ਰਾਹਗੀਰਾਂ ਨੂੰ ਲੁੱਟਣ ਵਾਲਾ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਅਕਤੂਬਰ
ਚੋਰੀ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਤੇਜ਼ਧਾਰ ਹਥਿਆਰ ਦਿਖਾ ਰਾਹਗੀਰਾਂ ਨੂੰ ਲੁੱਟਣ ਵਾਲੇ ਮੁਲਜ਼ਮ ਨੂੰ ਐਂਟੀ-ਨਾਰਕੋਟਿਕਸ ਸੈੱਲ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਸ਼ਿਮਲਾਪੁਰੀ ਇਲਾਕੇ ’ਚ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ। ਮੁਲਜ਼ਮ ਦੇ ਕਬਜ਼ੇ ’ਚੋਂ ਪੁਲੀਸ ਨੇ ਚੋਰੀ ਦਾ ਮੋਟਰਸਾਈਕਲ ਅਤੇ ਤਿੰਨ ਵੱਖ-ਵੱਖ ਕੰਪਨੀਆਂ ਦੇ ਚੋਰੀਸ਼ੁਦਾ ਮੋਬਾਈਲ ਬਰਾਮਦ ਕੀਤੇ ਹਨ। ਇਸ ਮਾਮਲੇ ਵਿੱਚ ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੇ ਗੁਰਪ੍ਰੀਤ ਸਿੰਘ ਉਰਫ਼ ਪਲਟੂ ਵਾਸੀ ਮੁਹੱਲਾ ਪ੍ਰੀਤ ਨਗਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਜਦੋਂ ਪੁਲੀਸ ਟੀਮ ਸ਼ਿਮਲਾਪੁਰੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਕਿ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਇਸ ਸਮੇਂ ਇਲਾਕੇ ਵਿੱਚ ਲੁੱਟ-ਖੋਹ ਦੀ ਯੋਜਨਾ ਬਣਾ ਰਿਹਾ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਮੁਲਜ਼ਮ ਨੇ ਸ਼ਿਮਲਾਪੁਰੀ ਇਲਾਕੇ ਤੋਂ ਹੀ ਮੋਟਰਸਾਈਕਲ ਚੋਰੀ ਕੀਤਾ ਸੀ ਅਤੇ ਉਸ ’ਤੇ ਸਵਾਰ ਹੋ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਮੁਲਜ਼ਮ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਚੋਰੀ ਅਤੇ ਲੁੱਟ-ਖੋਹ ਦੇ ਕਰੀਬ 10 ਕੇਸ ਦਰਜ ਹਨ। ਉਹ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਹੈ।