰਘ ਟਿਵਾਣਾ ਅਤੇ ਥਾਣਾ ਤ੍ਰਿਪੜੀ ਦੇ ਮੁਖੀ ਇੰਸਪੈਕਟਰ ਪਰਦੀਪ ਬਾਜਵਾ ਨੇ ਅਹਿਮ ਭੂਮਿਕਾ ਨਿਭਾਈ। ਇੱਥੇ ਐੱਸਪੀ ਸਿਟੀ ਸਰਫਰਾਜ ਆਲਮ ਅਤੇ ਡੀਐੱਸਪੀ ਸਿਟੀ- 2 ਜਸਵਿੰਦਰ ਟਿਵਾਣਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮ ਦੀ ਪਛਾਣ ਜਗਮੀਤ ਸਿੰਘ ਵਾਸੀ ਆਨੰਦ ਨਗਰ ਐਕਸਟੈਨਸ਼ਨ ਪਟਿਆਲਾ ਵਜੋਂ ਹੋਈ ਹੈ। ਇਸ ਘਟਨਾਕ੍ਰਮ ਦੌਰਾਨ ਕਥਿਤ ਤੌਰ ’ਤੇ ‘ਖਾਲਿਸਤਾਨੀ ਪ੍ਰਾਪੇਗੰਡੇ’ ਦਾ ਵੀ ਸਹਾਰਾ ਲਿਆ ਗਿਆ ਹੈ।
ਇੰਸਪੈਕਟਰ ਪਰਦੀਪ ਬਾਜਵਾ ਨੇ ਦੱਸਿਆ ਕਿ ਮੁਲਜ਼ਮ ਖਿਲਾਫ਼ ਅ/ਧ 121-ਏ ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਉਸ ਦਾ ਫੋਨ ਫੌਰੈਂਸਿਕ ਜਾਂਚ ਲਈ ਚੰਡੀਗੜ੍ਹ ਸਥਿਤ ਸੂਬਾਈ ਲੈਬਾਰਟਰੀ ’ਚ ਭੇਜ ਦਿੱਤਾ ਗਿਆ ਹੈ। ਉਸ ਦਾ ਪੁਲੀਸ ਰਿਮਾਂਡ ਲੈ ਕੇ ਪੁੱਛਗਿੱੱਛ ਕੀਤੀ ਜਾ ਰਹੀ ਹੈ
ਦੱਸਣਯੋਗ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪ੍ਰਬੰਧਕਾਂ ਨੂੰ ਪੱਤਰ ਭੇਜ ਕੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਦੌਰਾਨ ਇੱਕ ਡੁਪਲੀਕੇਟ/ਡੰਮੀ ਬੰਬ ਵੀ ਸਕੂਲ ਗਰਾਊਂਡ ਵਿੱਚੋਂ ਮਿਲਿਆ। ਇਤਲਾਹ ਮਿਲਣ ’ਤੇ ਐੱਸਪੀ ਸਰਫਰਾਜ਼ ਆਲਮ, ਡੀਐੱਸਪੀ ਜਸਵਿੰਦਰ ਟਿਵਾਣਾ ਤੇ ਇੰਸਪੈਕਟਰ ਪਰਦੀਪ ਬਾਜਵਾ ਤੇ ਹੋਰਾਂ ਨੇ ‘ਐਟੀ-ਸਾਬੋਟੇਜ਼ ਟੀਮ’ ਸਮੇਤ ਸਕੂਲ ’ਚ ਪਹੁੰਚ ਕੇ ਤਹਿਕੀਕਾਤ ਕੀਤੀ। ਇਸ ਦੌਰਾਨ ਸੀਸੀਟੀਵੀ ਕੈਮਰਿਆਂ ਦੀ ਛਾਣਬੀਣ ਵੀ ਕੀਤੀ ਗਈ। ਤਕਨੀਕੀ ਆਧਾਰ ’ਤੇ ਕੀਤੀ ਗਈ ਇਸ ਜਾਂਚ ਪੜਤਾਲ ਦੌਰਾਨ ਆਖਰ ਪੁਲੀਸ ਟੀਮ ਨੇ ਇਸ ਮਸਲੇ ਨਾਲ ਨਜਿੱਠ ਲਿਆ।