ਧੋਖਾਧੜੀ ਨਾਲ 71 ਲੱਖ ਰੁਪਏ ਠੱਗਣ ਵਾਲਾ ਗਿ੍ਰਫ਼ਤਾਰ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 23 ਨਵੰਬਰ
ਜ਼ਿਲ੍ਹਾ ਪੁਲੀਸ ਨੇ ਪ੍ਰਾਫਿਟਮਾਰਟ ਕੰਪਨੀ ਦੇ ਨਾਂ ’ਤੇ ਕਰੀਬ 71 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਲਾਡਵਾ ਦੀ ਪੁਲੀਸ ਵੱਲੋਂ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਮੰਗਲਵੀਰ ਵਾਸੀ ਲਾਡਵਾ ਵਜੋਂ ਹੋਈ ਹੈ। ਪੁਲੀਸ ਅਨੁਸਾਰ ਇਕਬਾਲ ਅਲੀ ਵਾਸੀ ਵਿਕਾਸ ਨਗਰ ਲਾਡਵਾ ਨੇ ਦੱਸਿਆ ਕਿ ਉਸ ਦੀ ਹਿਨੌਰੀ ਰੋਡ ’ਤੇ ਦੁਕਾਨ ਹੈ ਅਤੇ ਉਹ ਆਨਲਾਈਨ ਵਪਾਰ ਵੀ ਕਰਦਾ ਹੈ।
ਕਸ਼ਮੀਰੀ ਲਾਲ ਨੇ ਮੰਗਲਵੀਰ ਨਾਲ ਜਾਣ ਪਛਾਣ ਕਰਾਈ ਅਤੇ ਕਿਹਾ ਕਿ ਉਹ ਇੱਕਠੇ ਪ੍ਰਾਫਿਟਮਾਰਟ ਕੰਪਨੀ ਵਿਚ ਕੰਮ ਕਰਦੇ ਹਨ ਤੇ ਇਸ ਦੀ ਫਰੈਂਚਆਇਜ਼ੀ ਵੀ ਲਈ ਹੈ। ਜੋ ਕਿ ਪੂਨੇ ਦੀ ਮਸ਼ਹੂਰ ਕੰਪਨੀ ਹੈ ਜਿਸ ਵਿਚ ਪੈਸੇ ਲਾ ਕੇ 15 ਫੀਸਦੀ ਮਹੀਨਾ ਮੁਨਾਫਾ ਹੁੰਦਾ ਹੈ। ਉਸ ਨੇ ਲਾਲਚ ਵਿਚ ਆਕੇ ਆਪਣਾ ਆਧਾਰ ਕਾਰਡ ਤੇ ਹੋਰ ਦਸਤਾਵੇਜ਼ ਦੇ ਕੇ ਕੰਪਨੀ ਵਿਚ ਖਾਤਾ ਖੁੱਲ੍ਹਵਾਇਆ। ਉਸ ਨੇ ਵੱਖ ਵੱਖ ਤਰੀਕਾਂ ਵਿਚ 71 ਲੱਖ ਰੁਪਏ ਜਮ੍ਹਾਂ ਕਰਾਏ ਜਦ ਉਸ ਨੇ ਪੈਸੇ ਕਢਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਇਸ ਤੋਂ ਟਾਲਾ ਵੱਟਦੇ ਰਹੇ। ਪੈਸੇ ਮੰਗਣ ’ਤੇ ਉਹ ਉਸ ਨੂੰ ਕਹਿੰਦੇ ਹਨ ਕਿ ਜੇ ਉਨ੍ਹਾਂ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਉਹ ਉਸ ਦੇ ਪਰਿਵਾਰ ਨੂੰ ਝੂਠੇ ਕੇਸਾਂ ਵਿਚ ਫਸਾ ਦੇਣਗੇ। ਇਸ ਦੀ ਸ਼ਿਕਾਇਤ ਉਸ ਨੇ ਥਾਣਾ ਲਾਡਵਾ ਪੁਲੀਸ ਨੂੰ ਕੀਤੀ। ਪੁਲੀਸ ਨੇ ਠੱਗੀ ਮਾਰਨ ਦੇ ਦੋਸ਼ ਵਿਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਕੋਲੋਂ 2 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪੁਲੀਸ ਅਨੁਸਾਰ ਮੁਲਜ਼ਮ ਦਾ ਅਦਾਲਤ ਤੋਂ ਰਿਮਾਂਡ ਲੈ ਕੇ ਹੋਰ ਪੁੱਛ-ਪੜਤਾਲ ਕੀਤੀ ਜਾਵੇਗੀ। ਪੁੱਛ-ਪੜਤਾਲ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨਾਲ ਧੋਖਾਧੜੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।