ਕਲੀਨਿਕ ਦੇ ਜਿੰਦਰੇ ਤੋੜ ਕੇ ਸੱਤ ਲੱਖ ਚੋਰੀ ਕਰਨ ਵਾਲਾ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਜੁਲਾਈ
ਵਰਿੰਦਾਵਨ ਰੋਡ ਸਥਿਤ ਜੱਗੀ ਹੋਮਿਓਪੈਥਿਕ ਕਲੀਨਿਕ ’ਤੇ ਕੁਝ ਦਿਨ ਪਹਿਲਾਂ ਜਿੰਦਰੇ ਤੋੜ ਕੇ ਸੱਤ ਲੱਖ ਰੁਪਏ ਚੋਰੀ ਕਰਨ ਦੇ ਮਾਮਲੇ ’ਚ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲੀਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੇ ਕਬਜ਼ੇ ’ਚੋਂ ਚੋਰੀ ਕੀਤੀ ਰਕਮ ’ਚੋਂ ਬਚੇ 3.44 ਲੱਖ ਰੁਪਏ ਬਰਾਮਦ ਹੋਏ ਹਨ। ਨਾਲ ਦੀ ਨਾਲ ਵਾਰਦਾਤ ਲਈ ਵਰਤੀ ਗਈ ਐਕਟਿਵਾ ਵੀ ਮਿਲੀ ਹੈ। ਮੁਲਜ਼ਮ ਦੀ ਪਛਾਣ ਜਲੰਧਰ ਦੇ ਬਾਬਾ ਕਾਨ ਦਾਸ ਨਗਰ ਵਾਸੀ ਜਸਰਾਜ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ ਦੋ ਰੋਜ਼ਾ ਰਿਮਾਂਡ ’ਤੇ ਲੈ ਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।
ਏਡੀਸੀਪੀ-3 ਸ਼ੁਭਮ ਅਗਰਵਾਲ ਨੇ ਦੱਸਿਆ ਕਿ ਕਿਚਲੂ ਨਗਰ ਸਥਿਤ ਬਲਾਕ-1 ’ਚ ਰਹਿਣ ਵਾਲੇ ਜੱਗੀ ਹੋਮਿਓਪੈਥਿਕ ਕਲੀਨਿਕ ਦੇ ਮਾਲਕ ਡਾ. ਸੁਰਜੀਤ ਸਿੰਘ ਜੱਗੀ ਨੇ ਸ਼ਿਕਾਇਤ ਦਿੱਤੀ ਸੀ ਕਿ 28 ਜੂਨ ਨੂੰ ਉਹ ਕਲੀਨਿਕ ਬੰਦ ਕਰ ਕੇ ਕਿਸੇ ਕੰਮ ਲਈ ਗਏ ਸਨ। ਪਿਛੋਂ ਕਿਸੇ ਨੇ ਜਿੰਦਰੇ ਤੋੜ ਕੇ ਅੰਦਰੋਂ ਸੱਤ ਲੱਖ ਦੀ ਨਗਦੀ ਚੋਰੀ ਕਰ ਲਈ ਸੀ। ਇਸ ਤੋਂ ਬਾਅਦ ਪੁਲੀਸ ਨੇ ਇਸ ਮਾਮਲੇ ’ਚ ਕਈ ਪਹਿਲੂਆਂ ਤੋਂ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਮੁਲਜ਼ਮ ਜਸਰਾਜ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਉਸ ਦੇ ਕਬਜ਼ੇ ’ਚੋਂ ਨਗਦੀ ਬਰਾਮਦ ਕਰ ਲਈ। ਪੁਲੀਸ ਅਨੁਸਾਰ ਮੁਲਜ਼ਮ ਖ਼ਿਲਾਫ਼ ਜਲੰਧਰ ਦੇ ਥਾਣੇ ’ਚ ਵੀ ਚੋਰੀ ਦਾ ਕੇਸ ਦਰਜ ਹੈ। ਮੁਲਜ਼ਮ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ। ਪੁਲੀਸ ਮੁਲਜ਼ਮ ਤੋਂ ਪੁੱਛ-ਪੜਤਾਲ ਕਰ ਕੇ ਪਤਾ ਲਾਉਣ ’ਚ ਲੱਗੀ ਹੋਈ ਹੈ ਕਿ ਉਸ ਨਾਲ ਚੋਰੀ ਦੀ ਵਾਰਦਾਤ ’ਚ ਹੋਰ ਕੌਣ ਸ਼ਾਮਲ ਹੈ।