ਜਬਰ-ਜਨਾਹ ਮਗਰੋਂ ਨਾਬਾਲਗ ਦੀ ਹੱਤਿਆ ਕਰਨ ਵਾਲਾ ਗ੍ਰਿਫ਼ਤਾਰ
ਖੇਤਰੀ ਪ੍ਰਤੀਨਿਧ
ਪਟਿਆਲਾ, 13 ਜੁਲਾਈ
ਪਾਤੜਾਂ ਸ਼ਹਿਰ ਵਿੱਚ ਕੱਲ੍ਹ ਅੱਠਵੀਂ ਜਮਾਤ ’ਚ ਪੜ੍ਹਦੀ ਨਾਬਾਲਗ ਬੱਚੀ ਨਾਲ ਜਬਰ-ਜਨਾਹ ਕਰਨ ਮਗਰੋਂ ਉਸ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਲੜਕੇ ਨੂੰ ਅੱਜ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸਾਢੇ ਅਠਾਰਾਂ ਸਾਲਾ ਗੁਰਪ੍ਰੀਤ ਸਿੰਘ ਕਾਕਾ ਵਾਸੀ ਵਾਲਮੀਕ ਧਰਮਸ਼ਾਲਾ ਪਾਤੜਾਂ ਵਜੋਂ ਹੋਈ ਹੈ। ਇਹ ਜਾਣਕਾਰੀ ਅੱਜ ਇਥੇ ਪੁਲੀਸ ਲਾਈਨ ਪਟਿਆਲਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਐੱਸਐਸਪੀ ਵਰੁਣ ਸ਼ਰਮਾ ਨੇ ਦਿੱਤੀ ਹੈ। ਉੁਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਿਸ ਸਕੂਲ ਵਿਚ ਇਹ ਬੱਚੀ ਪੜ੍ਹਦੀ ਸੀ, ਉਸੇ ਸਕੂਲ ’ਚੋਂ ਉਕਤ ਮੁਲਜ਼ਮ ਨੇ ਦਸਵੀਂ ਪਾਸ ਕੀਤੀ ਹੈ। ਹੁਣ ਉਹ ਆਈਟੀਆਈ ਪਾਤੜਾਂ ਵਿੱਚ ਪੜ੍ਹ ਰਿਹਾ ਸੀ। ਪੁਲੀਸ ਮੁਤਾਬਕ ਇਹ ਨੌਜਵਾਨ ਲੜਕੀ ’ਤੇ ਮਾੜੀ ਨਿਗਾਹ ਰੱਖਦਾ ਸੀ।
ਉਨ੍ਹਾਂ ਦੱਸਿਆ ਕਿ 12 ਜੁਲਾਈ ਸ਼ਾਮੀ ਸੱਤ ਕੁ ਵਜੇ ਜਦੋਂ ਇਹ ਬੱਚੀ ਘਰੋਂ ਦੁੱਧ ਲੈਣ ਗਈ ਤਾਂ ਉਹ ਉਸ ਨੂੰ ਜਬਰਦਸਤੀ ਪਾਤੜਾਂ ਵਿਚਲੇ ਐਲੀਮੈਂਟਰੀ ਸਕੂਲ ਵਿੱਚ ਲੈ ਗਿਆ। ਉਥੇ ਉਸ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਮੁਲਜ਼ਮ ਨੇ ਲੜਕੀ ਦੀ ਹੱਤਿਆ ਕਰ ਦਿੱਤੀ। ਕਤਲ ਲਈ ਵਰਤੇ ਗਏ ਤਰੀਕੇ ਦੀ ਅਸਲੀਅਤ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ ਪਰ ਮੁੱਢਲੀ ਜਾਂਚ ’ਚ ਦੇਖਿਆ ਗਿਆ ਹੈ ਕਿ ਮੁਲਜ਼ਮ ਵੱਲੋਂ ਲੜਕੀ ਦਾ ਗਲਾ ਘੋਟਿਆ ਗਿਆ ਤੇ ਉਸ ਦੇ ਚਿਹਰੇ, ਮੱਥੇ ਅਤੇ ਸਿਰ ਵਿਚ ਇੱਟਾਂ ਦੇ ਕਈ ਵਾਰ ਕੀਤੇ ਗਏ ਹਨ।
ਵਾਰਦਾਤ ਕਰਨ ਤੋਂ ਬਾਅਦ ਮੁਲਜ਼ਮ ਫਰਾਰ ਸੀ, ਜਿਸ ਨੂੰ ਅੱਜ ਸੀਆਈਏ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ, ਥਾਣਾ ਪਾਤੜਾਂ ਦੇ ਮੁਖੀ ਇੰਸਪੈਕਟਰ ਹਰਮਨਪ੍ਰੀਤ ਚੀਮਾ ਤੇ ਹੋਰ ਮੁਲਾਜ਼ਮਾਂ ਨੇ ਕਾਬੂ ਕੀਤਾ ਹੈ। ਐੱਸਪੀ ਅਪਰੇਸ਼ਨ ਸੌਰਵ ਜਿੰਦਲ ਨੇ ਦੱਸਿਆ ਕਿ ਮੁਲਜ਼ਮ ਦਾ ਪੁਲੀਸ ਰਿਮਾਂਡ ਲਿਆ ਜਾ ਰਿਹਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐੱਸਪੀ ਇਨਵੈਸ਼ਟੀਗੇਸ਼ਨ ਹਰਬੀਰ ਸਿੰਘ ਅਟਵਾਲ ਸਮੇਤ ਹੋਰ ਵੀ ਮੌਜੂਦ ਸਨ। ਪੁਲੀਸ ਨੇ ਕਾਬੂ ਕੀਤਾ ਮੁਲਜ਼ਮ ਵੀ ਮੀਡੀਆ ਦੇ ਸਨਮੁੱਖ ਕੀਤਾ ਹੈ।